ਕਾਬੂ ਮੁਲਜ਼ਮ ਤੋਂ ਬਰਾਮਦ ਹੋਇਆ ਨਸ਼ੀਲਾ ਪਾਊਡਰ ਤੇ ਮੋਬਾਇਲ
ਫਿਰੋਜ਼ਪੁਰ, (ਸਤਪਾਲ ਥਿੰਦ)। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੇ ਬਾਹਰੋਂ ਕਈ ਵਾਰ ਥ੍ਰੋ ਕਰਕੇ ਜ਼ੇਲ੍ਹ ਅੰਦਰ ਪਹੁੰਚਾਈਆਂ ਜਾ ਰਹੀਆਂ ਪਾਬੰਦੀਸ਼ੁਦਾ ਵਸਤਾਂ ਨੂੰ ਲੈ ਕੇ ਜ਼ੇਲ੍ਹ ਪ੍ਰਸ਼ਾਸਨ ਲਗਾਤਾਰ ਪ੍ਰੇਸ਼ਾਨ ਹੋ ਰਿਹਾ ਹੈ ਪਰ ਇਹ ਸਿਲਸਿਲਾ ਲਗਾਤਾਰ ਜਾਰੀ ਹੈ, ਪਰ ਇਸ ਤਰ੍ਹਾਂ ਹੋ ਰਹੀ ਥ੍ਰੋਇੰਗ ਨੂੰ ਰੋਕਣ ’ਚ ਅਜੇ ਤੱਕ ਜ਼ੇਲ੍ਹ ਪ੍ਰਸ਼ਾਸਨ ਅਸਫਲ ਰਿਹਾ ਹੈ ਪਰ ਜ਼ੇਲ੍ਹ ਕਰਮਚਾਰੀ ਨੂੰ ਇੱਕ ਕਾਮਯਾਬੀ ਉਸ ਵਕਤ ਮਿਲੀ ਜਦੋਂ ਜ਼ੇਲ੍ਹ ਬਾਹਰ ਰੁਕੀ ਕਾਰ ਵਿਚੋਂ ਉਤਰੇ ਵਿਅਕਤੀਆਂ ਵੱਲੋਂ ਜ਼ੇਲ੍ਹ ਅੰਦਰ ਥ੍ਰੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਜ਼ੇਲ੍ਹ ਕਰਮਚਾਰੀ ਨੇ ਮੌਕੇ ’ਤੇ ਪਹੁੰਚ ਕੇ ਇੱਕ ਮੁਲਜ਼ਮ ਨੂੰ ਮੌਕੇ ’ਤੇ ਕਾਬੂ ਕਰ ਲਿਆ
ਜਦ ਕਿ ਉਸ ਨਾਲ ਆਏ ਦੋ ਸਾਥੀ ਕਾਰ ’ਚ ਬੈਠ ਕੇ ਭੱਜਣ ’ਚ ਕਾਮਯਾਬ ਹੋ ਗਏ। ਕਾਬੂ ਮੁਲਜ਼ਮ ਕੋਲੋਂ ਨਸ਼ੀਲਾ ਪਾਊਡਰ ਅਤੇ ਮੋਬਾਇਲ ਬਰਾਮਦ ਹੋਇਆ, ਜੋ ਉਸ ਨੇ ਜ਼ੇਲ੍ਹ ’ਚ ਬੰਦ ਕੈਦੀ ਤੱਕ ਪਹੁੰਚਾਉਣਾ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਪੈਸਕੋ ਕਰਮਚਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਇੱਕ ਦਿੱਲੀ ਨੰਬਰੀ ਕਾਰ ਟਾਵਰ ਨੰ 7 ਅਤੇ 6 ਵਿਚਕਾਰ ਜ਼ੇਲ੍ਹ ਦੀ ਬੈਕਸਾਇਡ ਬਣੇ ਸਰਕਾਰੀ ਕੁਆਟਰਾਂ ਕੋਲ ਆ ਕੇ ਰੁਕੀ, ਜਿਸ ਵਿਚੋਂ 2 ਵਿਅਕਤੀ ਉੁਤਰੇ ਅਤੇ ਇੱਕ ਵਿਅਕਤੀ ਕਾਰ ਵਿੱਚ ਬੈਠਾ ਰਿਹਾ, ਜਿਹਨਾਂ ਨੇ ਜ਼ੇਲ੍ਹ ਅੰਦਰ ਵਰਜਿਤ ਵਸਤੂ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੌਕੇ ’ਤੇ ਪਹੁੰਚ ਕੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ
ਜਦ ਕਿ ਦੂਜਾ ਵਿਅਕਤੀ ਕਾਰ ’ਚ ਬੈਠੇ ਵਿਅਕਤੀ ਨਾਲ ਬੈਠ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਦੌਰਾਨ ਮੌਕੇ ’ਤੇ ਪਹੁੰਚੇ ਜ਼ੇਲ੍ਹ ਅਧਿਕਾਰੀ ਅਤੇ ਕਰਮਚਾਰੀਆਂ ਨੇ ਕਾਬੂ ਕੀਤੇ ਮੁਲਜ਼ਮ ਰਾਜੀਵ ਸਹਿਗਲ ਪੁੱਤਰ ਸੁਭਾਸ਼ ਚੰਦਰ ਵਾਸੀ ਜੰਡੀ ਮੁਹੱਲਾ ਕਸੂਰੀ ਗੇਟ ਫਿਰੋਜ਼ਪੁਰ ਸ਼ਹਿਰ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 40 ਗ੍ਰਾਮ ਨਸ਼ੀਲਾ ਪਾਊਡਰ ਅਤੇ 1 ਮੋਬਾਇਲ ਸਮੇਤ 2 ਸਿੰਮ ਕਾਰਡ ਦੀ ਬਰਾਮਦਗੀ ਹੋਈ ।
ਪੁੱਛਗਿੱਛ ਦੌਰਾਨ ਰਾਜੀਵ ਸਹਿਗਲ ਨੇ ਦੱਸਿਆ ਕਿ ਇਹ ਨਸ਼ੀਲਾ ਪਾਊਡਰ ਕੈਦੀ ਜੱਗਾ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੋਢੀ ਨਗਰ ਹਾਲ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਨੂੰ ਥ੍ਰੋ ਕਰਨ ਆਇਆ ਸੀ ਅਤੇ ਜੋ ਵਿਅਕਤੀ ਉਸ ਨਾਲ ਸੀ ਉਸ ਦਾ ਨਾਂਅ ਨਛੱਤਰ ਸਿੰਘ ਵਾਸੀ ਮੱਲਾਂ ਵਾਲਾ ਦੱਸਿਆ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਪੁਲਿਸ ਨੇ ਜ਼ੇਲ੍ਹ ਅਧਿਕਾਰੀ ਦੇ ਸ਼ਕਾਇਤ ’ਤੇ ਉਕਤ ਕੈਦੀ, ਕਾਰ ਵਿਚ ਬੈਠਾ ਅਣਪਛਾਤੇ ਵਿਅਕਤੀ, ਰਾਜੀਵ ਸਹਿਗਲ ਅਤੇ ਨਛੱਤਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ