ਡੇਰਾ ਸ਼ਰਧਾਲੂ ਬੇਕਸੂਰ
(ਸੱਚ ਕਹੂੰ ਨਿਊਜ਼) ਫਰੀਦਕੋਟ । ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਕੰਧਾਂ ’ਤੇ ਲਾਏ ਗਏ ਪੋਸਟਰਾਂ ਦੇ ਸਬੰਧ ’ਚ ਥਾਣਾ ਬਾਜਾਖਾਨਾ ਵਿਖੇ ਦਰਜ਼ ਮੁਕੱਦਮਾ ਨੰਬਰ 117 ’ਚ ਗ੍ਰਿਫ਼ਤਾਰ ਚਾਰ ਡੇਰਾ ਸ਼ਰਧਾਲੂਆਂ ਨੂੰ ਅੱਜ ਫਰੀਦਕੋਟ ਦੀ ਮਾਣਯੋਗ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਵੇਰਵਿਆਂ ਮੁਤਾਬਿਕ ਬੇਅਦਬੀ ਨਾਲ ਸਬੰਧਿਤ ਜੋ ਪੋਸਟਰ ਲਾਏ ਗਏ ਸਨ ਉਸ ਮਾਮਲੇ ’ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਚਾਰ ਡੇਰਾ ਸ਼ਰਧਾਲੂਆਂ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸੰਨੀ, ਬਲਜੀਤ ਸਿੰਘ ਅਤੇ ਰਣਜੀਤ ਸਿੰਘ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਸੀ।
ਬਚਾਅ ਪੱਖ ਦੇ ਵਕੀਲਾਂ ਐਡਵੋਕੇਟ ਆਰ. ਕੇ. ਹਾਂਡਾ, ਵਿਨੋਦ ਮੋਂਗਾ, ਵਿਵੇਕ ਗੁਲਬਧਰ ਅਤੇ ਬਸੰਤ ਸਿੰਘ ਸਿੱਧੂ ਨੇ ਦੱਸਿਆ ਕਿ ਮੁਕੱਦਮਾ ਨੰਬਰ 117 ’ਚ ਉਪਰੋਕਤ ਚਾਰਾਂ ਜਣਿਆਂ ਦੀ ਜ਼ਮਾਨਤ ਸਬੰਧੀ ਅਰਜੀ ਲਾਈ ਹੋਈ ਸੀ ਜਿਸ ’ਤੇ ਅੱਜ ਸੁਣਵਾਈ ਕਰਦਿਆਂ ਮਾਣਯੋਗ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਮਾਨਤ ਸਬੰਧੀ ਸੁਣਵਾਈ ਦੌਰਾਨ ਉਨ੍ਹਾਂ ਪੱਖ ਰੱਖਿਆ ਕਿ ਪੋਸਟਰ ਲਾਉਣ ਵਾਲੇ ਮਾਮਲੇ ’ਚ ਇਸ ਤੋਂ ਪਹਿਲਾਂ ਸੀਬੀਆਈ ਵੱਲੋਂ ਪੂਰੀ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ ਜਾ ਚੁੱਕੀ ਹੈ।
ਪੋਸਟਰ ਉੱਪਰ ਲਿਖੀ ਲਿਖਾਈ ਨਾਲ ਲਿਖਾਈ ਦਾ ਮਿਲਾਣ ਵੀ ਕੀਤਾ ਗਿਆ ਜੋ ਕਿ ਡੇਰਾ ਸ਼ਰਧਾਲੂਆਂ ਦੀ ਲਿਖਾਈ ਨਾਲ ਨਹੀਂ ਮਿਲੀ। ਮੁਕੰਮਲ ਪੜਤਾਲ ਉਪਰੰਤ ਸੀਬੀਆਈ ਨੇ ਇਸ ਮਾਮਲੇ ’ਚ ਡੇਰਾ ਸ਼ਰਧਾਲੂਆਂ ਨੂੰ ਕਲੀਨ ਚਿਟ ਦਿੱਤੀ ਜਿਸ ਦਾ ਬਕਾਇਦਾ ਤੌਰ ’ਤੇ ਜ਼ਿਕਰ ਕਲੋਜ਼ਰ ਰਿਪੋਰਟ ’ਚ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਵਕੀਲਾਂ ਨੇ ਇਹ ਵੀ ਪੱਖ ਰੱਖਿਆ ਕਿ ਮਾਮਲੇ ’ਚ ਨਾਮਜ਼ਦ ਸਾਰੇ ਵਿਅਕਤੀਆਂ ਕੋਲੋਂ ਲੰਬੇ ਪੁਲਿਸ ਰਿਮਾਂਡ ਦੌਰਾਨ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਜਿੰਨ੍ਹਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾ ਸਕੇ। ਵਕੀਲਾਂ ਨੇ ਦੱਸਿਆ ਕਿ ਮਾਣਯੋਗ ਅਦਾਲਤ ਨੇ ਅੱਜ ਉਨ੍ਹਾਂ ਦੀਆਂ ਇਨ੍ਹਾਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਇਸ ਕੇਸ ’ਚ ਗ੍ਰਿਫ਼ਤਾਰ ਚਾਰੇ ਜਣਿਆਂ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸੰਨੀ, ਬਲਜੀਤ ਸਿੰਘ ਅਤੇ ਰਣਜੀਤ ਸਿੰਘ ਭੋਲਾ ਨੂੰ ਜ਼ਮਾਨਤ ਦੇ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ