ਸਿਆਸੀ ਤਜ਼ਰਬਿਆਂ ਦਾ ਦੌਰ
ਅਗਲੇ ਸਾਲ ਪੰਜ ਰਾਜਾਂ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਅਜੇ ਹੋਣਾ ਹੈ ਫਿਰ ਵੀ ਏਨਾ ਸਮਾਂ ਪਹਿਲਾਂ ਹੀ ਪਾਰਟੀਆਂ ਦੇ ਅੰਦਰ ਤੇ ਬਾਹਰ ਘਮਸਾਣ ਮੱਚਿਆ ਹੋਇਆ ਹੈ ਪਾਰਟੀਆਂ ਲਈ ਰਾਜਨੀਤੀ ਦਾ ਇੱਕ ਹੀ ਅਰਥ ਤੇ ਇੱਕ ਹੀ ਮਕਸਦ ਬਾਕੀ ਰਹਿ ਗਿਆ ਹੈ ਉਹ ਹੈ-ਚੋਣਾਂ ਜਿੱਤਣਾ ਇਸ ਮਕਸਦ ਦੀ ਪੂਰਤੀ ਲਈ ਪਾਰਟੀਆਂ ਨਵੇਂ ਤੋਂ ਨਵਾਂ ਤਜ਼ਰਬਾ ਕਰਨ ਅਤੇ ਕੋਈ ਵੀ ਜ਼ੋਖਿਮ ਲੈਣ ਲਈ ਤਿਆਰ ਹਨ ਇਸ ਮਾਮਲੇ ’ਚ ਕਾਂਗਰਸ ਵੱਲੋਂ ਪੁਰਾਣੇ ਆਗੂਆਂ ਨੂੰ ਛੱਡ ਕੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਉਣ ਦੀ ਤਿਆਰੀ ਨਾਲ ਹੀ ਵੱਡਾ ਘਮਸਾਣ ਮੱਚ ਗਿਆ ਹੈ ਪਾਰਟੀ ’ਚ ਦੋ ਧੜੇ ਬਣਦੇ ਨਜ਼ਰ ਆ ਰਹੇ ਹਨ ਪੁਰਾਣੇ ਆਗੂਆਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੱਕ ’ਚ ਮੋਰਚਾ ਖੋਲ੍ਹ ਦਿੱਤਾ ਹੈ ਤੇ ਨਵੀਂ ਪੀੜ੍ਹੀ ਦੇ ਆਗੂ ਤੇ ਅਮਰਿੰਦਰ ਤੋਂ ਨਰਾਜ਼ ਆਗੂ ਨਵਜੋਤ ਸਿੱਧੂ ਨਾਲ ਇੱਕਜੁਟ ਹੋ ਰਹੇ ਹਨ। ਕਾਂਗਰਸ ਦੇ ਇਸ ਨਵੇਂ ਤਜ਼ਰਬੇ ਨਾਲ ਪੈਦਾ ਹੋਏ ਹਾਲਾਤ ਕਿਵੇਂ ਬਦਲਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੁਰਾਣੇ ਕਾਂਗਰਸੀ ਆਗੂਆਂ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਵੱਲੋਂ ਸਹਿਯੋਗੀ ਪਾਰਟੀ ਭਾਜਪਾ ਦੀ ਉਪ ਮੁੱਖ ਮੰਤਰੀ ਬਣਾਉਣ ਦੀ ਮੰਗ ਨੂੰ ਨਕਾਰਦਾ ਆਇਆ ਹੈ ਉਹੀ ਅਕਾਲੀ ਦਲ ਹੁਣ ਇੱਕ ਨਹੀਂ, ਸਗੋਂ ਦੋ-ਦੋ ਉਪ ਮੁੱਖ ਮੰਤਰੀ ਦੇ ਵਾਅਦੇ ਵੰਡ ਰਿਹਾ ਹੈ ਚੋਣਾਂ ਦੇ ਘਮਸਾਣ ’ਚ ਇੱਕ ਹੋਰ ਬੁਰਾ ਰੁਝਾਨ ਇਹ ਹੈ ਕਿ ਇਨਸਾਨੀਅਤ, ਭਾਈਚਾਰਾ, ਸੱਚਾਈ ਵਰਗੇ ਸਦਗੁਣਾਂ ਨੂੰ ਬੁਰੀ ਤਰ੍ਹਾਂ ਤਿਆਗਿਆ ਜਾ ਰਿਹਾ ਹੈ ਸੱਤਾ ਦੀ ਭੁੱਖ ’ਚ ਮਾੜੀ ਰਾਜਨੀਤੀ ਇਸ ਹੱਦ ਤੱਕ ਨਿੱਘਰ ਗਈ ਹੈ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਵੋਟਾਂ ਖਾਤਰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੱਤਾ ਦੇ ਲੋਭ ’ਚ ਉਹਨਾਂ ਡੇਰਾ ਸ਼ਰਧਾਲੂਆਂ ਨੂੰ ਝੂਠੇ ਮੁਕੱਦਮਿਆਂ ’ਚ ਫਸਾਇਆ ਜਾ ਰਿਹਾ ਹੈ ਜੋ ਦਿਨ-ਰਾਤ ਧਰਮਾਂ ਦੀ ਸਿੱਖਿਆ ’ਤੇ ਚੱਲ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਸਨ ਜਦੋਂਕਿ ਦੇਸ਼ ਦੀ ਇੱਕ ਜਾਂਚ ਏਜੰਸੀ ਡੇਰਾ ਸ਼ਰਧਾਲੂਆਂ ਨੂੰ ਨਿਰਦੋਸ਼ ਕਰਾਰ ਦੇ ਚੁੱਕੀ ਹੈ ।
ਇਸ ਮਾਮਲੇ ’ਚ ਰਾਜਨੀਤੀ ਇਸ ਕਦਰ ਹੋ ਰਹੀ ਹੈ ਕਿ ਅਸਲ ਦੋਸ਼ੀਆਂ ਨੂੰ ਲੱਭਣ ਦੀ ਬਜਾਇ ਇਹ ਮਾਮਲਾ ਪਾਰਟੀਆਂ ਦਾ ਇੱਕ-ਦੂਜੇ ’ਤੇ ਦੋਸ਼ ਲਾਉਣ ਤੱਕ ਸੀਮਿਤ ਹੋ ਗਿਆ ਹੈ ਜੇਕਰ ਵੇਖਿਆ ਜਾਏ ਤਾਂ ਪੰਜਾਬ ’ਚ ਕਿਸੇ ਵੀ ਪਾਰਟੀ ਕੋਲ ਜਨਤਾ ਦੇ ਮੁੱਦਿਆਂ ਲਈ ਕੋਈ ਜਵਾਬ ਨਹੀਂ ਹੈ ਸੂਬੇ ਦੀ ਸਿਆਸਤ ’ਚ ਇੱਕ ਮਾੜਾ ਹੱਥਕੰਡਾ ਰਿਹਾ ਹੈ ਕਿ ਧਾਰਮਿਕ ਮੁੱਦਿਆਂ ਨੂੰ ਉਭਾਰ ਕੇ ਸਿਆਸੀ ਕੁਰਸੀ ਪੱਕੀ ਕਰੋ ਇਹ ਮਾੜਾ ਤਜ਼ਰਬਾ ਪੰਜਾਬ ਦੀ ਸਿਆਸਤ ’ਤੇ ਅਜਿਹਾ ਕਲੰਕ ਹੈ ਜਿਸ ਨਾਲ ਆਉਣ ਵਾਲੀਆਂ ਪੀੜ੍ਹ੍ਹੀਆਂ ਸ਼ਰਮਸਾਰ ਹੋਣਗੀਆਂ ਸਿਆਸਤਦਾਨ ਸਮੇਂ ਦੇ ਮੁਤਾਬਕ ਸਿਆਸੀ ਤਜ਼ਰਬੇ ਕਰ ਸਕਦੇ ਹਨ, ਪਰ ਇਹ ਤਜ਼ਰਬੇ ਮਾਨਵਤਾ, ਧਾਰਮਿਕ ਸਾਂਝ ਤੇ ਭਾਈਚਾਰੇ ਨੂੰ ਦਾਅ ’ਤੇ ਲਾ ਕੇ ਨਾ ਕੀਤੇ ਜਾਣ ਇਹ ਚੇਤੇ ਰੱਖਣਾ ਪਵੇਗਾ ਕਿ ਰਾਜਨੀਤੀ ਮਨੁੱਖਤਾ ਲਈ ਹੈ ਰਾਜਨੀਤੀ ਲਈ ਮਨੁੱਖਤਾ ਨਾ ਕੁਰਬਾਨ ਕੀਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।