ਪੀਟੈੱਟ, ਸੀਟੈੱਟ ਵਰਗੇ ਟੈਸਟਾਂ ਨੂੰ ਦਿੱਤੀ ਮਾਤ, ਰੁਜ਼ਗਾਰ ਦੀ ਥਾਂ ਝੋਨਾ ਲਾਉਣ ਲਈ ਮਜ਼ਬੂਰ

ਸੁਰਿੰਦਰਪਾਲ ਜਲਾਲਾਬਾਦ ਨੇ ਦੋਂ ਵਾਰ ਟੈੱਟ ਅਤੇ ਇੱਕ ਵਾਰ ਸੀਟੈੱਟ ਕੀਤਾ ਪਾਸ

  • ਗਗਨਦੀਪ ਕੌਰ ਈਟੀਟੀ ਅਤੇ ਟੈੈੱਟ ਪਾਸ ਕਰਨ ਤੋਂ ਬਾਅਦ ਵੀ ਖੇਤਾਂ ’ਚ ਲਾ ਰਹੀ ਐ ਝੋਨਾ
  • ਜਗਸੀਰ ਨੇ ਤਿੰਨ ਵਾਰ ਟੈੱਟ ਅਤੇ ਇੱਕ ਵਾਰ ਸੀਟੈੱਟ ਕੀਤਾ ਪਾਸ, ਫਿਰ ਝੋਨੇ ਵਾਲੇ ਖੇਤ ਆਏ ਹਿੱਸੇ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਈਟੀਟੀ ਅਤੇ ਟੈਂੱਟ ਪਾਸ ਕਰਨ ਤੋਂ ਬਾਅਦ ਵੀ ਅਨੇਕਾਂ ਨੌਜਵਾਨਾਂ ਦੇ ਭਾਗ ਨਹੀਂ ਬਦਲੇ। ਸੁਰਿਦਰਪਾਲ ਜਲਾਲਾਬਾਦ ਈਟੀਟੀ ਅਤੇ ਟੈੱਟ ਪਾਸ ਕਰਨ ਤੋਂ ਬਾਅਦ ਵੀ ਖੇਤਾਂ ਵਿੱਚ ਝੋਨਾ ਲਾਉਣ ਲਈ ਮਜ਼ਬੂਰ ਹੈ। ਉਹ ਪਹਿਲਾ ਵੀ ਝੋਨਾ ਲਾਉਂਦਾ ਸੀ ਅਤੇ ਡਿਗਰੀਆਂ ਕਰਨ ਤੋਂ ਬਾਅਦ ਵੀ ਉਸ ਦੀ ਕਿਸਮਤ ਨਹੀਂ ਬਦਲੀ। ਉਸ ਨੇ ਰੁਜ਼ਗਾਰ ਲਈ ਮੁੱਖ ਮੰਤਰੀ ਦੇ ਸ਼ਹਿਰ ’ਚ ਨਾਅਰੇ ਮਾਰੇ ਤੇ ਪੁਲਿਸ ਦੀਆਂ ਲਾਠੀਆਂ ਵੀ ਖਾਧੀਆਂ । ਉਹ ਘਰ ਦੇ ਗੁਜ਼ਾਰੇ ਲਈ ਆਪਣੇ ਮਾਪਿਆਂ ਨਾਲ ਖੇਤਾਂ ’ਚ ਆਪਣੀ ਕਿਸਮਤ ਦੀਆਂ ਲਕੀਰਾਂ ਨੂੰ ਤਪਦੀ ਦੁਪਹਿਰੇ ਹੋਰ ਗੁੂੜੀਆਂ ਕਰ ਰਿਹਾ ਹੈ।

ਝੋਨੇ ਦੇ ਖੇਤਾਂ ’ਚੋਂ ਸੁਰਿੰਦਰਪਾਲ ਜਲਾਲਾਬਾਦ ਨੇ ਦੱਸਿਆ ਕਿ ਉਸਨੇ 2017 ’ਚ ਈਟੀਟੀ ਕੀਤੀ ਸੀ ਅਤੇ ਇਸ ਤੇ ਉਨ੍ਹਾਂ ਦਾ 80-90 ਹਜਾਰ ਰੁਪਏ ਖਰਚਾ ਆਇਆ ਸੀ। ਉਹ ਵੀ ਉਸਨੇ ਅਤੇ ਪਰਿਵਾਰ ਨੇ ਦਿਹਾੜੀਆਂ-ਦੱਪਿਆਂ ਨਾਲ ਹੀ ਇਕੱਠਾ ਕੀਤਾ ਸੀ। ਉਹ ਸਾਲ 2017-18 ’ਚ ਦੋਂ ਵਾਰ ਪੀਟੈੱਟ ਪਾਸ ਕਰ ਚੁੱਕਾ ਹੈ ਅਤੇ ਦੋਂ ਵਾਰ ਹੀ ਸੀਟੈੱਟ ਵੀ ਪਾਸ ਕੀਤਾ ਗਿਆ ਹੈ।

ਉਸਨੇ ਦੱਸਿਆ ਕਿ ਸਰਕਾਰ ਵੱਲੋਂ ਈਟੀਟੀ ਦੀਆਂ ਕੱਢੀਆਂ ਪੋਸਟਾਂ ਵਿੱਚ ਉਸਦੇ ਸਕਰੀਨਿੰਗ ਵਿੱਚ 62 ਨੰਬਰ ਵੀ ਆ ਗਏ ਸਨ। ਪਰ ਸਰਕਾਰ ਵੱਲੋਂ ਇਨ੍ਹਾਂ ਪੋਸਟਾਂ ਵਿੱਚ ਬੀ.ਐੱਡ ਅਤੇ ਸਿੱਖਿਆ ਪ੍ਰੋਵਾਈਡਰਾਂ ਆਦਿ ਨੂੰ ਵੀ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਨੂੰ 15 ਨੰਬਰ ਫਾਲਤੂ ਦਿੱਤੇ ਗਏ ਹਨ ਜਿਨ੍ਹਾਂ ਵਿੱਚ 5 ਨੰਬਰ ਬੀਏ ਦੇ ਅਤੇ 10 ਨੰਬਰ ਐਕਸਪੀਰੀਅਸ ਦੇ ਸ਼ਾਮਲ ਹਨ, ਜਿਸ ਕਾਰਨ ਉਸਦੀ ਮਿਹਨਤ ਤੇ ਪਾਣੀ ਫਿਰ ਰਿਹਾ ਹੈ।

ਉਸਨੇ ਦੱਸਿਆ ਕਿ ਉਸ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦਾ ਟੈਸਟ ਪਾਸ ਕਰਨ ਦੇ ਬਾਵਜੂਦ ਵੀ ਉਸ ਨੂੰ ਰੁਜ਼ਗਾਰ ਹਾਸਲ ਨਹੀਂ ਹੋਇਆ। ਉਸਨੇ ਦੱਸਿਆ ਕਿ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਕਾਰਨ ਉਹ ਪਿਛਲੇ ਲਗਭਗ 10 ਸਾਲ ਤੋਂ ਝੋਨਾ ਲਗਾ ਰਿਹਾ ਹੈ। ਉਸਨੇ ਸਰਕਾਰਾਂ ਨੂੰ ਕੋਸਦਿਆ ਕਿਹਾ ਕਿ ਪਹਿਲਾ ਵੀ ਝੋਨਾ ਲਾਉਂਦਾ ਸੀ ਅਤੇ ਡਿਗਰੀਆਂ ਕਰਨ ਤੋਂ ਬਾਅਦ ਵੀ ਝੋਨਾ ਲਾ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਉਸਦੇ ਭਰਾ ਵੀ ਜਿਸ ਨੇ ਬੀਟੈੱਕ ਕੀਤੀ ਹੋਈ ਹੈ, ਉਹ ਹੀ ਝੋਨਾ ਲਗਾਉਣ ਲਈ ਮਜ਼ਬੂਰ ਹੈ।

ਇੱਧਰ ਮਾਨਸਾ ਜ਼ਿਲ੍ਹੇ ਦੀ ਗਗਨਦੀਪ ਕੌਰ ਵੀ ਈਟੀਟੀ ਅਤੇ ਟੈਂਟ ਪਾਸ ਕਰਕੇ ਝੋਨਾ ਲਗਾ ਰਹੀ ਹੈ। ਆਰਥਿਕ ਪੱਖੋਂ ਕਮਜੋਰ ਹੋਣ ਕਾਰਨ ਗਗਨਦੀਪ ਨੂੰ ਆਸ ਸੀ ਕਿ ਉਸ ਨੂੰ ਈਟੀਟੀ ਅਤੇ ਟੈੱਟ ਪਾਸ ਕਰਕੇ ਰੁਜ਼ਗਾਰ ਮਿਲ ਜਾਵੇਗਾ। ਉਸਨੇ ਦੁਖੀ ਹੁੰਦਿਆ ਦੱਸਿਆ ਕਿ ਉਹ ਰੁਜ਼ਗਾਰ ਲਈ ਮੋਤੀ ਮਹਿਲਾ ਵਾਲਿਆ ਕੋਲ ਆਪਣੀ ਮੰਗ ਲੈ ਕੇ ਜਾਂਦੇ ਹਨ, ਪਰ ਪੁਲਿਸ ਮੋਤੀ ਮਹਿਲ ਤੋਂ ਪਹਿਲਾ ਬੈਰੀਕੇਡ ਲਾਕੇ ਜਲਤੋਪਾਂ ਬੀੜ ਦਿੰਦੀ ਹੈ। ਉਹ ਆਪਣੇ ਪਰਿਵਾਰ ਨਾਲ 2-3 ਸਾਲਾਂ ਤੋਂ ਝੋਨਾ ਲਗਾ ਰਹੀ ਹੈ।

ਇਸੇ ਤਰ੍ਹਾਂ ਹੀ ਜਗਸੀਰ ਸਿੰਘ ਪਿੰਡ ਮੜਾਕ ਜਿਸ ਨੇ ਬੀਏ. ਈਟੀਟੀ ਕੀਤੀ ਅਤੇ ਤਿੰਨ ਵਾਰ ਟੈੱਟ ਪਾਸ ਕੀਤਾ। ਜਗਸੀਰ ਸਿੰਘ ਨੇ ਸਾਲ 2015, 2016, 2017 ਵਿੱਚ ਟੈੱਟ ਪਾਸ ਕੀਤਾ। ਇਸ ਦੇੇ ਨਾਲ ਹੀ ਸਾਲ 2018 ਵਿੱਚ ਸੀਟੈੱਟ ਵੀ ਕੀਤਾ, ਪਰ ਇਸਦੇ ਬਾਵਜੂਦ ਵੀ ਉਸ ਨੂੰ ਝੋਨਾ ਲਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਜੇਕਰ ਰੁਜ਼ਗਾਰ ਨਹੀਂ ਦੇਣਾ, ਫਿਰ ਅਜਿਹੇ ਟੈਸਟਾਂ ਦਾ ਕੀ ਫਾਇਦਾ

ਇੱਧਰ ਈਟੀਟੀਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਦੀਪ ਬਨਾਰਸੀ ਅਤੇ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰਾਂ ਵੱਲੋਂ ਨੌਕਰੀ ਦੀਆਂ ਸ਼ਰਤਾਂ ਲਈ ਲਗਾਏ ਐਨੇ ਐਨੇ ਟੈਸਟ ਪਾਸ ਕਰਨ ਤੋਂ ਬਾਅਦ ਵੀ ਜੇਕਰ ਝੋਨੇ ਲਾਉਣੇ ਪੈ ਰਹੇ ਹਨ, ਪਰ ਅਜਿਹੇ ਟੈਸਟ ਪਾਸ ਕਰਨ ਦਾ ਕੀ ਫਾਇਦਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।