ਸਿੱਖਿਆ ਵਿਭਾਗ ਵੱਲੋਂ ‘ਰਾਸ਼ਟਰੀ ਪ੍ਰਾਪਤੀ ਸਰਵੇਖਣ-2021’ ਸਬੰਧੀ ਜ਼ਰੂਰੀ ਹਦਾਇਤਾਂ ਜਾਰੀ
ਕੁਲਵੰਤ ਕੋਟਲੀ, ਮੋਹਾਲੀ। ਸਿੱਖਿਆ ਵਿਭਾਗ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਧੀਨ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕਿ੍ਰਸਨ ਕੁਮਾਰ ਦੀ ਯੋਗ ਅਗਵਾਈ ਅਧੀਨ ਨਵੰਬਰ ਮਹੀਨੇ ਵਿੱਚ ਭਾਰਤ ਸਰਕਾਰ ਦੁਆਰਾ ਕਰਵਾਏ ਜਾਣ ਵਾਲੇ ‘ਕੌਮੀ ਪ੍ਰਾਪਤੀ ਸਰਵੇਖਣ-2021‘ (ਨੈਸ) ਲਈ ਤਿਆਰੀਆਂ ਪੂਰੇ ਜ਼ੋਰਾਂ ’ਤੇ ਹਨ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਕੀ ਪ੍ਰੀਖਿਆਵਾਂ ਦੀ ਤਰ੍ਹਾਂ ਇਸ ਸਰਵੇਖਣ ਤਹਿਤ 12 ਨਵੰਬਰ 2021 ਨੂੰ ਕਰਵਾਈ ਜਾਣ ਵਾਲੀ ਪ੍ਰੀਖਿਆ ਵਿੱਚ ਵੀ ਪੰਜਾਬ ਦੇ ਵਿਦਿਆਰਥੀਆਂ ਦੀ ਉੱਤਮ ਕਾਰਗੁਜ਼ਾਰੀ ਪ੍ਰਾਪਤ ਕਰਨ ਲਈ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ। ਇਸ ਸਬੰਧੀ ਵਿਭਾਗ ਵੱਲੋਂ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਮੇਂ-ਸਮੇਂ ‘ਤੇ ਪ੍ਰਾਪਤ ਹੋਏ ਸੁਝਾਵਾਂ ਨੂੰ ਘੋਖ ਕੇ ਨੈਸ ਪ੍ਰੀਖਿਆ ਸਬੰਧੀ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ।
ਇਹਨਾਂ ਹਦਾਇਤਾਂ ਅਨੁਸਾਰ ਇਸ ਪ੍ਰੀਖਿਆ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ । ਇਸ ਲਈ ਵਿਦਿਆਰਥੀਆਂ ਨੂੰ ਸਾਰੇ ਪ੍ਰਸ਼ਨ ਹੱਲ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਵਿਦਿਆਰਥੀਆਂ ਨੂੰ ਇਸ ਗੱਲ ਪ੍ਰਤੀ ਸੁਚੇਤ ਕੀਤਾ ਜਾਵੇ ਕਿ ਨਿਰਧਾਰਿਤ ਸਮਾਂ ਸੀਮਾ ਨੂੰ ਧਿਆਨ ’ਚ ਰੱਖਦਿਆਂ ਔਖੇ ਪ੍ਰਸ਼ਨਾਂ ’ਤੇ ਜ਼ਿਆਦਾ ਸਮਾਂ ਨਾ ਲਗਾਇਆ ਜਾਵੇ। ਇਸ ਤੋਂ ਇਲਾਵਾ ਬੀ. ਐਨ. ਓ ਵੱਲੋਂ ਅੱਠਵੀਂ ਅਤੇ ਦਸਵੀਂ ਜਮਾਤ ਦੇ ਇੰਚਾਰਜ ਅਧਿਆਪਕਾਂ ਦੇ ਵਟਸਐਪ ਗਰੁੱਪ ਬਣਾ ਕੇ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਕੇ ਉਹਨਾਂ ਨੂੰ ਵਿਦਿਆਰਥੀਆਂ ਨੂੰ ਪ੍ਰੀਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਕਿਹਾ ਜਾਵੇ।
ਪ੍ਰੀਖਿਆ ਦੌਰਾਨ ਵਰਤੀ ਜਾਣ ਲਈ ਓ. ਐੱਮ. ਆਰ ਸੀਟ ਦਾ ਵੱਧ ਤੋਂ ਵੱਧ ਅਭਿਆਸ ਕਰਵਾਇਆ ਜਾਵੇ। ਵਿਦਿਆਰਥੀਆਂ ਨੂੰ 2017 ਦੀ ਨੈਸ ਪ੍ਰੀਖਿਆ ਦੇ ਤਰਜ਼ ’ਤੇ ਪ੍ਰਸ਼ਨ ਪੱਤਰ ਲਿਖਵਾ ਕੇ ਟੈਸਟ ਲਿਆ ਜਾਵੇ। ਹਰੇਕ ਮਹੀਨੇ ਵਿਦਿਆਰਥੀਆਂ ਦਾ ਆਫ਼ਲਾਈਨ ਮੌਕ ਟੈਸਟ ਵੀ ਲਿਆ ਜਾਵੇ। ਪ੍ਰੀਖਿਆ ਸਬੰਧੀ ਹਦਾਇਤਾਂ ਦੇ ਫਲੈਕਸ ਤਿਆਰ ਕਰਵਾ ਕੇ ਸਕੂਲ ਕੈਂਪਸ ’ਚ ਲਗਵਾਏ ਜਾਣ। ਮੁੱਖ ਦਫ਼ਤਰ ਵੱਲੋਂ ਪ੍ਰੀਖਿਆ ਸਬੰਧੀ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਅਨੁਸਾਰ ਹੀ ਵਿਦਿਆਰਥੀਆਂ ਨੂੰ ਨੈਸ ਪ੍ਰੀਖਿਆ ਲਈ ਤਿਆਰੀ ਕਰਵਾਉਣ ਲਈ ਕਿਹਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ