ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬੰਨ੍ਹ ਕੇ ਰੱਖਦੈ ਰੱਖੜੀ ਦਾ ਤਿਉਹਾਰ
ਰੱਖੜੀ ਭੈਣ-ਭਰਾ ਦੇ ਪ੍ਰੇਮ ਦਾ ਪ੍ਰਤੀਕ ਅਜਿਹਾ ਤਿਉਹਾਰ ਹੈ, ਜੋ ਸਦੀਆਂ ਤੋਂ ਆਪਣੀ ਮਹਾਨਤਾ ਲੈ ਕੇ ਚੱਲਿਆ ਆ ਰਿਹਾ ਹੈ। ਸਮੇਂ-ਸਮੇਂ ’ਤੇ ਹਾਲਾਤ ਦੇ ਅਨੁਸਾਰ ਇਸ ਦੇ ਰੂਪ ਵਿਚ ਤਬਦੀਲੀਆਂ ਚਾਹੇ ਆ ਗਈਆਂ ਹੋਣ, ਪਰ ਇਹ ਇੱਕ ਅਜਿਹਾ ਬੰਧਨ ਹੈ ਜੋ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਬੰਨ੍ਹ ਕੇ ਰੱਖਦਾ ਹੈ। ਇਸ ਤਿਉਹਾਰ ਨੂੰ ਦਿਨ ਅਤੇ ਮਹੀਨਿਆਂ ਦੇ ਹਿਸਾਬ ਨਾਲ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ, ਇਸ ਲਈ ਤਾਂ ਇਸ ਨੂੰ ਰੱਖੜ ਪੁੰਨਿਆ ਵੀ ਆਖਿਆ ਜਾਂਦਾ।
ਇਸ ਤਿਉਹਾਰ ਦਾ ਆਰੰਭ ਕਦੋਂ ਹੋਇਆ, ਇਸ ਬਾਰੇ ਕਹਿਣਾ ਕਠਿਨ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੱਧਕਾਲੀ ਰਾਜਪੂਤ ਇਸਤਰੀਆਂ ਯੁੱਧ ਦੇ ਮੈਦਾਨ ਵਿਚ ਜਾ ਰਹੇ ਆਪਣੇ ਪਤੀਆਂ ਨੂੰ ਤਿਲਕ ਲਾ ਕੇ ਰੱਖਿਆ ਸੂਤਰ ਬੰਨਿ੍ਹਆ ਕਰਦੀਆਂ ਸਨ। ਲੇਕਿਨ ਅੱਜ-ਕੱਲ੍ਹ ਜ਼ਿਆਦਾ ਭੈਣਾਂ ਹੀ ਭਰਾਵਾਂ ਨੂੰ ਰੱਖਿਆ ਬੰਧਨ ਬੰਨ੍ਹਦੀਆਂ ਹਨ। ਇਹ ਤਿਉਹਾਰ ਬੇਸਹਾਰਿਆਂ ਦਾ ਸਹਾਰਾ ਤੇ ਸ਼ਕਤੀ ਦੇਣ ਵਾਲਾ ਰਿਹਾ ਹੈ। ਕਿਉਂਕਿ ਇਤਿਹਾਸ ਵਿਚ ਕਈ ਪੰਨੇ ਅਜਿਹੀਆਂ ਘਟਨਾਵਾਂ ਨਾਲ ਭਰੇ ਪਏ ਹਨ ਜਿੱਥੇ ਸ਼ਕਤੀਸ਼ਾਲੀ ਸ਼ਾਸਕਾਂ ਨੇ ਰੱਖਿਆ ਸੂਤਰ ਬੰਨ੍ਹਾ ਕੇ ਨਿਰਬਲਾਂ ਦੀ ਰੱਖਿਆ ਕਰਨ ਦਾ ਮਹਾਨ ਕੰਮ ਕੀਤਾ। ਇਨ੍ਹਾਂ ਪੰਨਿਆਂ ਵਿਚ ਕਰਮਵਤੀ ਦੀ ਰੱਖੜੀ ਦੀ ਆਪਣੀ ਵਿਸ਼ੇਸ਼ ਚਮਕ-ਦਮਕ ਹੈ। ਜਿਸ ਨੇ ਇੱਕ ਮੁਗਲ ਸ਼ਾਸਕ ਨੂੰ ਬੰਧਨਾਂ ਵਿਚ ਬੰਨ੍ਹ ਕੇ ਆਪਣੀ ਰੱਖਿਆ ਕਰਵਾਈ।
ਉਸ ਸਮੇਂ ਦਾ ਮੁਗਲ ਬਾਦਸ਼ਾਹ ਹਮਾਯੂੰ ਭਾਰਤੀ ਇਸਤਰੀਆਂ ਦੇ ਇਨ੍ਹਾਂ ਬੰਧਨਾਂ ਦਾ ਮੁੱਲ ਅਤੇ ਉਨ੍ਹਾਂ ਦੀ ਇੱਜਤ ਕਰਨਾ ਜਾਣਦਾ ਸੀ। ਉਸ ਨੇ ਆਪਣੇ ਪਿਤਾ ਦੇ ਦੁਸ਼ਮਣ ਰਾਣਾ ਸਾਂਗਾ ਦੀ ਪਤਨੀ ਕਰਮਵਤੀ ਕੋਲੋਂ ਰੱਖੜੀ ਬੰਨ੍ਹਵਾ ਕੇ ਉਸ ਨੂੰ ਭੈਣ ਬਣਾਇਆ। ਇਸ ਸਮੇਂ ਭਾਵੇਂ ਉਹ ਆਪਣੀਆਂ ਮੁਸੀਬਤਾਂ ਵਿਚ ਘਿਰਿਆ ਹੋਇਆ ਸੀ, ਇਨ੍ਹਾਂ ਮੁਸੀਬਤਾਂ ਦੀ ਪ੍ਰਵਾਹ ਨਾ ਕਰਦਾ ਹੋਇਆ ਉਹ ਆਪਣੀ ਭੈਣ ਦੀ ਇੱਜਤ ਬਚਾਉਣ ਲਈ ਚੱਲ ਪਿਆ। ਇਸ ਕਰਤੱਵ ਪਾਲਣ ਵਿਚ ਉਹ ਆਪਣਾ ਰਾਜ ਵੀ ਗੁਆ ਬੈਠਾ। ਅਜਿਹੇ ਹੋਰ ਵੀ ਅਨੇਕਾਂ ਸਬੂਤ ਹਨ, ਜੋ ਇਸ ਤਿਉਹਾਰ ਦੇ ਮਹੱਤਵ ਨੂੰ ਵਧਾਉਂਦੇ ਹਨ। ਭਾਰਤ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਅਜਾਦ ਕਰਾਉਣ ਵੇਲੇ ਵੀ ਰੱਖੜੀ ਦਾ ਆਪਣਾ ਅਲੱਗ ਹੀ ਮਹੱਤਵ ਰਿਹਾ, ਕਿਉਂਕਿ ਦੇਸ਼ ਦੇ ਜਵਾਨਾਂ ਨੇ ਭਾਰਤ ਮਾਂ ਦੀ ਰੱਖਿਆ ਲਈ ਰੱਖਿਆ ਸੂਤਰ ਬਨ੍ਹਾਏ। ਭੈਣਾਂ ਨੇ ਭਰਾਵਾਂ ਦੇ ਗੁੱਟਾਂ ’ਤੇ ਰੱਖੜੀ ਬੰਨ੍ਹ ਕੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਤੋਰਿਆ।
ਰੱਖੜੀ ਜਾਂ ਰਾਖੀ ਦਾ ਅਸਲ ਭਾਵ ਹੀ ਕਿ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਿਸੇ ਔਕੜ ਸਮੇਂ ਰੱਖਿਆ ਕਰਨ ਲਈ ਵਚਨਬੱਧ ਹੋਣ। ਇਹ ਤਿਉਹਾਰ ਭੈਣ-ਭਰਾਵਾਂ ਦੇ ਮਿਲਣ ਦਾ ਵੀ ਸਬੱਬ ਬਣਦਾ। ਕਿਉਂਕਿ ਇਸ ਮਸ਼ੀਨੀ ਯੁੱਗ ਵਿਚ ਇੱਕ-ਦੂਜੇ ਨੂੰ ਮਿਲਣ ਦਾ ਜਿਵੇਂ ਕਾਲ ਹੀ ਪੈ ਗਿਆ ਲੱਗਦਾ। ਹਰ ਤਿਉਹਾਰ ਨੂੰ ਮਨਾਉਣ ਪਿੱਛੇ ਕੋਈ ਮਨੋਰਥ ਛੁਪਿਆ ਹੁੰਦਾ, ਇਸ ਲਈ ਰੱਖੜੀ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ, ਜੇ ਦੋਵੇਂ ਧਿਰਾਂ ਇੱਕ-ਦੂਜੇ ਨੂੰ ਦਿਲੋਂ ਇਮਾਨਦਾਰੀ ਨਾਲ ਪਿਆਰ ਤੇ ਸਤਿਕਾਰ ਦੇਣ, ਨਹੀਂ ਤਾਂ ਮਹਿੰਗੀਆਂ ਤੇ ਖੂਬਸੂਰਤ ਰੱਖੜੀਆਂ ਬੰਨ੍ਹਣ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ।
ਅੱਜ ਦੇ ਸਵਾਰਥੀ ਸਮੇਂ ਵਿਚ ਤਾਂ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਵਿਚ ਵੀ ਤਰੇੜਾਂ ਪੈਂਦੀਆਂ ਜਾ ਰਹੀਆਂ ਹਨ, ਕਿਉਂਕਿ ਇਸ ਸਵਾਰਥੀ ਯੁੱਗ ਵਿਚ ਭਰਾ ਦੇ ਸਾਹੀਂ ਜਿਊਣ ਵਾਲੀਆਂ ਭੈਣਾਂ ਜਦੋਂ ਆਪਣੇ ਘਰੇਲੂ ਕਾਰਜ ਬੱਚਿਆਂ ਦੇ ਵਿਆਹਾਂ ਵਿਚ ਨਾਨਕੀ-ਛੱਕਾਂ, ਸੱਸ-ਸਹੁਰੇ ਦੇ ਮਰਨੇ-ਪਰਨੇ ਭਰਾਵਾਂ ਕੋਲੋਂ ਪੂਰੇ ਕਰਵਾ ਲੈਣ ਤਾਂ ਕਈ ਵਾਰ ਉਸ ਤੋਂ ਬਾਅਦ ਉਹ ਭਰਾਵਾਂ ਨੂੰ ਬੇਲੋੜੀ ਚੀਜ਼ ਵਾਂਗ ਸਮਝਣ ਲਗ ਜਾਂਦੀਆਂ ਹਨ। ਇਸ ਲਈ ਅੱਜ ਰੱਖੜੀ ਦਾ ਮੁੱਲ ਮੋਹ-ਪਿਆਰ ਨਾਲ ਨਹੀਂ, ਕੱਪੜੇ-ਗਹਿਣੇ ਤੇ ਪੈਸੇ ਨਾਲ ਹੀ ਪਾਇਆ ਜਾਂਦਾ। ਪਰ ਮੋਹ ਦੀ ਤੰਦ ਤਾਂ ਇੱਕ ਧਾਗਾ ਹੀ ਹੋ ਨਿੱਬੜਦਾ ਹੈ, ਜੋ ਉਮਰ ਭਰ ਰੂਹ ਨਾਲ ਲਿਪਟਿਆ ਰਹੇ।
ਦੇਖਣ ਵਿਚ ਆਉਂਦਾ ਕਿ ਕੁਝ ਭੈਣਾਂ ਉਸੇ ਭਰਾ ਨੂੰ ਜ਼ਿਆਦਾ ਮਾਣ-ਸਤਿਕਾਰ ਦਿੰਦੀਆਂ ਜੋ ਉਨ੍ਹਾਂ ਦੀ ਰੱਖੜੀ ਦਾ ਜ਼ਿਆਦਾ ਮੁੱਲ ਪਾਉਂਦਾ। ਪਿਛਲੇ ਸਮਿਆਂ ਦੌਰਾਨ ਰੱਖੜੀ ਦਾ ਮੁੱਲ ਦਿਖਾਵੇ ਦੇ ਕੱਪੜੇ ਤੇ ਗਹਿਣਿਆਂ ਨਾਲ ਨਹੀਂ, ਸਗੋਂ ਮੋਹ-ਪਿਆਰ ਨਾਲ ਪੈਂਦਾ ਸੀ। ਪਰ ਜਿਸ ਤਰ੍ਹਾਂ ਕਹਿੰਦੇ ਹਨ ਕਿ ਦੁਨੀਆਂ ਅੰਦਰ ਕਿਸੇ ਵੀ ਚੀਜ ਦੀ ਕਦੇ ਕਮੀ ਨਹੀਂ ਹੁੰਦੀ, ਉਸੇ ਤਰ੍ਹਾਂ ਸਾਰੀਆਂ ਭੈਣਾਂ ਸਵਾਰਥੀ ਨਹੀਂ ਹੁੰਦੀਆਂ, ਸਗੋਂ ਬਹੁਤ ਸਾਰੀਆਂ ਭੈਣਾਂ ਰੱਖੜੀ ਨੂੰ ਪੈਸੇ ਨਾਲ ਨਹੀਂ ਤੋਲਦੀਆਂ, ਕਈ ਵਾਰ ਤਾਂ ਉਹ ਭਰਾ ਦੇ ਘਰੋਂ ਫੋਕੇ ਪਾਣੀ ਦਾ ਗਲਾਸ ਪੀ ਕੇ ਵੀ ਅਸੀਸਾਂ ਦਿੰਦੀਆਂ ਹਨ, ਤੇ ਕਈ ਅਜਿਹੀਆਂ ਭੈਣਾਂ ਵੀ ਹੁੰਦੀਆਂ ਹਨ, ਜੋ ਸੂਟ ਦਾ ਰੰਗ ਪਸੰਦ ਨਾ ਆਉਣ ’ਤੇ ਮੂੰਹ ਮੋਟਾ ਬਣਾ ਲੈਂਦੀਆਂ ਹਨ।
ਇਹ ਤਿਉਹਾਰ ਤਾਂ ਭੈਣ-ਭਰਾ ਦੇ ਪਵਿੱਤਰ ਸਾਂਝ ਤੇ ਸਨੇਹ ਦਾ ਪਿਆਰਾ ਤਿਉਹਾਰ ਹੈ। ਸਮਾਜ ਅੰਦਰ ਅਜਿਹੇ ਭਰਾ ਵੀ ਹਨ, ਜੋ ਭੈਣਾਂ ਨੂੰ ਆਪਣੇ ਮਾਪਿਆਂ ਦੀ ਕਮੀ ਕਦੇ ਮਹਿਸੂਸ ਨਹੀਂ ਹੋਣ ਦਿੰਦੇ, ਤੇ ਅਜਿਹੀਆਂ ਭੈਣਾਂ ਵੀ ਹਨ ਜੋ ਭਰਾਵਾਂ ਨੂੰ ਮਾਪਿਆਂ ਵਾਂਗ ਸਤਿਕਾਰਦੀਆਂ ਤੇ ਪਿਆਰਦੀਆਂ ਹਨ, ਪਰੰਤੂ ਅਜਿਹੇ ਭੈਣ-ਭਰਾ ਸਮਾਜ ਵਿਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ। ਰੱਖੜੀ ਦੀ ਅਸਲ ਕੀਮਤ ਤਾਂ ਉਨ੍ਹਾਂ ਭੈਣਾਂ ਤੋਂ ਪੁੱਛਣ ’ਤੇ ਪਤਾ ਲੱਗਦਾ ਜਿਨ੍ਹਾਂ ਭੈਣਾਂ ਦੇ ਕੋਈ ਵੀਰ ਨਹੀਂ, ਤਾਹੀਓਂ ਤਾਂ ਕਲੀਆਂ ਦੇ ਬਾਦਸ਼ਾਹ ਸਵ: ਕੁਲਦੀਪ ਮਾਣਕ ਦੀ ਇੱਕ ਕਲੀ ਦੇ ਵੀ ਬੋਲ ਹਨ,
ਜੋ ਅਕਸਰ ਹੀ ਭੈਣਾਂ ਅਕਾਲਪੁਰਖ ਅੱਗੇ ਕਹਿੰਦੀਆਂ, ‘‘ਇੱਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ ਬੜਾ ਹੀ ਚਿੱਤ ਕਰਦਾ’’ ਅੱਗੇ ਫਿਰ ਕਲੀ ਦੀ ਦੂਸਰੀ ਲਾਈਨ ਹੈ, ‘‘ਭਾਈਆਂ ਬਾਝੋਂ ਭੈਣ ਸੱਖਣੀ, ਬੈਠੀ ਰੱਖੜੀ ਵਾਲੇ ਵੇ ਦਿਨ ਰੋਵੇ।’’ ਇਹ ਭੈਣਾਂ ਕਿਸੇ ਮੂੰਹ ਜਾਏ ਭਰਾ ਜਾਂ ਤਾਏ, ਚਾਚੇ, ਭੂਆ, ਮਾਮੇ ਦੇ ਪੁੱਤ ਭਰਾ ਦੇ ਰੱਖੜੀ ਬੰਨ੍ਹਦੀਆਂ ਵੀ ਹਨ, ਤਾਂ ਵੀ ਉਨ੍ਹਾਂ ਦੀ ਰੂਹ ਮਾਂ ਜਾਏ ਵੀਰ ਨੂੰ ਤਰਸਦੀ ਰਹਿੰਦੀ ਹੈ। ਕਈ ਵਾਰ ਨੇਕ ਦਿਲ ਮੁੂੰਹ ਬੋਲੇ ਭਰਾ, ਨਾਲ ਜੰਮੇ ਭਰਾਵਾਂ ਵਾਂਗ ਨਿਭ ਵੀ ਜਾਂਦੇ ਹਨ, ਪਰੰਤੂ ਇਸ ਸਵਾਰਥੀ ਯੁੱਗ ਵਿਚ ਅਜਿਹਾ ਕਿਤੇ ਹੀ ਦੇਖਣ ਨੂੰ ਮਿਲਦਾ
ਜਦੋਂ ਕਿਸੇ ਭੈਣ ਦੇ ਆਪਣਾ ਭਰਾ ਨਾ ਹੋਵੇ ਤੇ ਜਾਂ ਕਿਸੇ ਦੇ ਆਪਣੀ ਸਕੀ ਭੈਣ ਨਾ ਹੋਵੇ ਤਾਂ ਉਹ ਸਮਾਜ ਵਿਚ ਧਰਮ ਦਾ ਭਰਾ ਜਾਂ ਧਰਮ ਦੀ ਭੈਣ ਦਾ ਰਿਸ਼ਤਾ ਅਖਤਿਆਰ ਕਰ ਲੈਂਦੇ ਹਨ, ਪਰੰਤੂ ਸਾਡਾ ਸਮਾਜ ਉਸ ਨੂੰ ਜਲਦੀ ਸਵੀਕਾਰ ਨਹੀਂ ਕਰਦਾ।
ਕਿਉਂਕਿ ਮੂੰਹ ਬੋਲੇ ਰਿਸ਼ਤੇ ਦੀ ਤਸਵੀਰ ਦੇ ਦੋ ਪਾਸੇ ਹਨ, ਇਸ ਲਈ ਅਜਿਹੇ ਰਿਸ਼ਤੇ ਵੀ ਡੂੰਘੀ ਸੋਚ-ਵਿਚਾਰ ਕਰਨ ਤੋਂ ਬਾਅਦ ਹੀ ਬਣਾਉਣੇ ਚਾਹੀਦੇ ਹਨ, ਤਾਂ ਜੋ ਰੱਖੜੀ ਦੀ ਮੋਹ ਭਰੀ ਸੁੱਚੀ ਡੋਰ ਮੈਲੀ ਨਾ ਹੋਵੇ। ਸਮਾਂ ਬੀਤਣ ਨਾਲ ਇਸ ਤਿਉਹਾਰ ਨਾਲ ਸਬੰਧਤ ਭਾਵ ਉੱਕਾ ਹੀ ਬਦਲ ਗਏ ਹਨ, ਤੇ ਹੁਣ ਇਹ ਇੱਕ ਭੈਣਾਂ ਦਾ ਤਿਉਹਾਰ ਬਣਕੇ ਰਹਿ ਗਿਆ ਹੈ। ਇਸ ਤਿਉਹਾਰ ਦੀ ਮੁਗਲਾਂ ਦੇ ਹਮਲਿਆਂ ਤੋਂ ਬਾਅਦ ਹੀ ਜ਼ਿਆਦਾ ਮਹੱਤਤਾ ਵਧੀ, ਕਿਉਂਕਿ ਹਰ ਭੈਣ ਨੂੰ ਵਾਸਤਵਿਕ ਵਿਚ ਸੁਰੱਖਿਆ ਦੀ ਬੜੀ ਲੋੜ ਸੀ।
ਇਸ ਦਾ ਵੱਡਾ ਕਾਰਨ ਇਹ ਰਿਹਾ ਕਿ ਬੀਤੇ ਸਮਿਆਂ ਵਿਚ ਪੰਜਾਬ ਅੰਦਰ ਉੱਤਰ ਵੱਲੋਂ ਹਮੇਸ਼ਾ ਹਮਲਾਵਰ ਆਉਂਦੇ ਰਹੇ, ਤੇ ਹਰ ਹਮਲਾਵਰ ਜਾਂਦੀ ਵਾਰੀ ਧੀਆਂ-ਭੈਣਾਂ ਨੂੰ ਫੜਕੇ ਲੈ ਜਾਂਦਾ ਰਿਹਾ, ਤੇ ਗੁਲਾਮ ਬਣਾ ਕੇ ਰੱਖਦਾ। ਅਜਿਹੇ ਮਾੜੇ ਵਕਤ ਵਿਚ ਭੈਣਾਂ ਨੇ ਵੀਰਾਂ ਨੂੰ ਵੰਗਾਰਨ ਵਾਸਤੇ ਇਸ ਰੱਖੜੀ ਦੀ ਰਸਮ ਨੂੰ ਅਪਣਾਇਆ। ਇਸ ਲਈ ਭੈਣਾਂ ਹਰ ਸਾਲ ਦੇ ਸਾਲ ਵਿਚ ਵੀਰਾਂ ਨੂੰ ਰਕਸ਼ਾ ਬੰਧਨ ਬੰਨ੍ਹ ਕੇ ਉਨ੍ਹਾਂ ਨੂੰ ਭੈਣਾਂ ਪ੍ਰਤੀ ਉਨ੍ਹਾਂ ਦਾ ਧਰਮ ਯਾਦ ਕਰਾਉਂਦੀਆਂ ਹਨ।
ਬੇਸ਼ੱਕ ਅੱਜ ਦੇ ਸਮੇਂ ਅੰਦਰ ਰਿਸ਼ਤਿਆਂ ਵਿਚ ਪਹਿਲਾਂ ਵਾਲੀ ਨਿੱਘ ਤਾਂ ਨਹੀਂ ਰਹੀ, ਪਰੰਤੂ ਅਜੇ ਵੀ ਕੁੁਝ ਲੋਕ ਮੋਹ ਭਰਿਆ ਦਿਲ ਰੱਖਦੇ ਹਨ। ਲੇਕਿਨ ਅੱਜ-ਕੱਲ੍ਹ ਰੱਖੜੀ ਦਾ ਤਿਉਹਾਰ ਇੱਕ ਫੈਸ਼ਨ ਜਿਹਾ ਬਣ ਕੇ ਰਹਿ ਗਿਆ ਹੈ, ਸੋਨੇ ਜਾਂ ਚਾਂਦੀ ਦੀਆਂ ਰੱਖੜੀਆਂ ਬੰਨ੍ਹ ਕੇ ਇਸ ਦੀ ਚਮਕ-ਦਮਕ ਵਧਾਈ ਜ਼ਰੂਰ ਜਾ ਰਹੀ ਹੈ, ਪਰ ਤਿਉਹਾਰ ਵਾਲੇ ਤੱਤ ਇਸ ਵਿਚੋਂ ਖੁੱਸਦੇ ਜਾ ਰਹੇ ਹਨ।
ਪ੍ਰਤੀਨਿਧ ਲੰਬੀ/ਮਲੋਟ,
ਸ੍ਰੀ ਮੁਕਤਸਰ ਸਾਹਿਬ
ਮੋ. 98726-00923
ਮੇਵਾ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ