ਸੰਘਰਸ਼ ਕਮੇਟੀ ਨਾਲ ਤਾਲਮੇਲ ਕਰਨ ਲਈ ਅਸ਼ਵਨੀ ਸ਼ਰਮਾ ਵੱਲੋਂ ਪੰਜਾਬ ਪੱਧਰੀ ਚਾਰ ਮੈਂਬਰੀ ਕਮੇਟੀ ਗਠਿਤ

Bharatmala Project Sachkahoon

ਭਾਰਤ ਮਾਲਾ ਪ੍ਰੋਜੈਕਟ ਦੇ ਪੰਜਾਬ ਅੰਦਰ ਹੋ ਰਹੇ ਵਿਰੋਧ ਦਾ ਮਾਮਲਾ

ਸੋਢੀ ਕਮੇਟੀ ਦੇ ਇੰਚਾਰਜ਼, ਢਿੱਲੋਂ ਤੇ ਸਰਾਂ ਹੋਣਗੇ ਸਹਿ ਇੰਚਾਰਜ਼

(ਸੱਚ ਕਹੁੂੰ ਨਿਊਜ) ਪਟਿਆਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਭਾਰਤ ਮਾਲਾ (ਦਿੱਲੀ-ਜੰਮੂ ਕਟੜਾ ਹਾਈਵੇਅ) ਪ੍ਰੋਜੈਕਟ ਦੇ ਵਿਰੋਧ ਵਿੱਚ ਪੰਜਾਬ ਅੰਦਰ ਆ ਰਹੀਆਂ ਘਟਨਾਵਾਂ ਦੇ ਨਿਪਟਾਰੇ ਅਤੇ ਜਾਂਚ-ਸਬੰਧੀ ਭਾਜਪਾ ਦੇ ਸੀਨੀਅਰ ਆਗੂ ਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਵੱਲੋਂ ਬੀਤੇ ਦਿਨੀਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਮੁਲਾਕਾਤ ਕਰਕੇ ਸਾਰਾ ਮਾਮਲਾ ਧਿਆਨ ’ਚ ਲਿਆਂਦਾ।

ਇਸ ਸਬੰਧੀ ਢਿੱਲੋਂ ਨੇ ਆਖਿਆ ਕਿ ਮਾਮਲਾ ਧਿਆਨ ਵਿਚ ਆਉਣ ਉਪਰੰਤ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਭਾਜਪਾ ਦੇ ਸੀਨੀਅਰ ਆਗੂਆਂ ਦੀ ਪੰਜਾਬ ਪੱਧਰੀ ਇੱਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਇਸ ਸਾਰੇ ਮਾਮਲੇ ਦੀ ਪੜਤਾਲ ਕਰਕੇ ਸੂਬਾ ਭਾਜਪਾ ਨੂੰ ਰਿਪੋਰਟ ਦੇਵੇਗੀ। ਗੁਰਤੇਜ ਸਿੰਘ ਢਿੱਲੋਂ ਨੇ ਆਖਿਆ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਬਣਾਈ ਤਾਲਮੇਲ ਕਮੇਟੀ ਦੇ ਦਿਆਲ ਸਿੰਘ ਸੋਢੀ ਪ੍ਰਭਾਰੀ, ਗੁਰਤੇਜ ਸਿੰਘ ਢਿੱਲੋਂ, ਤਜਿੰਦਰ ਸਿੰਘ ਸਰਾਂ ਤੇ ਸੁਖਪਾਲ ਸਿੰਘ ਸਰਾਂ ਸਹਿ ਇੰਚਾਰਜ਼ ਹੋਣਗੇ।

ਢਿੱਲੋਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਕੇਂਦਰ ਦੇ ਭਾਰਤ ਮਾਲਾ ਪ੍ਰੋਜੈਕਟ ਜੋ ਕਿ ਪੰਜਾਬ ਦੇ ਤਕਰੀਬਨ 13 ਜ਼ਿਲ੍ਹਿਆਂ ’ਚੋਂ ਹੁੰਦਾ ਹੋਇਆ ਗੁਜ਼ਰੇਗਾ, ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਅਜਿਹੀਆਂ ਖ਼ਬਰਾਂ ਮਿਲ ਰਹੀਆਂ ਸਨ ਕਿ ਇਸ ਪ੍ਰੋਜੈਕਟ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨਾਂ ਬਦਲੇ ਮਿਲਣ ਵਾਲੇ ਮੁਆਵਜ਼ੇ ਤੋਂ ਕਿਸਾਨ ਵੀਰ ਸੰਤੁਸ਼ਟ ਨਹੀਂ ਹਨ ਅਤੇ ਉਹ ਇਸ ਪ੍ਰੋਜੈਕਟ ਦਾ ਸੂਬੇ ਅੰਦਰ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਇਸ ਪ੍ਰੋਜੈਕਟ ਲਈ ਬਣਦਾ ਪੂਰਾ ਮੁਆਵਜ਼ਾ ਅਦਾ ਕਰਨ ਲਈ ਬਚਨਬੱਧ ਹੈ ਅਤੇ ਕਿਸਾਨਾਂ ਨਾਲ ਇਸ ਸਬੰਧੀ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਆਖਿਆ ਕਿ ਇਸ ਪ੍ਰੋਜੈਕਟ ਦੇ ਹੋ ਰਹੇ ਵਿਰੋਧ ਦੇ ਦੀ ਜੜ੍ਹ ਤੱਕ ਪੁੱਜਣ ਲਈ ਗਠਿਤ ਕਮੇਟੀ ਰੋਡ ਸੰਘਰਸ਼ ਕਮੇਟੀ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਸਮੱਸਿਆ ਦਾ ਜਾਇਜ਼ਾ ਲੈਣਗੇ ਅਤੇ ਆਪਣੀ ਰਿਪੋਰਟ ਸੌਂਪਣਗੇ ਤਾਂਕਿ ਕੇਂਦਰ ਨਾਲ ਰਾਬਤਾ ਕਾਇਮ ਕਰਕੇ ਇਸ ਵਿਰੋਧ ਨੂੰ ਸ਼ਾਂਤ ਕੀਤਾ ਜਾ ਸਕੇ। ਸੂਬਾ ਭਾਜਪਾ ਵਲੋਂ ਗਠਿਤ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਆਖਿਆ ਕਿ ਪਾਰਟੀ ਵੱਲੋਂ ਜਿਹੜੀ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਹੀਲਾ ਵਰਤਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ