ਵੱਡੀ ਭੈਣ ਨੂੰ ਪ੍ਰਾਈਵੇਟ ਨੌਕਰੀ, ਰੈੱਡ ਕਰਾਸ ਰਾਹੀਂ ਮਾਲੀ ਮਦਦ ਤੇ ਪੜ੍ਹਾਈ ਸਮੇਤ ਬੈਡਮਿੰਟਨ ਦੀ ਮੁਫ਼ਤ ਕੋਚਿੰਗ ਦਾ ਐਲਾਨ
(ਗੁਰਤੇਜ ਜੋਸੀ) ਮਾਲੇਰਕੋਟਲਾ। ਜ਼ਿਲ੍ਹਾ ਮਾਲੇਰਕੋਟਲਾ ’ਚ ਆਪਣੇ ਪਰਿਵਾਰ ਨੂੰ ਚਲਾਉਣ ਲਈ ਇਲੈ੍ਰਕਟ੍ਰੋਨਿਕ ਆਟੋ ਰਿਕਸ਼ਾ ਚਲਾਉਂਦੀ ਰੀਤੂ ਵਰਮਾ ਦੀ ਬੀਤੇ ਦਿਨੀਂ ਸੱਚ ਕਹੂੰ ਵੱਲੋਂ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸਿਤ ਕੀਤੀ ਗਈ ਸੀ, ਜਿਸ ’ਤੇ ਪ੍ਰਸਾਸ਼ਨ ਵੱਲੋਂ ਫੌਰੀ ਐਕਸ਼ਨ ਲੈਂਦਿਆਂ ਆਟੋ ਚਾਲਕ ਲੜਕੀ ਤੱਕ ਪਹੁੰਚ ਕੀਤੀ। ਐਸ.ਡੀ.ਐਮ. ਟੀ.ਬੈਨਿਥ ਵੱਲੋਂ ਆਟੋ ਚਾਲਕ ਰੀਤੂ ਵਰਮਾ ਨਾਲ ਮੁਲਾਕਾਤ ਕਰਕੇ ਉਸ ਤੋਂ ਆਟੋ ਚਲਾਉਣ ਦੀ ਮਜ਼ਬੂਰੀ ਬਾਰੇ ਪੁੱਛਿਆ ਗਿਆ। ਐਸ.ਡੀ.ਐਮ. ਟੀ.ਬੈਨਿਥ ਨੇ ਰੀਤੂ ਵਰਮਾ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਰੀਤੂ ਵਰਮਾ ਨਾਬਾਲਗ ਹੋਣ ਕਾਰਨ ਪ੍ਰਸਾਸ਼ਨ ਵੱਲੋਂ ਉਸ ਨੂੰ ਆਟੋ ਨਾ ਚਲਾ ਕੇ ਉਸ ਦੀ ਜਗ੍ਹਾਂ ਉਸ ਦੀ ਵੱਡੀ ਭੈਣ ਜੋ ਕਿ 21 ਸਾਲਾਂ ਦੀ ਹੈ, ਨੂੰ ਪ੍ਰਾਈਵੇਟ ਨੌਕਰੀ ਲੈ ਕੇ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਦੀ ਰੈੱਡ ਕਰਾਸ ਰਾਹੀਂ ਆਰਥਿਕ ਸਹਾਇਤਾ ਕਰਵਾਈ ਜਾਵੇਗੀ ਇਸ ਦੇ ਨਾਲ ਹੀ ਰੀਤੂ ਵਰਮਾ ਜੋ ਕਿ ਬੈਡਮਿੰਟਨ ਦੀ ਖਿਡਾਰਨ ਹੈ, ਨੂੰ ਆਰਥਿਕ ਤੰਗੀ ਕਾਰਨ ਬੈਡਮਿੰਟਨ ਦੀ ਕੋਚਿੰਗ ਤੋਂ ਹਟਣਾ ਪੈ ਗਿਆ ਸੀ, ਨੂੰ ਪ੍ਰਸਾਸ਼ਨ ਦੇ ਕਹਿਣ ’ਤੇ ਉਸ ਦੀ ਮੁੜ ਮੁਫ਼ਤ ਕੋਚਿੰਗ ਸ਼ੁਰੂ ਕਰਵਾਈ ਜਾਵੇਗੀ।
ਮਦਦ ਕਰਨ ਵਾਲਿਆਂ ਦਾ ਆਇਆ ਹੜ
ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ, ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਰੀਤੂ ਵਰਮਾ ਦੇ ਪਰਿਵਾਰ ਦੀ ਮਦਦ ਕਰਨ ਵਾਲਿਆਂ ਦੇ ਪਰਿਵਾਰ ਨੂੰ ਫੋਨ ਆਉਣ ਲੱਗੇ। ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪਰਿਵਾਰ ਨਾਲ ਉਨ੍ਹਾਂ ਦੇ ਘਰ ਵਿਖੇ ਮੁਲਾਕਾਤ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਉਹ ਪਰਿਵਾਰ ਦੀ ਸਮੇਂ ਸਮੇਂ ’ਤੇ ਮਦਦ ਕਰਨਗੇ।
ਇਸ ਮੌਕੇ ਆਟੋ ਚਾਲਕ ਰੀਤੂ ਵਰਮਾ ਦੀ ਮਾਤਾ ਨੀਨਾ ਵਰਮਾ ਨੇ ਕਿਹਾ ਕਿ ਅਖਬਾਰ ਵਿੱਚ ਖਬਰ ਛਪਣ ਤੋਂ ਬਾਅਦ ਉਹਨਾਂ ਨੂੰ ਸਥਾਨਕ ਐਸ.ਡੀ.ਐਮ ਸਾਹਿਬ ਨੇ ਬੁਲਾਇਆ ਅਤੇ ਆਟੋ ਰਿਕਸਾ ਚਲਾਉਣ ਦੀ ਮਜਬੂਰੀ ਬਾਰੇ ਪੁੱਛਿਆ। ਸਾਡੀ ਸਾਰੀ ਗੱਲ ਸੁਨਣ ਤੋਂ ਬਾਅਦ ਉਹਨਾਂ ਪੂਰਾ ਭਰੋਸਾ ਦਿਵਾਇਆ ਕਿ ਰੈੱਡ ਕਰਾਸ ਰਾਹੀਂ ਮਾਲੀ ਮੱਦਦ, ਵੱਡੀ ਲੜਕੀ ਜੋ ਬਾਲਗ ਹੈ ਨੂੰ ਕਿਸੇ ਵਿਭਾਗ ਵਿੱਚ ਪ੍ਰਾਈਵੇਟ ਨੌਕਰੀ ਅਤੇ ਰੀਤੂ ਜੋਕਿ ਅਜੇ ਬਾਲਗ ਨਹੀਂ ਹੈ ਨੂੰ ਬੈਡਮਿੰਨਟਨ ਦੀ ਕੋਚਿੰਗ ਮੁਫਤ ਦੇਣ ਦਾ ਅਤੇ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਕੀਤਾ ਜਾਵੇਗਾ ਉਨ੍ਹਾਂ ਅੱਗੇ ਕਿਹਾ ਕਿ ਹੁਣ ਸਾਨੂੰ ਪੂਰੀ ਉਮੀਦ ਹੈ ਕਿ ਉਸਦੇ ਬੱਚਿਆਂ ਦੀ ਜਿੰਦਗੀ ਵਿੱਚ ਸੁਧਾਰ ਆ ਜਾਵੇਗਾ।ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਵੀ ਕਈ ਸੰਸਥਾਵਾਂ ਵੱਲੋਂ ਮੱਦਦ ਕਰਨ ਦਾ ਭਰੋਸਾ ਮਿਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ