Hiking in the mountains : ਸੈਰ ਪਹਾੜਾਂ ਦੀ
ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ,
ਵਧਦੇ-ਫੁੱਲਦੇ ਰਹਿਣ ਜੀ ਮੰਗੀਏ ਖੈਰ ਪਹਾੜਾਂ ਦੀ।
ਛੁੱਟੀਆਂ ਦੇ ਵਿੱਚ ਪਾਪਾ ਅਸਾਂ ਨੂੰ ਲੈ ਕੇ ਗਏ,
ਨਾਲ ਗੱਡੀ ’ਚ ਅਸੀਂ ਉਨ੍ਹਾਂ ਦੇ ਬਹਿ ਕੇ ਗਏ।
ਕਲ-ਕਲ ਕਰਦਾ ਪਾਣੀ ਜਾਪੇ ਨਹਿਰ ਪਹਾੜਾਂ ਦੀ,
ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ।
ਤੱਕੀਏ ਚਾਰ-ਚੁਫੇਰੇ ਦਿਸੇ ਹਰਿਆਲੀ ਬਈ,
ਮਨ ਖੁਸ਼ ਹੋਵੇ ਤੱਕ ਸੂਰਜ ਦੀ ਲਾਲੀ ਬਈ।
ਰੁੱਖ ਚੂਸੀ ਜਾਵਣ ਲੱਗਦਾ ਜਹਿਰ ਪਹਾੜਾਂ ਦੀ,
ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ।
ਚਮਕਣ ਚਾਂਦੀ ਵਾਂਗਰ ਇੱਥੇ ਬਰਫਾਂ ਬੜੀਆਂ ਨੇ,
ਕਰਤਾ ਮੌਸਮ ਹੋਰ ਸੁਹਾਣਾ ਕਿਣਮਿਣ ਕਣੀਆਂ ਨੇ।
ਦੂਰ-ਦੂਰ ਤੱਕ ਦਿਸਦੀ ਲੰਬੀ ਲਾਈਨ ਪਹਾੜਾਂ ਦੀ,
ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ।
ਰੰਗ-ਬਿਰੰਗੇ ਫੁੱਲ ਪਤਾ ਨਹੀਂ ਕੌਣ ਲਾਂਵਦਾ ਏ,
ਆਪੇ ਹੀ ਵਧਦੇ ਜਾਵਣ ਪਾਣੀ ਕੌਣ ਪਾਂਵਦਾ ਏ।
ਸੋਚ ਕਿਸੇ ਲਈ ਨਾ ਜਾਪੇ ਗੈਰ ਪਹਾੜਾਂ ਦੀ,
ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ।
‘ਬਲਜੀਤ’ ਆਖਦਾ ਸੈਰ ਤੁਸੀਂ ਵੀ ਕਰਕੇ ਆਇਓ ਬਈ,
ਕੁਦਰਤ ਦੇ ਰੰਗ ਕਲਾਵੇ ਭਰ-ਭਰ ਕੇ ਲਿਆਇਓ ਬਈ।
ਚੇਤੇ ਸਦਾ ਹੀ ਰਹਿਣੀ ਦੇਖਿਓ ਸੈਰ ਪਹਾੜਾਂ ਦੀ,
ਆਇਆ ਬੜਾ ਨਜ਼ਾਰਾ ਕਰਕੇ ਸੈਰ ਪਹਾੜਾਂ ਦੀ।
ਬਲਜੀਤ ਸਿੰਘ ਅਕਲੀਆ,
ਸ. ਹ. ਸ. ਕੁਤਬਾ (ਬਰਨਾਲਾ)।
ਮੋ. 98721-21002
ਸਮਰ ਕੈਂਪ
ਅੱਜ-ਕੱਲ੍ਹ ਅਸੀਂ ਸਮਰ ਕੈਂਪ ਲਗਾ ਰਹੇ ਹਾਂ,
ਛੁੱਟੀਆਂ ਦਾ ਆਨੰਦ ਉਠਾ ਰਹੇ ਹਾਂ
ਡਰਾਇੰਗ ਬਣਾਈ ਅਸੀਂ ਸਜਾਇਆ ਸਲਾਦ,
ਕਿੰਨਾ ਮਜ਼ਾ ਆਇਆ ਕੀ ਦੱਸੀਏ ਜਨਾਬ
ਯੋਗਾ ਵੀ ਕੀਤਾ ਸੋਹਣੀ ਕੀਤੀ ਹੈ ਲਿਖਾਈ,
ਪਿਆਰ ਨਾਲ ਰਹੇ ਅਸੀਂ ਕੀਤੀ ਨਾ ਲੜਾਈ
ਬੇਕਾਰ ਪਈਆਂ ਚੀਜ਼ਾਂ ਵਿੱਚ ਪਾ ਦਿੱਤੀ ਜਾਨ,
ਕੁੱਝ ਨਹੀਂ ਬੇਕਾਰ ਇਹ ਅਧਿਆਪਕ ਸਮਝਾਣ
ਕੁਦਰਤ ਦੇ ਕਹਿਰ ਅੱਗੇ ਮੰਨੀ ਨਹੀਂ ਹਾਰ,
ਘਰ ਵਿੱਚ ਰਹਿ ਕੇ ਰਹੇ ਜ਼ਿੰਦਗੀ ਸੰਵਾਰ
ਅਧਿਆਪਕਾਂ ਦੀ ਗੱਲ ਏਦਾਂ ਮੰਨਦੇ ਹੀ ਜਾਵਾਂਗੇ,
ਅੱਗੇ ਅੱਗੇ ਬੱਸ ਅਸੀਂ ਵਧਦੇ ਹੀ ਜਾਵਾਂਗੇ
ਵਿਕਾਸ ਰਾਣੀ ਗੁਪਤਾ
ਮੋ. 88378-83927
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।