13000 ਤੋਂ ਵੱਧ ਬਿਜਲੀ ਦੀ ਖੰਭੇ, 2500 ਟਰਾਂਸਫਾਰਮਰ ਅਤੇ ਸੈਕੜੇ ਬਿਜਲੀ ਲਾਇਨਾਂ ਨੂੰ ਪੁੱਜਿਆ ਨੁਕਸਾਨ
ਪਟਿਆਲਾ, ਖੁਸ਼ਵੀਰ ਸਿੰਘ ਤੂਰ। ਸੂਬੇ ਅੰਦਰ ਆਏ ਭਾਰੀ ਤੁਫ਼ਾਨਾਂ ਨੇ ਪਾਵਰਕੌਮ ਨੂੰ ਵੱਡਾ ਵਿੱਤੀ ਝਟਕਾ ਦਿੱਤਾ ਹੈ। ਇਨ੍ਹਾ ਤੁਫ਼ਾਨਾਂ ਕਾਰਨ ਪਾਵਰਕੌਮ ਨੂੰ 25 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸ ਦੌਰਾਨ ਪਾਵਰਕੌਮ ਕੋਲ 1.8 ਲੱਖ ਸ਼ਿਕਾਇਤਾਂ ਪੁੱਜੀਆਂ ਹਨ। ਪਾਵਰਕੌਮ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪ੍ਰਭਾਵਿਤ ਇਲਾਕਿਆਂ ਅੰਦਰ ਕਾਫ਼ੀ ਮਿਹਨਤ ਦੇ ਬਾਅਦ ਸਾਰੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸੂਬੇ ਅੰਦਰ 10 ਜੂਨ, 11 ਜੂਨ ਅਤੇ 13 ਜੂਨ ਨੂੰ ਵੱਖ-ਵੱਖ ਹਿੱਸਿਆਂ ਵਿੱਚ ਆਏ ਭਾਰੀ ਤੂਫਾਨਾਂ ਨੇ ਪਾਵਰਕੌਮ ਦੇ ਬਿਜਲੀ ਸੰਚਾਰ ਅਤੇ ਵੰਡ ਬੁਨਿਆਦੀ ਇਨਫਰਾਸਟਰੱਕਚਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਤੁਫਾਨਾਂ ਕਾਰਨ 11 ਕੇ ਵੀ ਦੇ 900 ਅਤੇ 66 ਕੇਵੀ ਦੇ ਲਗਭਗ ਦੇ 20 ਫੀਡਰ ਟੁੱਟ ਗਏ ਸਨ। ਇਸ ਤੋਂ ਇਲਾਵਾ 13000 ਤੋਂ ਵੱਧ ਬਿਜਲੀ ਦੀ ਖੰਭੇ, ਲਗਭਗ 2500 ਟਰਾਂਸਫਾਰਮਰ ਅਤੇ 100 ਕਿਲੋਮੀਟਰ ਤੋਂ ਵੱਧ ਕੰਡਕਟਰਾਂ ਦੇ ਇਲਾਵਾ ਹੋਰ ਸਬੰਧਤ ਉਪਕਰਨਾਂ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਦੋ ਹਫ਼ਤਿਆਂ ’ਚ 15000 ਤੋਂ ਵੱਧ ਕਰਮਚਾਰੀਆਂ ਨੇ ਹੁਣ ਤੱਕ 1.8 ਲੱਖ ਤੋਂ ਵੱਧ ਬਿਜਲੀ ਦੀਆਂ ਸਿਕਾਇਤਾਂ ਦਾ ਹੱਲ ਕੀਤਾ ਹੈ। ਤੁਫ਼ਾਨ ਕਾਰਨ ਸਭ ਤੋਂ ਵੱਧ ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਫਰੀਦਕੋਟ, ਬਠਿੰਡਾ, ਗੁਰਦਾਸਪੁਰ, ਖੰਨਾ, ਰੋਪੜ, ਮੁਹਾਲੀ ਤੋਂ 50 ਲੱਖ ਤੋਂ ਵੱਧ ਖਪਤਕਾਰ ਪ੍ਰਭਾਵਿਤ ਹੋਏ ਸਨ।
ਪਾਵਰਕੌਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਵਰਕੌਮ 247 ਨਿਗਰਾਨੀ ਫੀਡਰਾਂ ਦੀ ਯੋਜਨਾਬੱਧ ਗਸਤ ਅਤੇ ਲਾਈਨਾਂ ਨੂੰ ਸਾਫ ਕਰਕੇ 72 ਘੰਟਿਆਂ ਦੇ ਅੰਦਰ ਪ੍ਰਭਾਵਿਤ ਖੇਤਰ ਦੇ ਬਹੁਗਿਣਤੀ ਬਿਜਲੀ ਸਪਲਾਈ ਨੂੰ ਬਹਾਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰਾਂ ਵਿੱਚ ਲੋਕਾਂ ਵੱਲੋਂ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਵੱਡਾ ਸਾਥ ਦਿੱਤਾ ਗਿਆ ਹੈ। ਹਸਪਤਾਲਾਂ, ਮੈਡੀਕਲ ਸਹੂਲਤਾਂ ਅਤੇ ਆਕਸੀਜਨ ਨਿਰਮਾਣ ਯੂਨਿਟਾਂ ਨੂੰ ਬਿਜਲੀ ਸਪਲਾਈ ਬਹਾਲ ਕਰਨ ’ਚ ਸਭ ਤੋਂ ਪਹਿਲੀ ਤਰਜੀਹ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਦਿਹਾਤੀ ਖੇਤਰਾਂ ਵਿੱਚ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਨਾ ਮਿਲਣ ਕਾਰਨ ਧਰਨੇ ਪ੍ਰਦਰਸ਼ਨ ਵੀ ਜ਼ਰੂਰ ਕੀਤੇ ਗਏ ਸਨ। ਬਿਜਲੀ ਮੁਲਾਜ਼ਮਾਂ ਦੀ ਘਾਟ ਕਾਰਨ ਲੋਕਾਂ ਨੂੰ ਮੁਸਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਤੁਫ਼ਾਨਾਂ ਨੇ ਬਿਜਲੀ ਢਾਂਚੇ ਨੂੰ ਵੱਡਾ ਨੁਕਸਾਨ ਪਹੁਚਾਇਆ: ਸੀਐਮਡੀ
ਪਾਵਰਕੌਮ ਦੇ ਸੀਐਮਡੀ. ਏ.ਵੈਨੂੰ ਪ੍ਰਸ਼ਾਦ ਦਾ ਕਹਿਣਾ ਹੈ ਕਿ ਤੁਫ਼ਾਨਾਂ ਕਾਰਨ ਪਾਵਰਕੌਮ ਨੂੰ ਵੱਡਾ ਨੁਕਸਾਨ ਹੋਇਆ ਹੈ ਅਤੇ ਹਜਾਰਾਂ ਬਿਜਲੀ ਦੇ ਖੰਭੇ ਤੇ ਲਾਈਨਾਂ ਪ੍ਰਭਾਵਿਤ ਹੋਣ ਕਾਰਨ ਦਿਹਾਤੀ ਅਤੇ ਟਿਊਬਵੈੱਲਾਂ ਨੂੰ ਮਿਲਣ ਵਾਲੀ ਬਿਜਲੀ ਸਪਲਾਈ ’ਚ ਕੁਝ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਹਜਾਰਾਂ ਕਰਮਚਾਰੀਆਂ ਨੇ ਦਿਨ ਰਾਤ ਮਿਹਨਤ ਕਰਕੇ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ। ਉਨ੍ਹਾਂ ਕਿਹਾ ਕਿ ਪਾਵਰਕੌਮ ਲਈ ਉਪੋਗਤਾਵਾਂ ਦੇ ਹਿੱਤ ਸਭ ਤੋਂ ਪਹਿਲਾਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।