ਮਾਂ-ਖੇਡ ਕਬੱਡੀ ਨੂੰ ਜਿੰਦ-ਜਾਨ ਸਮਝਣ ਵਾਲਾ, ਚੰਨਾ ਆਲਮਗੀਰ
ਪੰਜਾਬੀਆਂ ਦੀ ਮਸ਼ਹੂਰ ਮਾਂ ਖੇਡ ਕਬੱਡੀ ਦਾ ਬੋਲਬਾਲਾ ਅੱਜ ਸਾਰੀ ਦੁਨੀਆਂ ਵਿੱਚ ਹੈ, ਪੰਜਾਬੀਆਂ ਵੱਲੋਂ ਸ਼ੌਂਕ ਲਈ ਖੇਡੀ ਜਾਂਦੀ ਰਹੀ ਖੇਡ ਕਬੱਡੀ ਨੇ ਅਨੇਕਾਂ ਖਿਡਾਰੀਆਂ ਦੀ ਗਰੀਬੀ ਦੂਰ ਕੀਤੀ ਹੈ। ਪਿੰਡਾਂ ਵਿੱਚ ਖੇਡੀ ਜਾਣ ਵਾਲੀ ਖੇਡ ਕਬੱਡੀ ਦੀ ਬਦੌਲਤ ਬਹੁਤ ਖਿਡਾਰੀਆਂ ਨੇ ਸਾਈਕਲ ਤੋਂ ਜਹਾਜ਼ਾਂ ਤੱਕ ਦਾ ਸਫਰ ਤੈਅ ਕਰਕੇ ਵੱਡੇ ਮੁਕਾਮ ਹਾਸਲ ਕੀਤੇ ਹਨ।
ਪਰ ਏਦਾਂ ਦੇ ਲੋਕ ਬਹੁਤ ਘੱਟ ਹਨ ਜਿਨ੍ਹਾਂ ਨੇ ਕਬੱਡੀ ਤੋਂ ਖੱਟੀ ਦੌਲਤੋ-ਸ਼ੋਹਰਤ ਮਾਂ ਖੇਡ ਨੂੰ ਸਮਰਪਿਤ ਕੀਤੀ ਹੈ, ਮਾਂ ਖੇਡ ਵਿੱਚੋਂ ਨਾਂਅ ਖੱਟਣ ਤੋਂ ਬਾਅਦ ਆਪਣਾ ਸਭ ਕੁਝ ਕਬੱਡੀ ਤੋਂ ਵਾਰਨ ਵਾਲਿਆਂ ਨੂੰ ਅਸੀਂ ਵਾਰਿਸ ਕਬੱਡੀ ਦੇ ਜਾਂ ਕਬੱਡੀ ਦੇ ਸ਼ੁਦਾਈ ਕਹਿ ਸਕਦੇ ਹਾਂ। ਏਦਾਂ ਦੀ ਇੱਕ ਸ਼ਖਸੀਅਤ ਦਾ ਨਾਂਅ ਹੈ ਸਾਬਕਾ ਕਬੱਡੀ ਖਿਡਾਰੀ ਚੰਨਾ ਆਲਮਗੀਰ।
ਚੰਨੇ ਦਾ ਜਨਮ ਪਿੰਡ ਆਲਮਗੀਰ (ਲੁਧਿਆਣਾ) ਦੇ ਇੱਕ ਆਮ ਪਰਿਵਾਰ ਵਿੱਚ ਸ. ਭਜਨ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ। ਬਚਪਨ ਵਿਚ ਹੀ ਆਪਣੇ ਪਿੰਡ ਦੇ ਗਰਾਊਂਡ ਵਿੱਚ ਖਿਡਾਰੀਆਂ ਨੂੰ ਪ੍ਰੈਕਟਿਸ ਕਰਦੇ ਦੇਖ ਕਬੱਡੀ ਵੱਲ ਪ੍ਰੇਰਿਤ ਹੋਏ ਚੰਨੇ ਨੇ ਜੱਸੋਵਾਲ ਦੇ ਕਬੱਡੀ ਕੱਪ ਤੋਂ ਸੁਰੂਆਤ ਕੀਤੀ ਤੇ ਆਪਣੀ ਸਖ਼ਤ ਮਿਹਨਤ ਨਾਲ ਬਹੁਤ ਘੱਟ ਸਮੇਂ ਵਿੱਚ ਹੀ ਕਬੱਡੀ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ, ਉਹਨਾਂ ਦਿਨਾ ਵਿੱਚ 62 ਕਿੱਲੋ ਕਬੱਡੀ ਦੇ ਆਲ ਓਪਨ ਮੈਚ ਹੋਇਆ ਕਰਦੇ ਸਨ, ਚੰਨੇ ਨੇ ਇਨ੍ਹਾਂ ਮੈਚਾਂ ’ਚ ਕਮਾਲ ਦਾ ਪ੍ਰਦਰਸ਼ਨ ਕੀਤਾ।
ਪਰ ਇਸੇ ਦੌਰਾਨ ਇੱਕ ਦਿਨ ਪਿੰਡ ਫੁੱਲਾਂਵਾਲ ਵਿੱਚ ਮੈਚ ਖੇਡਦਿਆਂ ਉਸ ਦੀ ਲੱਤ ਟੁੱਟ ਗਈ, ਜਿਸ ਕਾਰਨ ਸਾਲ-ਡੇਢ ਸਾਲ ਉਹਨਾਂ ਨੂੰ ਮੈਦਾਨ ਤੋਂ ਦੂਰ ਰਹਿਣਾ ਪਿਆ, ਇਸ ਸਮੇਂ ਦੌਰਾਨ ਪਹਿਲਵਾਨ ਅਮਰੀਕ ਸਿੰਘ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖ ਹਰ ਪੱਖ ਤੋਂ ਬਹੁਤ ਮੱਦਦ ਕੀਤੀ, ਸੱਟ ਤੋਂ ਉਭਰਨ ਤੋਂ ਬਾਅਦ ਚੰਨਾ ਆਲਮਗੀਰ ਨੇ ਕੋਠੇ ਗੁਰੂ (ਬਠਿੰਡਾ) ਤੋਂ ਮੈਦਾਨਾਂ ਵਿੱਚ ਵਾਪਸੀ ਕੀਤੀ, ਅਤੇ ਆਪਣੇ ਪਹਿਲੇ ਮੈਚ ਵਿੱਚ ਹੀ ਹਰਿਆਣਾ ਦੀ ਟੀਮ ਦੇ ਤਕੜੇ ਰੇਡਰਾਂ ਨੂੰ ਅੱਠ ਜੱਫੇ ਲਾ ਕੇ ਧਮਾਕੇਦਾਰ ਵਾਪਸੀ ਕੀਤੀ। ਉਸ ਵੇਲੇ ਸਾਰੀਆਂ ਟੀਮਾਂ ਵਿੱਚ ਬਹੁਤ ਤਕੜੇ ਤੇ ਭਾਰੇ ਧਾਵੀ ਹੁੰਦੇ ਸਨ, ਆਲ ਓਪਨ ਦੇ ਹੁੰਦੇ ਮੈਚਾਂ ਵਿੱਚ ਲਗਾਤਾਰ ਲਾਏ ਜੱਫਿਆਂ ਦੀ ਝੜੀ ਨਾਲ ਹਰ ਪਾਸੇ ਚੰਨਾ-ਚੰਨਾ ਹੋਣ ਲੱਗੀ।
ਸੰਨ 1993 ਵਿੱਚ ਫਤਿਹਗੜ੍ਹ ਸਿਕਰੀ ਨੇੜੇ ਨੜਾਲਾ (ਜਿਲ੍ਹਾ ਕਪੂਰਥਲਾ) ਵਿਖੇ ਸ਼ਿਵਦੇਵ ਸਿੰਘ ਨੇ ਛੇ ਟੀਮਾਂ ਪੰਜਾਬ ਰਾਜ ਬਿਜਲੀ ਬੋਰਡ, ਪੰਜਾਬ ਪੁਲਿਸ, ਪੈਪਸੂ, ਚੰਡੀਗੜ੍ਹ, ਪੰਜਾਬ, ਮੰਡੀਕਰਨ ਦੇ ਮੈਚ ਕਰਵਾਏ ਤੇ ਇਸ ਚੈਂਪੀਅਨਸਪਿ ਵਿੱਚ ਮਹਿਲ ਸਿੰਘ ਭਲੂਰ ਜੋ ਕਿ ਉਸ ਸਮੇਂ ਪੰਜਾਬ ਪੁਲਿਸ ਦੇ ਡੀਜੀਪੀ ਸਨ ਉਨ੍ਹਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ,
ਉਨ੍ਹਾਂ ਨੇ ਬਾਈ ਚੰਨਾ ਆਲਮਗੀਰ ਦੀ ਸ਼ਾਨਦਾਰ ਖੇਡ ਦੇ ਸਦਕਾ ਡੀ. ਜੀ. ਪੀ. ਮਹਿਲ ਸਿੰਘ ਭਲੂਰ ਨੇ ਚੰਨੇ ਬਾਈ ਨੂੰ ਇਸ ਦਿਨ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ। ਚੰਨਾ ਆਲਮਗੀਰ ਨੇ ਤਰਕੀਬਨ ਦਸ-ਬਾਰਾਂ ਸਾਲ ਦੇਸ਼-ਵਿਦੇਸ਼ ਵਿਚ ਆਪਣੀ ਖੇਡ ਦੇ ਸ਼ਾਨਦਾਰ ਜੋਹਰ ਵਿਖਾਏ। ਜੇਕਰ ਵਿਦੇਸ਼ ਖੇਡਣ ਦੀ ਗੱਲ ਕਰੀਏ ਤਾ ਚੰਨਾ ਆਲਮਗੀਰ 1993 ਵਿੱਚ ਸੁਰਜਨ ਸਿੰਘ ਚੱਠਾ ਦੀ ਬਦੌਲਤ ਇੰਗਲੈਂਡ ਖੇਡਣ ਗਏ, ਤੇ ਬਾਅਦ ਵਿਚ ਅਮਰੀਕਾ, ਕੈਨੇਡਾ ਦੀ ਧਰਤੀ ’ਤੇ ਵੀ ਆਪਣੀ ਖੇਡ ਦੇ ਜੋਹਰ ਵਿਖਾਏ।
ਚੰਨਾ ਆਲਮਗੀਰ ਆਉਣ ਵਾਲੇ ਭਵਿੱਖ ਵਿੱਚ ਕੁੱਝ ਹੋਰ ਵੱਡਾ ਕਰਨ ਦੀ ਸੋਚ ਨਾਲ 1996 ’ਚ ਅਮਰੀਕਾ ਚਲਾ ਗਿਆ, ਤੇ ਉੱਥੇ ਜਾ ਕੇ ਸਖਤ ਮਿਹਨਤ ਦੇ ਬਲਬੂਤੇ ਆਪਣਾ ਕਾਰੋਬਾਰ ਸੈੱਟ ਕਰਕੇ ਪਿਛਲੇ ਦੋ ਦਹਾਕਿਆਂ ਤੋਂ ਕਬੱਡੀ ਨੂੰ ਪ੍ਰਮੋਟ ਕਰਨ ਲੱਗਾ ਹੋਇਆ ਹੈ, ਹੁਣ ਤੱਕ ਬਾਈ ਨੇ ਅਨੇਕਾਂ ਖਿਡਾਰੀਆਂ ਦੇ ਵੀਜੇ ਲਵਾਏ ਹਨ। ਚੰਨਾ ਆਲਮਗੀਰ ਇੱਕ ਚੰਗਾ ਇਨਸਾਨ, ਖਿਡਾਰੀ, ਪਰਮੋਟਰ ਹੋਣ ਦੇ ਨਾਲ-ਨਾਲ ਇੱਕ ਬਹੁਤ ਵਧੀਆ ਲਿਖਾਰੀ ਵੀ ਹੈ, ਕਬੱਡੀ ਮੈਦਾਨਾਂ ਵਿੱਚ ਅਕਸਰ ਬੁਲਾਰੇ ਉਹਨਾਂ ਦੇ ਲਿਖੇ ਬਾਕਮਾਲ ਸ਼ੇਅਰ ਬੋਲਦੇ ਨਜ਼ਰ ਆਉਂਦੇ ਹਨ।
ਚੰਨਾ ਆਲਮਗੀਰ ਬਾਈ ਬਹੁਤ ਹੀ ਮਿਲਣਸਾਰ, ਸਭ ਦਾ ਦਿਲੋਂ ਸਤਿਕਾਰ ਕਰਨ ਵਾਲਾ ਤੇ ਹੱਸਮੁੱਖ ਸੁਭਾਅ ਦਾ ਇਨਸਾਨ ਹੈ, ਤੇ ਅੱਜ-ਕੱਲ ਆਪਣੇ ਪਰਿਵਾਰ ਸਮੇਤ ਸਿਆਟਲ (ਅਮਰੀਕਾ) ਦਾ ਪੱਕਾ ਵਸਨੀਕ ਹੈ। ਬਾਈ ਦੇ ਪਰਿਵਾਰ ਵਿੱਚ ਉਹਨਾਂ ਦੀ ਧਰਮਪਤਨੀ ਸ੍ਰੀਮਤੀ ਮਨਦੀਸ਼ ਕੌਰ, ਦੋ ਪੁੱਤਰ ਅਵੀ ਸਿੰਘ ਤੇ ਨਵਦੀਪ ਸਿੰਘ ਨਵੀ ਤੇ ਇੱਕ ਬੇਟੀ ਹੈ, ਬਾਈ ਦਾ ਪੁੱਤਰ ਨਵਦੀਪ ਸਿੰਘ ਨਵੀ ਬਹੁਤ ਵਧੀਆ ਵੇਟਲਿਫਟਰ ਹੈ ਤੇ ਅਮਰੀਕਾ ’ਚ ਵੇਟ ਲਿਫਟਿੰਗ ’ਚ ਗੋਲਡ ਮੈਡਲ ਲਿਸਟ ਹੈ।
ਚੰਨਾ ਆਲਮਗੀਰ ਬਾਈ ਕਬੱਡੀ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵਧ-ਚੜ੍ਹ ਕੇ ਹਿੱਸਾ ਪਾਉਂਦੇ ਰਹਿੰਦੇ ਹਨ ਜਿਵੇਂ ਗਰੀਬ ਕੁੜੀਆਂ ਦੇ ਵਿਆਹ ਕਰਨੇ, ਕਿਸੇ ਲੋੜਵੰਦ ਦਾ ਮਕਾਨ ਪਾ ਕੇ ਦੇਣਾ, ਕਿਸੇ ਲੋੜਵੰਦ ਨੂੰ ਰਾਸ਼ਨ ਪਹੁੰਚਦਾ ਕਰਨ ਵਿੱਚ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ, ਸੇਵਾ ਕਰਨਾ ਤੇ ਗੁਰਬਾਣੀ ਸੁਣਨਾ ਉਹਨਾਂ ਦੀ ਜਿੰਦਗੀ ਦਾ ਹਿੱਸਾ ਹੈ। ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਬਾਈ ਜੀ ’ਤੇ ਮਿਹਰ ਭਰਿਆ ਹੱਥ ਰੱਖਣ, ਵੀਰ ਇਸੇ ਤਰ੍ਹਾਂ ਮਾਂ ਖੇਡ ਕਬੱਡੀ ਦੀ ਸੇਵਾ ਕਰਦੇ ਰਹਿਣ।
ਦਰਸ਼ਨ ਗਿੱਲ ਦੁਤਾਲ (ਪਾਤੜਾਂ)
ਮੋ. 99880-32249
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ