ਅਸਲ ਦੋਸ਼ੀ ਬਹੁਤ ਜਲਦ ਪੁਲਿਸ ਦੀ ਗ੍ਰਿਫਤ ਹੋਣਗੇ: ਐਸਐਚਓ ਲੰਬੀ
ਲੰਬੀ/ਕਿੱਲਿਆਂਵਾਲੀ, ਮੇਵਾ ਸਿੰਘ । ਬਲਾਕ ਲੰਬੀ ਦੇ ਪਿੰਡ ਤੱਪਾਖੇੜਾ ਵਿਖੇ ਯੂਥ ਅਕਾਲੀ ਆਗੂ ਜਗਮੀਤ ਸਿੰਘ ਨੀਟੂ ਤੱਪਾਖੇੜਾ ਦੇ ਘਰੋਂ ਅਣਪਛਾਤੇ ਬੀਤੀ ਰਾਤ ਕਰੀਬ 35 ਤੋਂ 40 ਲੱਖ ਰੁਪਏ ਦਾ ਸੋਨਾ ਅਤੇ ਲਗਭਗ ਇੱਕ ਲੱਖ ਰੁਪਏ ਤੋਂ ਵੱਧ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਜਗਮੀਤ ਸਿੰਘ ਨੀਟੂ ਸਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਚੋਰ ਬਾਹਰੋਂ ਗੇਟ ਦੀ ਬਾਰੀ ਤੋੜਕੇ ਘਰ ਅੰਦਰ ਦਾਖਲ ਹੋਏ।
ਜਗਮੀਤ ਸਿੰਘ ਨੇ ਦੱਸਿਆ ਕਿ ਉਸਨੇ ਅੱਜ ਚੰਡੀਗੜ ਵਿੱਚ ਅਕਾਲੀ ਦਲ ਬਾਦਲ ਵੱਲੋਂ ਰੱਖੇ ਧਰਨੇ ਵਿੱਚ ਸ਼ਾਮਿਲ ਹੋਣ ਲਈ ਜਾਣਾ ਸੀ, ਇਸ ਲਈ ਉਹ ਸਵੇਰੇ ਤਿੰਨ ਵਜੇ ਉਠ ਪਿਆ। ਜਦੋਂ ਨਾਲ ਦੇ ਕਮਰੇ ਵਿੱਚ ਵੇਖਿਆ ਤਾਂ ਤਾਲੇ ਟੁੱਟੇ ਹੋਏ ਸਨ ਤੇ ਸਮਾਨ ਖਿੱਲਰਿਆ ਪਿਆ ਸੀ। ਜਦੋਂ ਉਸ ਨੇ ਧਿਆਨ ਦੇ ਨਾਲ ਦੇਖਿਆ ਤਾਂ ਘਰ ਵਿੱਚ ਪਿਆ 75 ਤੋਲਿਆਂ ਦੇ ਕਰੀਬ ਸੋਨਾ, ਲਗਭਗ ਡੇਢ ਲੱਖ ਰੁਪਏ ਨਗਦੀ ਗਾਇਬ ਸੀ। ਚੋਰਾਂ ਨੇ ਸਮਾਨ ਦੇ ਨਾਲ ਪਿਆ ਪਿਸਟਲ ਚੋਰੀ ਨਹੀਂ ਕੀਤਾ, ਤੇ ਜਾਣ ਲੱਗੇ ਉਹ ਪਿਸਟਲ ਨੂੰ ਕੰਧ ਨਾਲ ਸੁੱਟ ਗਏ। ਇਲਾਕੇ ਵਿੱਚ ਇਹ ਚੋਰੀ ਦੀ ਸਭ ਤੋਂ ਵੱਡੀ ਵਾਰਦਾਤ ਦੱਸੀ ਜਾ ਰਹੀ ਹੈ।
ਇਸ ਵਾਰਦਾਤ ਦੀ ਸੂਚਨਾ ਮਿਲਨ ਸਾਰ ਹੀ ਐਸ ਐਸ ਪੀ ਡੀ ਸੁਡਰਵਿਲੀ, ਐਸ ਪੀ ਰਾਜਪਾਲ ਸਿੰਘ ਹੁੰਦਲ, ਡੀ ਐਸ ਪੀ ਜਸਪਾਲ ਸਿੰਘ ਢਿੱਲੋਂ ਅਤੇ ਪੁਲਿਸ ਥਾਣਾ ਲੰਬੀ ਦੇ ਮੁਖੀ ਚੰਦਰ ਸ਼ੇਖਰ ਮੌਕੇ ’ਤੇ ਪੁੱਜ ਗਏ। ਉਨ੍ਹਾਂ ਪਰਿਵਾਰਕ ਮੈਂਬਰ ਜਗਮੀਤ ਸਿੰਘ ਤੋਂ ਸਾਰੀ ਵਾਰਦਾਤ ਦੀ ਜਾਣਕਾਰੀ ਇਕੱਤਰ ਕੀਤੀ। ਇਸ ਮੌਕੇ ਤਕਨੀਕੀ ਮਾਹਿਰਾਂ ਦੀਆਂ ਟੀਮਾਂ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਲੰਬੀ ਪੁਲਿਸ ਨੇ ਕੁਝ ਗਲਤ ਅਨਸਰਾਂ ਨੂੰ ਪੁੱਛਗਿੱਛ ਲਈ ਥਾਣੇ ਵਿੱਚ ਸੱਦਿਆ ਹੈ।
ਜਦ ਇਸ ਸਬੰਧੀ ਪੁਲਿਸ ਅਫਸਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਚੋਰੀ ਸਬੰਧੀ ਪੁਲਿਸ ਵੱਲੋਂ ਕਾਬੂ ਕੀਤੇ ਬੰਦਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਲੰਬੀ ਪੁਲਿਸ ਨੇ ਅਣਪਛਾਤਿਆਂ ਖਿਲਾਫ ਵੱਖ-ਵੱਖ ਕਾਨੂੰਨੀ ਧਾਰਾਵਾਂ ਤਹਿਤ ਮੁਕੱਦਮਾ ਨੰ: 157 ਮਿਤੀ 15/6/2021 ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਲੰਬੀ ਦੇ ਐਸਐਚਓ ਚੰਦਰ ਸ਼ੇਖਰ ਨੇ ਦੱਸਿਆ ਕਿ ਉਕਤ ਚੋਰੀ ਦੀ ਵਾਰਦਾਤ ਸਬੰਧੀ ਪੁਲਿਸ ਕਈ ਥਿਊਰੀਆਂ ’ਤੇ ਕੰਮ ਕਰ ਰਹੀ ਹੈ ਅਤੇ ਅਣਪਛਾਤੇ ਚੋਰਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਨੂੰ ਲਾਇਆ ਗਿਆ ਹੈ। ਐਸਐਚਓ ਲੰਬੀ ਨੇ ਕਿਹਾ ਕਿ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਸਲ ਦੋਸ਼ੀ ਬਹੁਤ ਜਲਦ ਪੁਲਿਸ ਦੀ ਗ੍ਰਿਫਤ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।