ਨਵਜੋਤ ਸਿੱਧੂ ਪੰਜਾਬ ਦੇ ਦੌਰੇ ’ਤੇ ਨਿਕਲੇ, ਕਾਂਗਰਸ ’ਚ ਵਧਿਆਂ ਅੰਦਰੂਨੀ ਕਲੇਸ਼
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿੱਚ ਯੂਥ ਕਾਂਗਰਸ ਵਿੱਚ ਉੱਤਰ ਆਈ ਹੈ। ਯੂਥ ਕਾਂਗਰਸ ਨੇ ਸੋਮਵਾਰ ਨੂੰ ਆਪਣੇ ਸੰਗਠਨ ਦੇ ਸਾਰੇ ਅਹੁਦੇੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੀ ਚੰਡੀਗੜ੍ਹ ਵਿਖੇ ਮੀਟਿੰਗ ਸੱਦ ਲਈ ਹੈ। ਇਸ ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੂੰ ਭੇਜਿਆ ਜਾਏਗਾ ਤਾਂ ਕਿ ਪੰਜਾਬ ਵਿੱਚ ਚਲ ਰਹੇ ਅੰਦਰੂਨੀ ਕਲੇਸ਼ ਨੂੰ ਖ਼ਤਮ ਕੀਤਾ ਜਾ ਸਕੇ।
ਯੂਥ ਕਾਂਗਰਸ ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਵੀ ਇਸ ਤਰ੍ਹਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਸੱਦੀ ਹੈ, ਇਨਾਂ ਦੋਵਾਂ ਕਾਂਗਰਸ ਵੱਲੋਂ ਮਤਾ ਪਾਸ ਕਰਨ ਦੀ ਗੱਲ ਆਖੀ ਜਾ ਰਹੀ ਹੈ। ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੱਕ ਵਿੱਚ ਹੀ ਇਹ ਮਤਾ ਪਾਸ ਹੋਣਗੇ ਤਾਂ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪ੍ਰਧਾਨ ਨਾ ਬਣਾਇਆ ਜਾਵੇ।
ਇਥੇ ਹੀ ਪੰਜਾਬ ਕਾਂਗਰਸ ਦੇ 10 ਵਿਧਾਇਕਾਂ ਨੇ ਅਮਰਿੰਦਰ ਸਿੰਘ ਦੇ ਹੱਕ ਵਿੱਚ ਹਾਈ ਕਮਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਦਿੱਤੀ ਹੈ। ਇਸ ਚਿੱਠੀ ਵਿੱਚ ਉਨ੍ਹਾਂ ਨੇ ਅਮਰਿੰਦਰ ਸਿੰਘ ਦੇ ਹੱਕ ਵਿੱਚ ਹੀ ਸਾਰਾ ਕੁਝ ਲਿਖਿਆ ਹੈ। 10 ਵਿਧਾਇਕਾਂ ਵਾਲੀ ਇਸ ਚਿੱਠੀ ਨੂੰ ਸੁਖਪਾਲ ਖਹਿਰਾ ਨੇ ਜਾਰੀ ਕੀਤਾ ਹੈ ਅਤੇ ਉਨ੍ਹਾਂ ਦੱਸਿਆ ਕਿ ਚਿੱਠੀ ਰਾਹੀਂ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਗਈ ਹੈ ਕਿ ਅਮਰਿੰਦਰ ਸਿੰਘ ਨੂੰ ਦਰਕਿਨਾਰ ਨਾ ਕੀਤਾ ਜਾਵੇ ਅਤੇ ਹਰ ਤਰਾਂ ਦੇ ਵੱਡੇ ਫੈਸਲੇ ਵਿੱਚ ਅਮਰਿੰਦਰ ਸਿੰਘ ਨੂੰ ਨਾਲ ਲੈ ਕੇ ਚਲਿਆ ਜਾਵੇ। ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਦੇ ਮਾਮਲੇ ਵਿੱਚ ਵੀ ਅਮਰਿੰਦਰ ਸਿੰਘ ਦੀ ਸਲਾਹ ਮੰਨੀ ਜਾਵੇ।
ਸ਼ਾਮ ਤੱਕ ਪਲਟ ਗਏ ਖਹਿਰਾ, ਬੋਲੇ ਸ਼ਕਤੀ ਪ੍ਰਦਰਸ਼ਨ ਨਾ ਕਰਨ ਜਾਖੜ
ਸੁਖਪਾਲ ਖਹਿਰਾ ਸਵੇਰੇ ਅਮਰਿੰਦਰ ਸਿੰਘ ਦੇ ਹੱਕ ਵਿੱਚ ਚਿੱਠੀ ਲਿਖਣ ਤੋਂ ਬਾਅਦ ਸ਼ਾਮ ਤੱਕ ਕਾਫ਼ੀ ਜਿਆਦਾ ਬਦਲੇ ਨਜ਼ਰ ਆਏ। ਉਨਾਂ ਨੇ ਸ਼ਾਮ ਨੂੰ ਟਵੀਟ ਕਰਦੇ ਹੋਏ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸਲਾਹ ਦੇ ਦਿੱਤੀ ਕਿ ਉਹ ਕਿਸੇ ਵੀ ਤਰਾਂ ਦਾ ਸ਼ਕਤੀ ਪ੍ਰਦਰਸ਼ਨ ਨਾ ਕਰਨ। ਕਾਂਗਰਸ ਪ੍ਰਧਾਨ ਵਲੋਂ ਸੱਦੀ ਗਈ ਮੀਟਿੰਗ ਨੂੰ ਸੁਖਪਾਲ ਖਹਿਰਾ ਨੇ ਸ਼ਕਤੀ ਪ੍ਰਦਰਸ਼ਨ ਕਰਾਰ ਦੇ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।