ਡੈਲਟਾ ਅਤੇ ਬ੍ਰਾਜੀਲ ਰੂਪ ਦੇ ਮਾਮਲੇ ਵਧਣ ਦੇ ਮੱਦੇਨਜਰ ਤੀਜੀ ਲਹਿਰ ਲਈ ਤਿਆਰੀਆਂ ਵਧਾਉਣ ਦੇ ਹੁਕਮ
ਚੰਡੀਗੜ, ਅਸ਼ਵਨੀ ਚਾਵਲਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡਾ. ਗਗਨਦੀਪ ਕੰਗ ਦੀ ਅਗਵਾਈ ਵਾਲੇ ਮਾਹਿਰਾਂ ਦੇ ਸਮੂਹ ਨੂੰ ਕਰੋਨਾਵਾਇਰਸ ਦੇ ਨਵੇਂ ਰੂਪ ਦੇ ਸੰਦਰਭ ਵਿਚ ਵੈਕਸੀਨ ਦੇ ਅਸਰ ਦਾ ਅਧਿਐਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ।ਮੁੱਖ ਮੰਤਰੀ ਨੇ ਕਿਹਾ ਕਿ ਵਾਇਰਸ ਦੇ ਮਹੀਨਾਵਾਰ ਬਦਲਦੇ ਰੂਪ ਵਿਚ ਇਹ ਦੇਖਿਆ ਗਿਆ ਕਿ ਭਾਵੇਂ ਮਾਰਚ ਵਿਚ 95 ਫੀਸਦੀ ਸਮੱਸਿਆ ਯੂ.ਕੇ. ਵਾਇਰਸ ਦੇ ਰੂਪ ਕਰਕੇ ਸੀ ਅਤੇ ਅਪ੍ਰੈਲ, 2021 ਵਿਚ ਡੈਲਟਾ ਵਾਇਰਸ ਵਧਣਾ ਸ਼ੁਰੂ ਹੋਇਆ ਅਤੇ ਮਈ ਤੱਕ ਇਹ ਹਾਵੀ ਹੋ ਕੇ ਲਗਪਗ 90 ਫੀਸਦੀ ਤੱਕ ਪਹੁੰਚ ਗਿਆ। ਕੋਵਿਡ ਦੀ ਮੀਟਿੰਗ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਚਿੰਤਾ ਦਾ ਵਿਸ਼ਾ ਹੈ ਕਿ ਬ੍ਰਾਜੀਲ ਵਾਇਰਸ ਦਾ ਰੂਪ ਅਪ੍ਰੈਲ ਵਿਚ ਇਕ ਫੀਸਦੀ ਤੋਂ ਵਧਣਾ ਸ਼ੁਰੂ ਹੋਇਆ ਜੋ ਹੁਣ 8 ਫੀਸਦੀ ਤੇ ’ਹੈ।
ਉਨਾਂ ਕੁਝ ਹੋਰ ਸੈਂਪਲਾਂ ਦਾ ਅਧਿਐਨ ਕਰਨ ਦੀ ਲੋੜ ਉਤੇ ਵੀ ਜੋਰ ਦਿੱਤਾ ਤਾਂ ਕਿ ਸਪੱਸ਼ਟ ਤਸਵੀਰ ਸਾਹਮਣੇ ਲਿਆਉਣ ਦੇ ਨਾਲ-ਨਾਲ ਠੋਸ ਕਾਰਜਨੀਤੀ ਘੜੀ ਜਾ ਸਕੇ। ਸੂਬੇ ਦੇ ਸਲਾਹਕਾਰ ਡਾ. ਕੇ.ਕੇ ਤਲਵਾੜ ਨੇ ਕਿਹਾ ਕਿ ਦੂਜੀ ਲਹਿਰ ਦੌਰਾਨ ਵੈਂਟੀਲੈਂਟਰ ਉਤੇ ਰਹੇ ਮਰੀਜਾਂ ਦੇ ਆਡਿਟ ਦਾ ਅਧਿਐਨ ਕਰਨ ਲਈ ਮਾਹਿਰਾਂ ਦੇ ਗਰੁੱਪ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਕਿ ਭਵਿੱਖ ਲਈ ਇਸ ਸਬੰਧ ਵਿਚ ਜਾਣਕਾਰੀ ਇਕੱਤਰ ਕੀਤੀ ਜਾ ਸਕੇ। ਮੁੱਖ ਸਕੱਤਰ ਵਿਨੀ ਮਹਾਜਨ ਨੇ ਖੁਲਾਸਾ ਕੀਤਾ ਕਿ ਡਾ. ਤਲਵਾੜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਵਾਇਰਸ ਦੇ ਸੈਂਪਲਿੰਗ ਦੇ ਪ੍ਰਬੰਧਨ ਦੀ ਕੋਸ਼ਿਸ਼ ਕਰ ਰਹੇ ਹਨ।
ਮੁੱਢਲੇ ਲੱਛਣਾਂ ਦੀ ਸ਼ਨਾਖਤ ਰਾਹੀਂ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਦੇ ਵਿਰੁੱਧ ਸਮੇਂ ਸਿਰ ਬਣਦੇ ਕਦਮ ਚੁੱਕਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗਾਂ ਨੂੰ ਇਕ ਦਿਨ ਵਿਚ ਲਗਪਗ 50 ਹਜ਼ਾਰ ਟੈਸਟਿੰਗ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਹਰੇਕ ਪਾਜੇਟਿਵ ਮਰੀਜ ਦੇ ਬਦਲੇ ਕੰਟੈਕਟ ਟਰੇਸਿੰਗ ਅਤੇ ਟੈਸਟਿੰਗ ਲਈ 15 ਵਿਅਕਤੀਆਂ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਆਖਿਆ ਜਦਕਿ ਘਰੇਲੂ ਏਕਾਂਤਵਾਸ ਦੇ ਮਾਮਲਿਆਂ ਵਿਚ ਨਿਗਰਾਨੀ ਅਤੇ ਪ੍ਰਬੰਧਨ ਨੂੰ ਮਜਬੂਤ ਕਰਨ ਦੀ ਲੋੜ ਉਤੇ ਜੋਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।