ਵੋਕੇਸ਼ਨਲ ਅਧਿਆਪਕਾਂ ਵੱਲੋਂ ਕਾਲੇ ਚੋਲੇ ਤੇ ਸੰਗਲ ਪਾ ਕੇ ਕੀਤਾ ਮੁਜ਼ਾਹਰਾ
ਮੁੱਖ ਮੰਤਰੀ ਦੇ ਨਿਵਾਸ ਵੱਲ ਕੀਤਾ ਕੂਚ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਐਨ.ਐਸ.ਕਿਊ.ਐਫ਼.ਵੋਕੇਸ਼ਨਲ ਅਧਿਆਪਕਾਂ ਵੱਲੋਂ ਅੱਜ ਪੱਕੇ ਮੋਰਚੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨਿਊ ਮੋਤੀ ਬਾਗ ਪੈਲੇਸ ਵੱਲ ਕਾਲੇ ਚੋਲੇ ਪਹਿਨ ਕੇ ਤੇ ਆਪਣੇ ਆਪ ਨੂੰ ਸੰਗਲਾਂ ਦੀਆਂ ਹੱਥਕੜੀਆਂ ਸਮੇਤ ਰੋਹ ਭਰਿਆ ਮੁਜ਼ਾਹਰਾ ਕੀਤਾ । ਅਜਿਹੇ ਦੌਰਾਨ ਰਸਤੇ ’ਚ ਪੈਂਦੇ ਫੁਹਾਰਾ ਚੌਂਕ ’ਚ ਪ੍ਰਦਸ਼ਨਕਾਰੀ ਅਧਿਆਪਕਾਂ ਨੇ ਪ੍ਰਾਈਵੇਟ ਕੰਪਨੀਆਂ ਤੋਂ ਮੁਕਤੀ ਤੇ ਸਿੱਖਿਆ ਵਿਭਾਗ ‘ਚ ਰੈਗੂਲਰ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੱਧਾ ਘੰਟਾ ਦੇ ਕਰੀਬ ਜਾਮ ਲਗਾਕੇ ਰੋਸ ਧਰਨਾ ਵੀ ਦਿੱਤਾ।
ਅਜਿਹੇ ਮਗਰੋਂ ਸੰਘਰਸ਼ੀ ਅਧਿਆਪਕ ਅੱਗੇ ਵਧੇ ਤਾਂ ਵਾਈ.ਪੀ.ਐਸ.ਚੌਂਕ ‘ਚ ਵੱਡੀ ਗਿਣਤੀ ਤਾਇਨਾਤ ਪੁਲੀਸ ਬਲਾਂ ਨੇ ਮੁਜ਼ਾਹਰਕਾਰੀਆਂ ਨੂੰ ਰੋਕ ਲਿਆ। ਇਸ ਤੋਂ ਪਹਿਲਾਂ ਕਿ ਸੰਘਰਸ਼ੀ ਕਾਰਕੁਨ ਬੈਰੀਕੇਡਿੰਗ ਨੂੰ ਉਲੰਘਕੇ ਅੱਗੇ ਵਧਦੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਕਾਰ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਗਈ। ਐਸ.ਡੀ.ਐਮ. ਨੇ ਮਹਿਲਾਵਾਂ ਦੀਆਂ ਹੱਥਕੜੀਆਂ ਖੋਲਦਿਆਂ ਭਰੋਸਾ ਦਿਵਾਇਆ ਕਿ ਭਲਕੇ 15 ਅਗਸਤ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਜਦੋਂ ਕਿ ਫਿਰ 23 ਅਗਸਤ ਨੂੰ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਾਲ ਪੈਨਲ ਬੈਠਕਾਂ ‘ਚ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਅਜਿਹੇ ਯਕੀਨ ਮਗਰੋਂ ਪ੍ਰਦਰਸ਼ਨਕਾਰੀ ਸ਼ਾਂਤ ਹੋਏ ਤੇ ਵਾਪਿਸ ਕਈ ਹਫਤਿਆਂ ਤੋਂ ਆਰੰਭੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਕੋਲ ਗੱਡੇ ਆਪਣੇ ਪੱਕੇ ਮੋਰਚੇ ‘ਚ ਪਰਤ ਆਏ। ਸੰਘਰਸ਼ੀ ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਭਾਵੇਂ ਸਰਕਾਰੀ ਸਕੂਲਾਂ ‘ਚ ਪੜਾ ਰਹੇ ਹਨ, ਪ੍ਰੰਤੂ ਸਰਕਾਰ ਜਾਂ ਸਿੱਖਿਆ ਵਿਭਾਗ ਨੇ ਉਹਨਾਂ ਨੂੰ ਅਪਨਾਉਣ ਦੀ ਬਜਾਏ ਪ੍ਰਾਈਵੇਟ ਕੰਪਨੀਆਂ ਹਵਾਲੇ ਛੱਡਿਆ ਹੋਇਅ ਹੈ, ਜਿਹੜੀਆਂ ਉਹਨਾਂ ਦਾ ਵਿੱਤੀ ਤੇ ਮਾਨਸ਼ਿਕ ਸੋਸ਼ਣ ਕਰ ਰਹੀਆਂ ਹਨ। ਉਹਨਾਂ ਜੋਰ ਦਿੱਤਾ ਕਿ ਉਹਨਾਂ ਨੂੰ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਤੋਂ ਨਿਜ਼ਾਤ ਦਿਵਾਕੇ ਅਜ਼ਾਦੀ ਪ੍ਰਦਾਨ ਕੀਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ