ਮਹਾਂਮਾਰੀ ’ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ: ਰਾਸ਼ੀ ਤੈਅ ਕਰਨ ਦਾ ਫੈਸਲਾ ਸਰਕਾਰ ’ਤੇ ਛੱਡਿਆ, 6 ਹਫਤਿਆਂ ’ਚ ਹੋਵੇ ਗਾਈਡਲਾਈਨ
ਏਜੰਸੀ ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਆਪਣੇ ਇੱਕ ਮਹੱਤਵਪੂਰਨ ਫੈਸਲੇ ’ਚ ਅੱਜ ਕਿਹਾ ਕਿ ਕੋਰੋਨਾ ਕਾਰਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇਣ ਲਈ ਸਰਕਾਰ ਮਜ਼ਬੂਰ ਹੈ ਅਦਾਲਤ ਨੇ ਹਾਲਾਂਕਿ ਸਹਾਇਤਾ ਰਾਸ਼ੀ ਤੈਅ ਕਰਨ ਦਾ ਫੈਸਲਾ ਸਰਕਾਰ ’ਤੇ ਹੀ ਛੱਡ ਦਿੱਤਾ। ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐਮ ਆਰ ਸ਼ਾਹ ਦੀ ਬੈਂਚ ਨੇ ਕਿਹਾ ਕਿ ਕੌਮੀ ਆਫਤਾ ਪ੍ਰਬੰਧਨ ਐਕਟ (ਐਨਡੀਐਮਏ) ਦੀ ਧਾਰਾ 12 ਦੀਆਂ ਤਜਵੀਜਾਂ ਤਹਿਤ ਅਥਾਰਟੀ ਕੌਮੀ ਆਫਤਾ ਦੇ ਪੀੜਤਾਂ ਨੂੰ ਘੱਟੋ-ਘੱਟ ਰਾਹਤ ਪ੍ਰਦਾਨ ਕਰਨ ਲਈ ਸੰਵਿਧਾਨਕ ਤੌਰ ’ਤੇ ਮਜ਼ਬੂਰ ਹੈ ਅਦਾਲਤ ਨੇ ਕਿਹਾ ਕਿ ਐਕਟ ਦੀ ਧਾਰਾ 12 (ਤਿੰਨ) ਤਹਿਤ ਇਸ ਘੱਟੋ-ਘੱਟ ਰਾਹਤ ’ਚ ਮੁਆਵਜ਼ਾ ਵੀ ਸ਼ਾਮਲ ਹੈ ਸੁਪਰੀਮ ਕੋਰਟ ਨੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਨੂੰ ਕਿਹਾ ਹੈ ਕਿ ਉਹ 6 ਹਫਤਿਆਂ ’ਚ ਮੁਆਵਜ਼ੇ ਦੀ ਰਕਮ ਤੈਅ ਕਰਕੇ ਸੂਬਿਆਂ ਨੂੰ ਸੂਚਿਤ ਕਰੇ।
ਕੇਂਦਰ ਨੇ ਕੀਤਾ ਮੁਆਵਜ਼ੇ ਦਾ ਵਿਰੋਧ
ਕੇਂਦਰ ਨੇ ਪਟੀਸ਼ਨ ਦੇ ਜਵਾਬ ’ਚ ਕਿਹਾ ਕਿ ਇਸ ਵਿੱਤੀ ਸਾਲ ’ਚ ਸੂਬਿਆਂ ਨੂੰ 22,184 ਕਰੋੜ ਰੁਪਏ ਆਫਤਾ ਰਾਹਤ ਫੰਡ ’ਚ ਦਿੱਤੇ ਗਏ ਹਨ ਇਸ ਦਾ ਇੱਕ ਵੱਡਾ ਹਿੱਸਾ ਕੋਰੋਨਾ ਨਾਲ ਲੜਨ ’ਚ ਖਰਚ ਹੋ ਰਿਹਾ ਹੈ। ਕੇਂਦਰ ਨੇ ਵੀ ਆਪਣੇ ਵੱਲੋਂ 1.75 ਲੱਖ ਕਰੋੜ ਦਾ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ਼ ਐਲਾਨ ਕੀਤਾ ਹੈ ਇਸ ’ਚ ਗਰੀਬਾਂ ਨੂੰ ਮੁਫਤ ਰਾਸ਼ਨ ਤੋਂ ਇਲਾਵਾ ਬਜ਼ੁਰਗ, ਦਿਵਿਆਂਗ, ਅਸਮਰੱਥ ਔਰਤਾਂ ਨੂੰ ਸਿੱਧੇ ਪੈਸੇ ਦੇਣ, 22.12 ਲੱਖ ਫਰੰਟ ਲਾਈਨ ਕੋਰੋਨਾ ਵਰਕਰਾਂ ਨੂੰ 50 ਲੱਖ ਰੁਪਏ ਦਾ ਇੰਸੋਰੈਂਸ ਕਵਰ ਦੇਣ ਜਿਹੀਆਂ ਕਈ ਗੱਲਾਂ ਸ਼ਾਮਲ ਹਨ ਕੋਰੋਨਾ ਨਾਲ ਹੋਈਆਂ ਲਗਭਗ 4 ਲੱਖ ਮੌਤਾਂ ਲਈ 4-4 ਲੱਖ ਰੁਪਏ ਦਾ ਭੁਗਤਾਨ ਕਰਨਾ ਆਰਥਿਕ ਰੂਪ ਨਾਲ ਬਹੁਤ ਕਠਿਨ ਹੈ ਸੂਬਿਆਂ ਨੂੰ ਇਸ ਲਈ ਮਜ਼ਬੂਰ ਕੀਤਾ ਗਿਆ ਤਾਂ ਆਫਤਾ ਪ੍ਰਬੰਧਨ ਦੇ ਦੂਜੇ ਜ਼ਰੂਰੀ ਕੰਮ ਪ੍ਰਭਾਵਿਤ ਹੋਣਗੇ।
ਕੀ ਹੈ ਮਾਮਲਾ:
ਅਦਾਲਤ ਨੇ ਗੌਰਵ ਬਾਂਸਲ ਅਤੇ ਰੀਪਕ ਕਾਂਸਲ ਦੀ ਪਟੀਸ਼ਨਾਂ ’ਤੇ ਆਪਣਾ ਫੈਸਲਾ ਸੁਣਾਉਂਦਿਆਂ ਕੇਂਦਰ ਸਰਕਾਰ ਦੀ ਉਸ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਧਾਰਾ 12 ਜ਼ਰੂਰੀ ਤਜਵੀਜ਼ ਨਹੀਂ ਹੈ ਅਦਾਲਤ ਨੇ ਧਾਰਾ 12 ਦੀ ਵਿਆਖਿਆ ਕਰਦਿਆਂ ਕਿਹਾ ਕਿ ਧਾਰਾ 12 ਦੀ ਤਜਵੀਜ਼ ਜਰੂਰੀ ਹੈ ਪਟੀਸ਼ਨਕਰਤਾਵਾਂ ਨੇ ਕੋਰੋਨਾ ਦੇ ਸ਼ਿਕਾਰ ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਸਬੰਧੀ ਸਰਕਾਰ ਨੂੰ ਨਿਰਦੇਸ਼ ਦੀ ਮੰਗ ਕੀਤੀ ਸੀ।
ਦੇਸ਼ ’ਚ ਹੁਣ ਤੱਕ 3 ਲੱਖ 98 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀਆਂ ਹਨ ਮੌਤਾਂ
ਦੇਸ਼ ’ਚ 817 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ ਤਿੰਨ ਲੱਖ 98 ਹਜ਼ਾਰ 454 ਹੋ ਗਿਆ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਹੋ ਕੇ 1.77 ਫੀਸਦੀ, ਰਿਕਵਰੀ ਦਰ ਵੱਧ ਕੇ 96.92 ਫੀਸਦੀ ਅਤੇ ਮੌਤ ਦਰ 1.31 ਫੀਸਦੀ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 45,951 ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ ਤਿੰਨ ਲੱਖ 62 ਹਜ਼ਾਰ 848 ਹੋ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter , Instagram, link din , YouTube‘ਤੇ ਫਾਲੋ ਕਰੋ।