ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਲੋਕਾਂ ਨੂੰ ਦੇਣਗੇ 6 ਹੋਰ ਗਾਰੰਟੀਆਂ : ਵਿਧਾਇਕ ਪੰਡੋਰੀ

Kulwant Singh Pandori Sachkahoon

ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਲੋਕਾਂ ਨੂੰ ਦੇਣਗੇ 6 ਹੋਰ ਗਾਰੰਟੀਆਂ : ਵਿਧਾਇਕ ਪੰਡੋਰੀ

ਰਵੀ ਗੁਰਮਾ, ਸ਼ੇਰਪੁਰ। ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਪੰਡੋਰੀ ਨਾਲ ਸਾਡੇ ਪ੍ਰਤੀਨਿਧ ਰਵੀ ਗੁਰਮਾ ਵੱਲੋਂ ਵਿਸ਼ੇਸ਼ ਵਾਰਤਾਲਾਪ ਕੀਤੀ ਗਈ ਉਨ੍ਹਾਂ ਤੋਂ ਪਿਛਲੇ ਪੰਜ ਸਾਲਾਂ ਵਿੱਚ ਹਲਕੇ ਦੀ ਕਾਰਗੁਜ਼ਾਰੀ ਬਾਰੇ ਪੁੱਛਿਆ ਗਿਆ ਅਤੇ ਉਨ੍ਹਾਂ ਦੇ ਭਵਿੱਖੀ ਕਦਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਪਹਿਲੀ ਵਾਰ ਚੋਣ ਲੜਨ ਵਾਲੇ ਪੱਤਰਕਾਰ ਰਹੇ ਕੁਲਵੰਤ ਸਿੰਘ ਪੰਡੋਰੀ ਨੂੰ ਹਲਕੇ ਦੇ ਲੋਕਾਂ ਨੇ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਉਹ ਲੋਕਾਂ ਦੀਆਂ ਆਸਾਂ ’ਤੇ ਕਿੰਨਾ ਪੂਰੇ ਉਤਰੇ ਹਨ ਇਸ ਬਾਰੇ ਲੋਕ ਵੋਟਾਂ ਰਾਹੀਂ ਆਪਣਾ ਫੈਸਲਾ ਦੇਣਗੇ ਪਰ ਪੰਡੋਰੀ ਨੇ ਹਲਕੇ ਲਈ ਕੀ ਕੁਝ ਕੀਤਾ ਇਸ ਬਾਰੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਗਈ

ਸਵਾਲ : ਤੁਸੀਂ ਆਪਣੀ ਪੰਜ ਸਾਲ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ?
ਜਵਾਬ : ਮੈਂ ਸਰਕਾਰ ਵਿਚ ਵਿਰੋਧੀ ਧਿਰ ਦਾ ਰੋਲ ਬਹੁਤ ਵਧੀਆ ਨਿਭਾਇਆ ਹੈ। ਮੈਂ ਹਲਕਾ ਮਹਿਲ ਕਲਾਂ ਨਾਲ ਸਬੰਧਤ ਬਹੁਤ ਸਾਰੇ ਸੁਆਲ ਵਿਧਾਨ ਸਭਾ ਵਿੱਚ ਚੁੱਕੇ ਹਨ ਅਤੇ ਮੈਂ ਆਪਣੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਾਂ। ਮੈਂ ਹਲਕੇ ਅੰਦਰ ਅਨੇਕਾਂ ਹੀ ਪੁਲਾਂ ਦਾ ਨਿਰਮਾਣ ਵਿਧਾਨ ਸਭਾ ਵਿੱਚ ਆਪਣੇ ਸਵਾਲ ਲਗਵਾਕੇ ਕਰਵਾਇਆ ਹੈ।
ਸਵਾਲ : ਤੁਸੀਂ ਅਜਿਹੇ ਕਿਹੜੇ ਮੁੱਦੇ ਹਨ, ਜੋ ਚੋਣਾਂ ਦੌਰਾਨ ਤੁਸੀਂ ਮੁੜ ਲੋਕਾਂ ਵਿਚ ਲੈ ਕੇ ਜਾਓਗੇ?
ਜਵਾਬ : ਲੋਕ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਪਸੰਦ ਕਰਦੇ ਹਨ। ਅੱਜ ਤਕ ਲੋਕ ਰਾਜਨੀਤਕ ਪਾਰਟੀਆਂ ਤੋਂ ਵਿਸ਼ਵਾਸ ਕਰਨੋਂ ਹਟ ਗਏ ਸਨ, ਪਰ ਆਮ ਆਦਮੀ ਪਾਰਟੀ ਅਜਿਹੀ ਰਾਜਨੀਤਕ ਪਾਰਟੀ ਹੈ ਜਿਸ ਵਿੱਚ ਲੋਕ ਵਿਸ਼ਵਾਸ ਕਰਦੇ ਹਨ। ਅਸੀਂ ਸਿਹਤ, ਬਿਜਲੀ ’ਤੇ ਸਿੱਖਿਆ ਨੂੰ ਲੈਕੇ ਲੋਕਾਂ ਵਿੱਚ ਜਾਵਾਂਗੇ।
ਸਵਾਲ : ਤੁਸੀਂ ਹਲਕੇ ਦੇ ਲੋਕਾਂ ਤੋਂ ਕਿਸ ਤਰ੍ਹਾਂ ਵੋਟਾਂ ਮੰਗੋਗੇ, ਲੋਕਾਂ ਵਿੱਚ ਕਾਫ਼ੀ ਨਰਾਜ਼ਗੀ ਹੈ ?
ਜਵਾਬ : ਮੈਂ ਅਰਵਿੰਦ ਕੇਜਰੀਵਾਲ ਦਾ ਸਿਪਾਹੀ ਹਾਂ ਉਨ੍ਹਾਂ ਦੇ ਕਹਿਣੇ ਮੁਤਾਬਕ, ਮੈਂ ਲੋਕਾਂ ਵਿੱਚ ਭੈਣ-ਭਰਾਵਾਂ ਦੀ ਤਰ੍ਹਾਂ ਵਿਚਰਦਾ ਆ ਰਿਹਾ ਹਾਂ, ਨਾ ਕਿ ਲੀਡਰਾਂ ਦੀ ਤਰ੍ਹਾਂ। ਮੈਂ ਹੁਣ ਤੱਕ ਦੇ ਕਾਰਜਕਾਲ ਦੌਰਾਨ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਇਆ ਹੈ। ਚਾਹੇ ਗੱਲ ਗਲੀਆਂ ਨਾਲੀਆਂ ਦੀ ਹੋਵੇ, ਚਾਹੇ ਹੋਰ ਕੰਮਾਂ ਦੀ। ਮੈਂ ਆਪਣੇ ਕਾਰਜਕਾਲ ਦੌਰਾਨ ਡਰੇਨਾਂ ਦੀ ਸਫਾਈ ਕਰਵਾਈ ਹੈ। ਜਿਸ ਕਰਕੇ ਮੇਰੇ ਕਾਰਜਕਾਲ ਦੌਰਾਨ ਫਸਲਾਂ ਦਾ ਬਿਲਕੁਲ ਵੀ ਨੁਕਸਾਨ ਨਹੀਂ ਹੋਇਆ। ਚੋਣਾਂ ਤੋਂ ਪਹਿਲਾਂ ਮੈਂ ਆਪਣੇ ਕੰਮਾਂ ਦਾ ਹਿਸਾਬ ਕਿਤਾਬ ਜਨਤਾ ਅੱਗੇ ਰੱਖਾਂਗਾ।
ਸਵਾਲ : ਤੁਸੀਂ ਇਹ ਗੱਲ ਕਬੂਲਦੇ ਹੋ ਕਿ ਤੁਸੀਂ ਹਲਕੇ ਵਿੱਚ ਕੋਈ ਵੀ ਪ੍ਰਾਜੈਕਟ ਲਿਆਉਣ ਵਿੱਚ ਨਾਕਾਮਯਾਬ ਰਹੇ ਹੋ?
ਜਵਾਬ : ਪ੍ਰਾਜੈਕਟ ਤਾਂ ਹਮੇਸ਼ਾਂ ਸਰਕਾਰ ਨੇ ਹੀ ਦੇਣੇ ਹੁੰਦੇ ਹਨ। ਵਿਰੋਧੀ ਧਿਰ ਦਾ ਲੀਡਰ ਤਾਂ ਹਮੇਸ਼ਾਂ ਆਪਣੀ ਮੰਗ ਰੱਖ ਸਕਦਾ ਹੈ ਮੈਂ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ ਸਨ, ਪਰ ਉਨ੍ਹਾਂ ਨੇ ਕੁਝ ਵੀ ਨਹੀਂ ਦਿੱਤਾ। ਮੈਨੂੰ ਆਈਟੀਆਈ ਸੰਬੰਧੀ ਚਰਨਜੀਤ ਸਿੰਘ ਚੰਨੀ ਨੇ ਵਿਸ਼ਵਾਸ ਜ਼ਰੂਰ ਦਿਵਾਇਆ ਸੀ ਕਿ ਜਲਦੀ ਆਈਟੀਆਈ ਦਾ ਨਿਰਮਾਣ ਕਰਵਾਇਆ ਜਾਵੇਗਾ ਪਰ ਕੋਰੋਨਾ ਕਾਰਨ ਉਹ ਵੀ ਪੂਰਾ ਨਹੀਂ ਹੋ ਸਕਿਆ ।
ਸਵਾਲ : ਲੋਕਾਂ ਵਿੱਚ ਚਰਚਾਵਾਂ ਹਨ ਕਿ ਤੁਸੀਂ ਮਹਿਲ ਕਲਾਂ ਦੀ ਬਜਾਏ ਕਿਸੇ ਹੋਰ ਹਲਕਾ ਲੱਭ ਰਹੇ ਹੋ?
ਜਵਾਬ : ਦੇਖੋ ਇਹ ਬਿਲਕੁਲ ਗਲਤ ਹੈ। ਹਲਕਾ ਮਹਿਲ ਕਲਾਂ ਦੇ ਲੋਕ ਮੈਨੂੰ ਪਸੰਦ ਕਰਦੇ ਹਨ, ਮੈਂ ਆਪਣਾ ਘਰ ਛੱਡ ਕੇ ਕਿਉਂ ਜਾਵਾਂਗਾ। ਇਸ ਹਲਕੇ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ ਮੈਂ ਲੋਕਾਂ ਨੂੰ ਰੱਬ ਦੇ ਰੂਪ ਸਮਝਦਾ ਹਾਂ।
ਸਵਾਲ : ਬਿਜਲੀ ਸਬੰਧੀ ਹੋ ਰਹੀ ਰਾਜਨੀਤੀ ਨੂੰ ਕਿਵੇਂ ਦੇਖਦੇ ਹੋ?
ਜਵਾਬ : ਬਿਜਲੀ ਇਕ ਵਿਸ਼ਾ ਹੈ ਜਿਸ ਦੀ ਸਭ ਨੂੰ ਲੋੜ ਹੈ, ਪ੍ਰੰਤੂ ਜਦੋਂ ਉਸ ਦਾ ਬਿੱਲ ਆਉਂਦਾ ਹੈ ਤਾਂ ਹਰੇਕ ਵਰਗ ਨੂੰ ਔਖਾ ਹੋ ਜਾਂਦਾ ਹੈ। ਬਿਜਲੀ, ਸਿਹਤ, ਪਾਣੀ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਹਨ। ਇਨ੍ਹਾਂ ਚੀਜਾਂ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਪਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜੀਆਂ ਹਨ। ਅਰਵਿੰਦ ਕੇਜਰੀਵਾਲ ਜੀ ਨੇ ਸਾਨੂੰ ਬਿਜਲੀ ਮੁਫ਼ਤ ਦੇਣ ਲਈ ਐਲਾਨ ਹੀ ਨਹੀਂ ਸਗੋਂ ਗਾਰੰਟੀ ਦਿੱਤੀ ਹੈ। ਉਨ੍ਹਾਂ ਜੋ ਦਿੱਲੀ ਵਿੱਚ ਕਿਹਾ ਸੀ ਉਹ ਕਰਕੇ ਦਿਖਾਇਆ ਹੈ।
ਸਵਾਲ : ਤੁਸੀਂ ਪਿਛਲੇ ਦਿਨੀਂ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਕੀਤੀ ਉਸ ਬਾਰੇ ਚਾਨਣਾ ਪਾਓ?
ਜਵਾਬ : ਅਰਵਿੰਦ ਕੇਜਰੀਵਾਲ ਨਾਲ ਪਿਛਲੇ ਸਮੇਂ ਸਾਡੀ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਅਰਵਿੰਦ ਕੇਜਰੀਵਾਲ ਨੇ ਵਾਅਦਾ ਕੀਤਾ ਹੈ ਕਿ ਉਹ ਬਿਜਲੀ ਸਮੇਤ ਅਜਿਹੀਆਂ 6 ਗਾਰੰਟੀਆਂ ਹੋਰ ਪੰਜਾਬ ਨੂੰ ਦੇਣ ਜਾ ਰਹੇ ਹਨ ਜਿਸ ਸੰਬੰਧੀ ਅਰਵਿੰਦ ਕੇਜਰੀਵਾਲ ਖ਼ੁਦ ਪੰਜਾਬ ਵਿੱਚ ਆਕੇ ਐਲਾਨ ਕਰਿਆ ਕਰਨਗੇ। ਉਨ੍ਹਾਂ ਗਰੰਟੀਆਂ ਨੂੰ ਪੂਰਾ ਕਰਨ ਲਈ ਪੈਸਾ ਕਿੱਥੋਂ ਆਵੇਗਾ ਇਸ ਬਾਰੇ ਵੀ ਵਿਸਥਾਰਪੂਰਵਕ ਲੋਕਾਂ ਨੂੰ ਦੱਸਿਆਂ ਜਾਵੇਗਾ।
ਸਵਾਲ : ਤੁਸੀਂ ਨਵੇਂ ਬਣੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਿਸ ਤਰ੍ਹਾਂ ਦੇਖਦੇ ਹੋ ?
ਜਵਾਬ : ਨਵਜੋਤ ਸਿੰਘ ਸਿੱਧੂ ਇਕ ਅਜਿਹਾ ਵਿਅਕਤੀ ਹੈ ਜੋ ਕੇਵਲ ਗੱਲਾਂ ਮਾਰਨ ਵਾਲਾ ਹੀ ਹੈ। ਉਹ ਜਿਥੇ ਵੀ ਜਾਂਦਾ ,ਉੱਥੇ ਹੀ ਜਾ ਕੇ ਕਹਿੰਦਾ ਇਹ ਮੇਰੇ ਪੱਗ ਦੇ ਲੜ ਹਨ । ਪਰ ਹੁਣ ਉਸ ਦੇ ਪੱਗ ਦੇ ਲੜ ਰੇਤ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀ ਨਾਲ ਲਿੱਬੜੇ ਹੋਏ ਹਨ। ਪਹਿਲਾਂ ਨਵਜੋਤ ਸਿੰਘ ਸਿੱਧੂ ਹਰ ਗੱਲ ਉੱਪਰ ਟਵੀਟ ਕਰਦਾ ਸੀ ਪਰ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਟਵੀਟ ਗਾਇਬ ਹੋ ਗਏ ਸ਼ਾਇਦ ਉਨ੍ਹਾਂ ਦਾ ਅਸਲੀ ਮੁੱਦਾ ਪ੍ਰਧਾਨਗੀ ਲੈਣਾ ਹੀ ਸੀ ।
ਸਵਾਲ : ਤੁਸੀਂ ਹਮੇਸ਼ਾਂ ਅਕਾਲੀ ਤੇ ਕਾਂਗਰਸੀਆਂ ਨੂੰ ਭਿ੍ਰਸ਼ਟ ਆਖਦੇ ਹੋ ਪਰ ਜਦੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਕਿ ਫਿਰ ਉਹ ਸਾਫ਼ ਸੁਥਰੇ ਹੋ ਜਾਂਦੇ ਹਨ ?
ਜਵਾਬ : ਦੇਖੋ ਅਜਿਹੀ ਕੋਈ ਗੱਲ ਨਹੀਂ ਹੈ ,ਅਸੀਂ ਆਮ ਆਦਮੀ ਪਾਰਟੀ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਸ਼ਾਮਲ ਕਰਦੇ ਹਾਂ ਉਨ੍ਹਾਂ ਉਪਰ ਕਿਸੇ ਤਰ੍ਹਾਂ ਦਾ ਕੋਈ ਦਾਗ ਨਹੀਂ ਹੁੰਦਾ । ਕਿਉਂਕਿ ਪੰਜੇ ਉਂਗਲਾਂ ਇਕਸਾਰ ਨਹੀਂ ਹੁੰਦੀਆਂ ,ਪਾਰਟੀਆਂ ਵਿਚ ਜਿਥੇ ਭਿ੍ਰਸ਼ਟ ਵਿਅਕਤੀ ਸਾਮਲ ਹੁੰਦੇ ਹਨ ਉਥੇ ਚੰਗੇ ਵਿਅਕਤੀ ਵੀ ਹੁੰਦੇ ਹਨ ਸਾਨੂੰ ਸ਼ਾਮਿਲ ਹੋਣ ਲਈ ਤਾਂ ਬਹੁਤ ਕਹਿੰਦੇ ਹਨ ਪਰ ਅਸੀਂ ਹਮੇਸਾਂ ਉਨ੍ਹਾਂ ਵਿਅਕਤੀਆਂ ਨੂੰ ਹੀ ਸ਼ਾਮਲ ਕਰਦਿਆਂ ਹਾਂ ਜਿਨ੍ਹਾਂ ਉੱਪਰ ਕੋਈ ਉਂਗਲੀ ਖੜ੍ਹੀ ਨਹੀਂ ਕਰ ਸਕਦਾ ।
ਸਵਾਲ : ਤੁਸੀਂ ਹਲਕੇ ਵਿਚ ਮੁੱਖ ਮੁਕਾਬਲਾ ਕਿਸ ਨਾਲ ਸਮਝਦੇ ਹੋ ?
ਜਵਾਬ : ਮੁਕਾਬਲੇ ਵਾਲੀ ਕੋਈ ਗੱਲ ਹੀ ਨਹੀਂ ਕਿਉਂਕਿ ਲੋਕ ਇਨ੍ਹਾਂ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਪੰਜਾਬ ਵਿੱਚ ਲਿਆਉਣ ਲਈ ਬਹੁਤ ਕਾਹਲੇ ਪਏ ਹੋਏ ਹਨ । ਜਿਸ ਕਰਕੇ ਆਮ ਆਦਮੀ ਪਾਰਟੀ ਪੂਰਨ ਬਹੁਮਤ ਉੱਤੇ ਜਿੱਤ ਕੇ ਆਪਣੀ ਸਰਕਾਰ ਬਣਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ