ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਪੁਲਿਸ ਨੂੰ ਸੁਣਾਈ ਖਰੀਆਂ ਖਰੀਆਂ, ਕਾਂਗਰਸੀਆਂ ਨਾਲ ਮਿਲ ਗਈ ਐ ਪੁਲਿਸ
ਕਿਹਾ, ਐਸਐਸਪੀ ਅਸ਼ਵਨੀ ਕਪੂਰ ਨਹੀਂ ਐ ਡਿਊਟੀ ਲਈ ਫਿੱਟ, ਹਮਲਾ ਕਰਨ ਵਾਲੇ ਨੂੰ ਰੋਕਣ ਦੀ ਥਾਂ ਰੋਕਦਾ ਰਿਹਾ ਸਾਨੂੰ
ਕਾਂਗਰਸੀ ਅਤੇ ਆਪ ਵਰਕਰਾਂ ਦੀ ਜਾਰੀ ਕੀਤੀ ਫੋਟੋ, ਅਕਾਲੀ ਲੀਡਰਾਂ ’ਤੇ ਹਮਲੇ ਅਤੇ ਵਿਰੋਧ ਕਰਨ ਵਾਲਿਆ’ਚ ਸਨ ਸ਼ਾਮਲ
(ਅਸ਼ਵਨੀ ਚਾਵਲਾ) ਚੰਡੀਗੜ । ਪੰਜਾਬ ਪੁਲਿਸ ਤਾਂ ਅੰਨੀ-ਬੋਲੀ ਹੋਈ ਪਈ ਹੈ। ਇਨਾਂ ਨੂੰ ਤਾਂ ਕੁਝ ਦਿਸਦਾ ਹੀ ਨਹੀਂ ਹੈ ਕਿ ਕਿਸਾਨਾਂ ਦੇ ਭੇਸ ਵਿੱਚ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਅਕਾਲੀ ਲੀਡਰਾਂ ਨੂੰ ਘੇਰਨ ਅਤੇ ਹਮਲੇ ਕਰਨ ਵਿੱਚ ਲਗੇ ਹੋਏ ਹਨ। ਐਸਐਸਪੀ ਅਸ਼ਵਨੀ ਕਪੂਰ ਤਾਂ ਆਪਣੀ ਡਿਊਟੀ ਲਈ ਹੀ ਫਿੱਟ ਨਹੀਂ ਹੈ, ਕਿਉਂਕਿ ਉਨ੍ਹਾਂ ਨੇ ਹਮਲਾ ਕਰਨ ਵਾਲੇ ਸਿਆਸੀ ਲੀਡਰਾਂ ਨੂੰ ਰੋਕਣ ਦੀ ਥਾਂ ’ਤੇ ਉਨਾਂ ’ਤੇ ਹੀ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਉਹ ਆਪਣਾ ਦੌਰਾ ਰੱਦ ਕਰਕੇ ਵਾਪਸ ਤੁਰ ਜਾਣ। ਹੁਣ ਪੁਲਿਸ ਨੂੰ ਕੱਲ ਤੱਕ ਵੇਖਾਂਗਾ ਕਿ ਉਹ ਹਮਲਾ ਕਰਨ ਵਾਲਿਆਂ ’ਤੇ ਕੀ ਕੁਝ ਕਰਦੇ ਹਨ, ਨਹੀਂ ਤਾਂ ਸਾਨੂੰ ਹੀ ਕੁਝ ਕਰਨਾ ਪੈਣਾ ਹੈ। ਇਹ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਤਿੱਖਾ ਹਮਲਾ ਸਾਬਕਾ ਮੰਤਰੀ ਅਤੇ ਵਿਧਾਇਕ ਬਿਕਰਮ ਮਜੀਠੀਆ ਨੇ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕੀਤਾ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਉਨਾਂ ਦੀਆਂ ਗੱਡੀਆਂ ’ਤੇ ਬੀਤੇ ਦਿਨੀਂ 3 ਪ੍ਰੋਗਰਾਮ ਦੌਰਾਨ ਹਮਲਾ ਕੀਤਾ ਗਿਆ ਅਤੇ ਕਾਰ ਨੂੰ ਵੀ ਭੰਨ ਦਿੱਤਾ ਗਿਆ।ਹਰ ਥਾਂਈਂ ਘੇਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ, ਇੱਕ ਥਾਂ ’ਤੇ ਗੱਡੀ ਪਿੱਛੇ ਲਮਕ ਕੇ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਸ਼ ਕੀਤੀ ਗਈ। ਬਿਕਰਮ ਮਜੀਠੀਆ ਨੇ ਕਿਹਾ ਕਿ ਇਨਾਂ ਵਿੱਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਕਾਫ਼ੀ ਜਿਆਦਾ ਲੀਡਰ ਸਨ, ਜਿਨਾਂ ਦੀ ਫੋਟੋ ਵੀ ਉਹ ਨਾਲ ਹੀ ਲੈ ਕੇ ਆਏ ਹਨ।
ਬਿਕਰਮ ਮਜੀਠਿਆ ਨੇ ਸਾਰੀਆਂ ਦੀ ਫੋਟੋ ਦਿਖਾਉਂਦੇ ਹੋਏ ਦੱਸਿਆ ਕਿ ਇਹ ਸਿਆਸੀ ਲੀਡਰ ਆਪਣੇ ਨਾਲ ਬੰਦੇ ਵੀ ਲੈ ਕੇ ਆਏ ਸਨ, ਜਿਨਾਂ ਵੱਲੋਂ ਆਪਣੇ ਆਪ ਨੂੰ ਕਿਸਾਨ ਦੱਸਦੇ ਹੋਏ ਹਮਲਾ ਕੀਤਾ ਗਿਆ ਤਾਂ ਕਿ ਜੇਕਰ ਕੋਈ ਘਟਨਾ ਹੋਵੇ ਤਾਂ ਉਹ ਕਿਸਾਨਾਂ ਦੇ ਸਿਰ ਮੜ ਦਿੱਤੀ ਜਾਵੇ।
ਬਿਕਰਮ ਮਜੀਠਿਆ ਨੇ ਕਿਹਾ ਕਿ ਪੰਜਾਬ ਦੇ ਡੀਜੀਪੀ ਨੂੰ ਦਿਖਾਈ ਨਹੀਂ ਦਿੰਦਾ ਹੈ ਕਿ ਪੰਜਾਬ ਵਿੱਚ ਕੀ ਕੁਝ ਚਲ ਰਿਹਾ ਹੈ। ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਦੀ ਜਿੰਮੇਵਾਰੀ ਡੀਜੀਪੀ ਦੀ ਹੁੰਦੀ ਹੈ, ਇਸ ਲਈ ਉਹ ਡੀਜੀਪੀ ਕੋਲ ਕੋਈ ਬੇਨਤੀ ਲੈ ਕੇ ਨਹੀਂ ਜਾਣਗੇ। ਉਹ ਖ਼ੁਦ ਦੇਖਣ ਕਿ ਪੰਜਾਬ ਵਿੱਚ ਕੀ ਕੁਝ ਚਲ ਰਿਹਾ ਹੈ ਅਤੇ ਪੰਜਾਬ ਪੁਲਿਸ ਕੀ ਕਰ ਰਹੀਂ ਹੈ।
ਕਾਂਗਰਸ ਪਾਰਟੀ ਚਾਹੁੰਦੀ ਐ ਰਾਸ਼ਟਰਪਤੀ ਰਾਜ ਹੋਵੇ ਲਾਗੂ
ਮਜੀਠਿਆ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਜਪਾ ਨਾਲ ਮਿਲੀ ਹੋਈ ਹੈ, ਜਿਸ ਕਾਰਨ ਉਹ ਕਿਸਾਨੀ ਅੰਦੋਲਨ ਦੇ ਨਾਅ ’ਤੇ ਆਪਣੇ ਲੀਡਰਾਂ ਰਾਹੀਂ ਹਮਲੇ ਕਰਵਾ ਰਹੇ ਹਨ, ਜਿਸ ਨਾਲ ਜਿਥੇ ਕਿਸਾਨੀ ਅੰਦੋਲਨ ਬਦਨਾਮ ਹੋਏਗਾ ਤਾਂ ਉਥੇ ਹੀ ਮਾਹੌਲ ਖ਼ਰਾਬ ਹੋਣ ਦੀ ਸਥਿਤੀ ਵਿੱਚ ਰਾਸ਼ਟਰਪਤੀ ਰਾਜ ਪੰਜਾਬ ਵਿੱਚ ਲਗਾਉਣਾ ਇਨਾਂ ਨੂੰ ਸੌਖਾ ਹੋ ਜਾਏਗਾ। ਇਸ ਲਈ ਕਿਸਾਨ ਜਥੇਬੰਦੀਆਂ ਨੂੰ ਵੀ ਅੱਗੇ ਆ ਕੇ ਸਿਆਸੀ ਪਾਰਟੀਆਂ ਦੀ ਇਸ ਸਾਜ਼ਿਸ਼ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।
ਲੜਾਈ ਦਿੱਲੀ ਨਾਲ ਐ, ਅਸੀਂ ਇੱਥੇ ਛਿੱਤਰੋਂ ਛਿੱਤਰੀਂ ਹੋਈ ਜਾਂਦੈ
ਬਿਕਰਮ ਮਜੀਠੀਆ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਉਨਾਂ ਦੇ ਨਾਲ ਹਨ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਖੜੇ ਹਾਂ ਪਰ ਫਿਰ ਵੀ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਬਿਨਾਂ ਕਿਸੇ ਸੱਦੇ ’ਤੇ ਵਿਰੋਧ ਕਰਨ ਲਈ ਸੜਕਾਂ ’ਤੇ ਉੱਤਰ ਜਾਂਦੇ ਹਨ। ਮਜੀਠਿਆ ਨੇ ਕਿਹਾ ਕਿ ਸਾਡੀ ਲੜਾਈ ਤਾਂ ਦਿੱਲੀ ਨਾਲ ਹੈ, ਜਦੋਂਕਿ ਅਸੀਂ ਇੱਥੇ ਪੰਜਾਬ ਵਿੱਚ ਛਿੱਤਰੋਂ ਛਿੱਤਰੀਂ ਹੋਈ ਜਾਂਦੇ ਹਾਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ