ਟਾਹਲੀ ਵੀ ਹੈ ਇੱਕ ਦਵਾਈ
ਬਿਨਾ ਜਾਣਕਾਰੀ ਦੇ ਆਪਾਂ ਨੂੰ ਹਰ ਚੀਜ਼ ਮਾਮੂਲੀ ਲੱਗਦੀ ਹੈ। ਭਾਵੇਂ ਉਹ ਆਪਣੇ ਆਸ-ਪਾਸ ਚਿਰਾਂ ਤੋਂ ਲੱਗੀ ਹੋਵੇ। ਅਜਿਹੇ ਕਈ ਰੁੱਖ, ਜੜ੍ਹੀ-ਬੂਟੀਆਂ ਹਨ ਜੋ ਆਪਾਂ ਨੂੰ ਲੱਕੜ ਜਾਂ ਘਾਹ-ਫੂਸ ਹੀ ਲੱਗਦੇ ਹਨ। ਅਜਿਹੇ ਰੁੱਖਾਂ ’ਚ ਇੱਕ ਰੁੱਖ ਟਾਹਲ਼ੀ ਦਾ ਹੈ। ਜਿਸਦੇ ਪੱਤੇ ਗੋਲ਼ ਹੁੰਦੇ ਹਨ ਅਤੇ ਰੁੱਖ ਉੱਚਾਈ ’ਚ ਕਾਫੀ ਵੱਡਾ ਹੁੰਦਾ ਹੈੈ। ਇਸ ਨੂੰ ਪਤਲੀਆਂ-ਪਤਲੀਆਂ ਫਲ਼ੀਆਂ ਲੱਗਦੀਆਂ ਹਨ ਜਿਨ੍ਹਾਂ ’ਚ ਬੀਜ ਹੁੰਦੇ ਹਨ। ਇਸ ਰੁੱਖ ਨੂੰ ਹਿੰਦੀ ’ਚ ਸ਼ੀਸ਼ਮ ਤੇ ਅੰਗਰੇਜ਼ੀ ’ਚ ਡਲ਼ਬੇਰਗੀਆ ਸੀਸੋ ਕਹਿੰਦੇ ਹਨ।
ਇਸ ਰੁੱਖ ਦੇ ਆਪਾਂ ਕਈ ਫਾਇਦੇ ਲੈ ਸਕਦੇ ਹਾਂ। ਅੱਜ ਦਾ ਜੋ ਮਹਿੰਗਾਈ ਦਾ ਜ਼ਮਾਨਾ ਹੈ ਇਸ ’ਚ ਆਮ ਇਨਸਾਨ ਦੇ ਖਰਚੇ ਹੀ ਕਾਬੂ ਨਹੀਂ ਆਉਂਦੇ। ਉੱਤੋਂ ਮਹਿੰਗਾਈ ਤੋਰੀ ਦੀ ਵੇਲ਼ ਵਾਂਗੂ ਦਿਨੋ-ਦਿਨ ਵਧ ਰਹੀ ਹੈ। ਪੈਟਰੋਲ਼ ਨੇ ਤਾਂ ਫੱਟੇ ਹੀ ਚੁੱਕੇ ਪਏ ਨੇ, ਉਹ ਸਮਾਂ ਦੂਰ ਨਹੀਂ ਜਦੋਂ ਆਦਮੀ ਨੂੰ ਜਲਦੀ ਹੀ ਸਾਈਕਲ ’ਤੇ ਨਿਰਭਰ ਹੋਣਾ ਪਵੇਗਾ। ਇਸੇ ਤਰ੍ਹਾਂ ਸਬਜ਼ੀ, ਫਲ਼, ਕਰਿਆਨਾ ਸਭ ਕੁਝ ਅਸਮਾਨ ਦੇ ਸਿਖਰਾਂ ਵੱਲ਼ ਵਧ ਰਿਹਾ ਹੈ। ਇਸ ਨਾਲ਼ ਜੇਕਰ ਬੰਦਾ ਬਿਮਾਰ ਹੋ ਗਿਆ ਤਾਂ ਫੇਰ ਤਾਂ ਮਿੱਟੀ ’ਚ ਰੁਲ਼ਣ ਵਰਗੀ ਹਾਲਤ ਹੋ ਜਾਂਦੀ ਹੈ। ਇਸ ਲਈ ਇਸ ਦਾ ਇੱਕੋ ਹੱਲ਼ ਹੈ ਕਿ ਤੁਸੀਂ ਘਰੇਲੂ ਨੁਸਖਿਆਂ ਤੇ ਜੜ੍ਹੀ-ਬੂਟੀਆਂ ਦੀ ਜਾਣਕਾਰੀ ਲੈ ਕੇ ਆਪਣੇ ਸਰੀਰ ਨੂੰ ਨਿਰੋਗ ਰੱਖ ਕੇ ਆਰਥਿਕ ਤੰਗੀ ਤੋਂ ਬਚ ਸਕਦੇ ਹੋ। ਟਾਹਲ਼ੀ ਦੇ ਰੁੱਖ ਦੇ ਕੁਝ ਨੁਸਖੇ ਤੁਹਾਨੂੰ ਬਹੁਤ ਫਾਇਦੇ ਦੇਣਗੇ।
ਪੇਸ਼ਾਬ ਰੋਗ: ਇਸਦੇ ਪੱਤਿਆਂ ਦਾ 50 ਮਿ.ਲੀ. ਕਾੜ੍ਹਾ ਤੁਹਾਡੇ ਪੇਸ਼ਾਬ ਦੀ ਜਲ਼ਣ, ਪੱਥਰੀ ਦਾ ਦਰਦ ਠੀਕ ਕਰ ਸਕਦਾ ਹੈ।
ਔਰਤਾਂ ’ਚ ਮਾਹਵਾਰੀ ’ਚ ਖੂਨ ਜ਼ਿਆਦਾ ਪੈਣਾ: 8-10 ਪੱਤੇ ਤੇ 20 ਗ੍ਰਾਮ ਮਿਸ਼ਰੀ ਮਿਲਾ ਕੇ ਘੋੋਟੋ, ਚੱਟਣੀ ਵਾਂਗ ਹੋਣ ’ਤੇ ਖਾ ਲਵੋ। ਕੁਝ ਦਿਨ ਖਾਣ ਨਾਲ਼ ਜ਼ਿਆਦਾ ਪੈਣ ਵਾਲਾ ਖੂਨ ਸਧਾਰਨ ਅਵਸਥਾ ’ਚ ਆ ਜਾਂਦਾ ਹੈ। ਔਰਤਾਂ ’ਚ ਸਫੈਦ ਪਾਣੀ ਪੈਣਾ ਵੀ ਹਟ ਜਾਂਦਾ ਹੈ। ਇਹੀ ਨੁਸਖਾ ਪੁਰਸ਼ਾਂ ਦੀ ਧਾਂਤ ਪੈਣ ’ਤੇ ਵੀ ਕੰਮ ਕਰਦਾ ਹੈ।
ਹੱਥਾ ਪੈਰਾਂ ’ਚ ਜਲ਼ਣ: ਜਿਵੇਂ ਪੈਰਾਂ ’ਚੋਂ ਸੇਕ ਨਿੱਕਲਣਾ, ਅੱਖਾਂ ’ਚ ਜਲ਼ਣ, ਸਰੀਰ ’ਚੋਂ ਗਰਮ ਸੇਕ ਨਿੱਕਲਣਾ ਅਜਿਹੇ ਰੋਗਾਂ ’ਚ ਰੋਜ਼ 10 ਪੱਤੇ ਟਾਹਲ਼ੀ ਦੇ ਜੋ ਨਰਮ-ਨਰਮ ਹੋਣ ਉਹ ਚਬਾਉ। ਟਾਹਲੀ ਦੇ ਪੱਤਿਆਂ ਨੂੰ ਕੁੱਟ ਕੇ ਚੱਟਣੀ ਵਾਂਗ ਬਣਾ ਕੇ ਪੈਰਾਂ ’ਤੇ ਲੇਪ ਕਰੋ। ਲਗਾਤਾਰ ਵਰਤਣ ਨਾਲ ਅਰਾਮ ਮਿਲਦਾ ਹੈ। ਸ਼ਰਤ ਇਹ ਹੈ ਕਿ ਚਾਹ, ਕੌਫੀ ਤੇ ਗਰਮ ਚੀਜ਼ਾਂ ਦਾ ਸਖਤੀ ਨਾਲ਼ ਪਰਹੇਜ਼ ਕੀਤਾ ਜਾਵੇ।
ਚਮੜੀ ਰੋਗ: ਚੰਬਲ਼, ਸਰੀਰ ’ਤੇ ਖਾਜ ਹੋਵੇ ਤਾਂ ਟਾਹਲੀ ਦਾ ਤੇਲ਼ ਬਹੁਤ ਵਧੀਆ ਅਸਰ ਦਿਖਾਉਂਦਾ ਹੈ। ਟਾਹਲ਼ੀ ਦਾ ਤੇਲ਼ ਆਪਾਂ ਘਰ ਵੀ ਕੱਢ ਸਕਦੇ ਹਾਂ ਪਰ ਉਸ ਦਾ ਢੰਗ ਥੋੜ੍ਹਾ ਔਖਾ ਹੈ ਮਿਹਨਤ ਬਹੁਤ ਹੈ ਇਸ ਲਈ ਤੁਸੀਂ ਬਜ਼ਾਰ ’ਚੋਂ ਬਣਿਆ-ਬਣਾਇਆ ਲੈ ਕੇ ਵਰਤੋ। ਜਿੰਨ੍ਹਾਂ ਦੇ ਚੰਬਲ ਹੈ, ਖਾਜ ਹੈ ਤਾਂ ਜਿੰਨਾ ਟਾਹਲ਼ੀ ਦਾ ਤੇਲ਼ ਉਨਾ ਹੀ ਸ਼ੁੱਧ ਨਾਰੀਅਲ਼ ਦਾ ਤੇਲ਼ ਮਿਲਾ ਕੇ ਰੱਖ ਲਵੋ। ਰੋਜ਼ ਸਵੇਰੇ-ਸ਼ਾਮ ਮਾਲਿਸ਼ ਕਰੋ। ਨਾਲ਼ ਟਾਹਲ਼ੀ ਦੇ ਤੇਲ਼ ਦੀਆਂ 2-2 ਬੂੰਦਾਂ ਪਤਾਸੇ ’ਚ ਪਾ ਕੇ ਖਾਉ।
ਚਮੜੀ ਰੋਗ ’ਚ ਬਹੁਤ ਫਾਇਦਾ ਕਰਦਾ ਹੈ। ਜੇਕਰ ਆਮ ਖਾਜ ਜਿਹੜੀ ਵਾਰ-ਵਾਰ ਹੋਵੇ ਤਾਂ ਟਾਹਲ਼ੀ ਦਾ ਬੁਰਾਦਾ ਜੋ ਤੁਹਾਨੂੰ ਲੱਕੜ ਦੇ ਆਰੇ ’ਤੇ ਅਰਾਮ ਨਾਲ਼ ਮਿਲ਼ ਜਾਵੇਗਾ ਦੋ ਕਿਲੋ ਟਾਹਲ਼ੀ ਦਾ ਬੁਰਾਦਾ, 6 ਕਿਲੋ ਪਾਣੀ ’ਚ ਭਿਉਂ ਕੇ ਰੱਖ ਦਿਉ। ਦੂਜੇ ਦਿਨ ਇਹਨੂੰ ਉਬਾਲਾ ਦਿਉ। ਜਦੋਂ ਪਾਣੀ 3 ਕਿਲੋ ਰਹਿ ਜਾਵੇ ਤਾਂ ਇਹ ਛਾਣ ਲਵੋ। ਇਹਦੇ ਵਿੱਚ ਡੇਢ ਕਿੱਲੋ ਖੰਡ ਬੂਰਾ ਪਾ ਕੇ ਚੰਗੀ ਤਰ੍ਹਾਂ ਫੈਂਟ ਲਵੋ। ਇਹ ਇੱਕ ਸ਼ਰਬਤ ਤਿਆਰ ਹੋ ਜਾਵੇਗਾ। 2-3 ਚਮਚ ਤਿੰਨ ਟਾਈਮ ਲਵੋ। ਖੂਨ ਦੀ ਸਫਾਈ ਹੋ ਕੇ, ਚਮੜੀ ਰੋਗ ਖਤਮ ਹੋ ਜਾਵੇਗਾ।
ਔਰਤਾਂ ਦੀ ਛਾਤੀਆਂ ਦੀ ਸੋਜ਼: ਇਸਦੇ ਪੱਤੇ ਗਰਮ ਕਰਕੇ ਛਾਤੀਆਂ ’ਤੇ ਬੰਨ੍ਹੋ ਤੇ ਇਸ ਦੇ ਕਾੜ੍ਹੇ ਨਾਲ਼ ਛਾਤੀਆਂ ਧੋਣ ਨਾਲ਼ ਸੋਜ਼ ਉੱਤਰ ਜਾਂਦੀ ਹੈ। ਅਜਿਹੇ ਰੁੱਖਾਂ ਨਾਲ਼ ਤੁਹਾਡਾ ਇੱਕ ਰੋਗ ਵੀ ਖਤਮ ਹੋ ਗਿਆ ਤਾਂ ਸਮਝੋ ਇਹ ਰੁੱਖ ਤੁਹਾਡੇ ਸਾਰੀ ਉਮਰ ਕੰਮ ਆਏਗਾ ਤੇ ਤੁਹਾਡੀ ਮਿਹਨਤ ਦੀ ਕਮਾਈ ਦੀ ਬੱਚਤ ਹੋ ਕੇ ਤੁਹਾਡੇ ਘਰ ਦਾ ਕੋਈ ਹੋਰ ਖਰਚਾ ਪੂਰਾ ਹੋਵੇਗਾ। ਸੱਚਾਈ ਇਹ ਹੈ ਕਿ ਕੋਈ ਵੀ ਇਨਸਾਨ ਇਹ ਨਹੀਂ ਚਾਹੁੰਦਾ ਕਿ ਉਸਦੀ ਮਿਹਨਤ ਦੀ ਕਮਾਈ ਬਿਮਾਰੀਆਂ ’ਚ ਖਰਾਬ ਹੋਵੇ।
ਵੈਦ ਬੀ. ਕੇ. ਸਿੰਘ,
ਜੈ ਸਿੰਘ ਵਾਲਾ, ਮੋਗਾ
ਮੋ. 98726-10005
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ