ਵਪਾਰੀਆਂ ਲਈ ਚੋਣ ਮੈਨੀਫੈਸਟੋ ਵਿੱਚ ਵੱਡੀ ਰਾਹਤ ਦਾ ਹੋਵੇਗਾ ਐਲਾਨ: ਆਗੂ
(ਸੁਨੀਲ ਚਾਵਲਾ) ਸਮਾਣਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਪਾਰੀ ਵਰਗ ਦੀਆਂ ਦੁੱਖ ਤਕਲੀਫ਼ਾਂ ਸੁਨਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸੇ ਪ੍ਰੋਗਰਾਮ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਿੰਦੂ ਆਗੂ ਐਨ.ਕੇ. ਸ਼ਰਮਾ, ਸਰੂਪ ਚੰਦ ਸਿੰਗਲਾ ਅਤੇ ਪ੍ਰਕਾਸ਼ ਚੰਦ ਗਰਗ ਸਮਾਣਾ ਵਿਖੇ ਪੁੱਜੇ ਤੇ ਵਪਾਰੀ ਵਰਗ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਵਪਾਰੀ ਵਰਗ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣ ’ਤੇ ਮੁਸ਼ਕਿਲਾਂ ਦੁੂਰ ਕਰਨ ਦਾ ਭਰੋਸਾ ਦਵਾਇਆ।
ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ ਕਿ ਪੰਜਾਬ ਦੇ ਹਰ ਸ਼ਹਿਰ ਵਿੱਚ ਜਾ ਕੇ ਵਪਾਰੀ ਵਰਗ ਦੀਆਂ ਮੁਸ਼ਕਿਲਾਂ ਸੁਣ ਕੇ ਪਤਾ ਲਗਾਇਆ ਜਾਵੇ ਕਿ ਉਹ ਕੀ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਲਈ ਚੋਣ ਮੈਨੀਫੈਸਟੋ ਵਿੱਚ ਰਾਹਤ ਦਾ ਐਲਾਨ ਕੀਤਾ ਜਾ ਸਕੇ। ਐਨ.ਕੇ. ਸ਼ਰਮਾ, ਸਰੂਪ ਚੰਦ ਗਰਗ ਅਤੇ ਪ੍ਰਕਾਸ਼ ਚੰਦ ਸਿੰਗਲਾ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਦੇ ਸ਼ਾਸਨ ਦੌਰਾਨ ਵਪਾਰੀ ਵਰਗ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਰਿਹਾ ਹੈ । ਕੋਰੋਨਾ ਮਹਾਂਮਾਰੀ ਕਾਰਨ ਵਪਾਰ ਬੁਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ ਪ੍ਰੰਤੂ ਸਰਕਾਰ ਵੱਲੋਂ ਵਪਾਰੀ ਵਰਗ ਲਈ ਕੋਈ ਰਾਹਤ ਨਹੀਂ ਦਿੱਤੀ ਗਈ। ਕੰਮ ਕਾਜ ਠੱਪ ਰਹਿਣ ਦੇ ਬਾਜਵੂਦ ਬਿਜਲੀ ਦੇ ਬਿੱਲ , ਸਕੂਲਾਂ ਦੀਆਂ ਫੀਸਾਂ ਤੇ ਹੋਰ ਖ਼ਰਚੇ ਪਹਿਲਾਂ ਦੀ ਤਰ੍ਹਾਂ ਹੀ ਪੈ ਰਹੇ ਹਨ। ਕਾਂਗਰਸ ਸਰਕਾਰ ਨੇ ਵਪਾਰੀ ਵਰਗ ਲਈ ਕੋਈ ਰਾਹਤ ਨਹੀਂ ਦਿੱਤੀ। ਇਸ ਮੌਕੇ ਸਾਬਕਾ ਕੈਬਨਿਟ ਵਜੀਰ ਸੁਰਜੀਤ ਸਿੰਘ ਰੱਖੜਾ, ਸਾਬਕਾ ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ ਸਣੇ ਹੋਰ ਕੌਂਸਲਰ ਤੇ ਅਕਾਲੀ ਆਗੂ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ