ਮਾਮਲਾ : ਜੰਡਿਆਲਾ ਗੁਰੂ ਵਿਖੇ ਕਣਕ ਦੇ ਸਟਾਕ ’ਚ ਪਾਈ ਗਈ ਘਾਟ ਦਾ
(ਅਸ਼ਵਨੀ ਚਾਵਲਾ) ਚੰਡੀਗੜ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ ਭਾਰਤ ਭੂਸ਼ਨ ਆਸ਼ੂ ਨੇ ਅੱਜ ਅੰਮ੍ਰਿਤਸਰ ਜ਼ਿਲੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਕਣਕ ਦੇ ਸਟਾਕ ਵਿੱਚ ਪਾਈ ਗਈ ਘਾਟ ਲਈ ਜਿੰਮੇਵਾਰ ਦੋ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਆਸ਼ੂ ਨੇ ਦੱਸਿਆ ਕਿ ਖੁਰਾਕ ਅਤੇ ਸਿਵਲ ਸਪਲਾਈਜ਼ ਵਿਭਾਗ ਦੇ ਮੁੱਖ ਦਫਤਰ ਵਲੋਂ ਜ਼ਿਲਾ ਅੰਮ੍ਰਿਤਸਰ ਦੇ ਕੇਂਦਰ ਜੰਡਿਆਲਾ ਗੁਰੂ ਵਿਖੇ ਤਾਇਨਾਤ ਨਿਰੀਖਕ ਜਸਦੇਵ ਸਿੰਘ ਦੇ ਅਚਾਨਕ ਲਾਪਤਾ ਹੋਣ ਬਾਰੇ ਸੂਚਨਾ ਮਿਲਣ ਤੇ ਤੁਰੰਤ ਮੁੱਖ ਦਫਤਰ ਦੀ ਸੈਂਟਰਲ ਵਿਜੀਲੈਂਸ ਕਮੇਟੀ ( ਸੀ.ਵੀ.ਸੀ ) ਨੂੰ ਟੀਮਾਂ ਦਾ ਗਠਨ ਕਰਕੇ ਜੰਡਿਆਲਾ ਗੁਰੂ ਵਿਖੇ ਪਨਗ੍ਰੇਨ ਦੇ ਗੋਦਾਮਾਂ /ਪਲਿੰਥਾਂ ਦੀ ਸਪੈਸ਼ਲ ਪੀ.ਵੀ. ਕਰਨ ਲਈ ਹਦਾਇਤ ਕੀਤੀ ਗਈ । ਸੀ.ਵੀ.ਸੀ ਵੱਲੋਂ ਵੱਖ – ਵੱਖ ਟੀਮਾਂ ਦਾ ਗਠਨ ਕਰਕੇ ਪੜਤਾਲ ਕੀਤੀ ਗਈ, ਜਿਸਦੀ ਮੁਢਲੀ ਰਿਪੋਰਟ ਅਨੁਸਾਰ ਜੰਡਿਆਲਾ ਗੁਰੂ ਕੇਂਦਰ ਵਿਖੇ ਸਾਲ 2018-19 , 2020-21 ਅਤੇ 2021-22 ਦੇ ਕੇਂਦਰੀ ਪੂਲ ਅਤੇ ਡੀ.ਸੀ.ਪੀ ਕਣਕ ਦੇ ਸਟਾਕ ਵਿੱਚ 184344 ਬੋਰੀਆਂ ( 50 ਕਿਲੋ ਜੂਟ 30 ਕਿਲੋ ਪੀ.ਪੀ ) ਦੀ ਘਾਟ ਪਾਈ ਗਈ ਹੈ , ਜਿਸਦੀ ਕੀਮਤ ਤਕਰੀਬਨ 20 ਕਰੋੜ ਰੁਪਏ ਬਣਦੀ ਹੈ ।
ਇਸਦਾ ਗੰਭੀਰ ਨੋਟਿਸ ਲੈਂਦੇ ਹੋਏ ਉਨਾਂ ਵੱਲੋਂ ਇਸ ਕੇਸ ਵਿੱਚ ਸਾਰੇ ਜ਼ਿੰਮੇਵਾਰ ਅਧਿਕਾਰੀਆਂ / ਕਰਮਚਾਰੀਆਂ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ, ਜਿਨਾਂ ਅਨੁਸਾਰ ਅੰਮਿ੍ਤਸਰ ਜ਼ਿਲੇ ਦੇ ਜੰਡਿਆਲਾ ਗੁਰੂ ਕੇਂਦਰ ਵਿਖੇ ਤਾਇਨਾਤ ਅਮਰਿੰਦਰ ਸਿੰਘ, ਡੀ.ਐਫ.ਐਸ.ਓ. ਅਤੇ ਅਰਸ਼ਦੀਪ ਸਿੰਘ , ਏ.ਐਫ.ਐਸ.ਓ. ਨੂੰ ਤੁਰੰਤ ਮੁਅੱਤਲੀ ਅਧੀਨ ਕਰਦੇ ਹੋਏ, ਉਨਾਂ ਖਿਲਾਫ ਵਿਭਾਗੀ ਕਾਰਵਾਈ / ਚਾਰਜਸ਼ੀਟ ਕਰਨ ਦੇ ਹੁਕਮ ਦਿੱਤੇ ਗਏ ਹਨ । ਇਸ ਤੋਂ ਇਲਾਵਾ ਰਾਜ ਰਿਸ਼ੀ ਮਹਿਰਾ ਡੀ.ਐਫ.ਐਸ.ਸੀ. ਅੰਮਿ੍ਰਤਸਰ ਅਤੇ ਉਨਾਂ ਤੋਂ ਪਹਿਲਾਂ ਤਾਇਨਾਤ ਡੀ.ਐਫ.ਐਸ.ਸੀ. ਅੰਮ੍ਰਿਤਸਰ, ਜਸਜੀਤ ਕੌਰ ਵਿਰੁੱਧ ਵੀ ਸੁਪਰਵਾਇਜ਼ਰੀ ਲੈਪਸ ਅਤੇ ਅਣਗਹਿਲੀ ਕਾਰਣ ਵਿਭਾਗੀ ਕਾਰਵਾਈ ਚਾਰਜਸ਼ੀਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ । ਇਸ ਤੋਂ ਇਲਾਵਾ ਪੁਲਿਸ ਸਟੇਸ਼ਨ ਜੰਡਿਆਲਾ ਜ਼ਿਲਾ ਅੰਮਿ੍ਤਸਰ ਦਿਹਾਤੀ ਵਿਖੇ ਦੋਸ਼ੀ ਨਿਰੀਖਕ ਵਿਰੁੱਧ ਐਫ.ਆਈ.ਆਰ ਨੰ 0239 ਮਿਤੀ 6 ਅਗਸਤ ਦਰਜ ਕਰਵਾਈ ਗਈ ਸੀ ।
ਖੁਰਾਕ ਅਤੇ ਸਪਲਾਈਜ਼ ਮੰਤਰੀ ਪੰਜਾਬ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਸਰਕਾਰ ਵਲੋਂ ਕਿਸੇ ਵੀ ਤਰਾਂ ਦੇ ਭਿ੍ਰਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀ ਪਾਏ ਜਾਂਦੇ ਅਧਿਕਾਰੀਆਂ / ਕਰਮਚਾਰੀਆਂ ਵਿਰੁਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ