ਵੈਕਸੀਨ ਦੇ ਮੁੱਦੇ ਉਤੇ ਅਕਾਲੀ ਦਲ ਵੱਲੋਂ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਰਿਹਾਇਸ਼ ਦਾ ਘਿਰਾਓ ਜਾਰੀ

ਬਲਬੀਰ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਕੀਤੀ ਮੰਗ

ਮੋਹਾਲੀ, 7 ਜੂਨ, ਕੁਲਵੰਤ ਕੋਟਲੀ । ਪੰਜਾਬ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਮੁੱਦੇ ਉਤੇ ਘਿਰੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀਆਂ ਮੁਸੀਬਤਾਂ ਦਿਨੋਂ ਦਿਨ ਵਧਦੀਆ ਜਾ ਰਹੀਆਂ ਹਨ। ਅੱਜ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੋਹਾਲੀ ਵਿਖੇ ਸਿੱਧੂ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਘਰ ਵੱਲ ਜਾ ਰਹੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਪੁਲਿਸ ਨੇ ਰਾਹ ਵਿੱਚ ਰੋਕ ਲਿਆ ਜਿੱਥੇ ਉਨ੍ਹਾਂ ਧਰਨਾ ਸ਼ੁਰੂ ਕਰ ਦਿੱਤਾ।

ਆਗੂਆਂ ਨੇ ਕਿਹਾ ਕਿ ਕੈਪਟਨ ਦੀ ਕਾਂਗਰਸ ਸਰਕਾਰ ਨੇ ਕੋਰੋਨਾ ਦੀ ਮਹਾਂਮਾਰੀ ਵਿੱਚ ਲੋਕਾਂ ਨੂੰ ਸਸਤੀਆਂ ਦਵਾਈਆਂ ਤਾਂ ਕੀ ਦੇਣੀਆਂ ਸਨ, ਸਗੋਂ ਘਪਲੇ ਕਰਕੇ ਆਪਣੀਆਂ ਤਿਜੌਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣ।

ਸੁਖਬੀਰ ਬਾਦਲ ਨੇ ਧਰਨੇ ਦੌਰਾਨ ਕਿਹਾ ਕਿ ਮੈਂ ਆਪਣੀ ਜ਼ਿੰਦਗੀ ’ਚ ਬਹੁਤ ਘਪਲੇ ਵੇਖੇ ਹਨ ਪਰ ਏਦਾਂ ਦਾ ਘਪਲਾ ਕਦੇ ਨਹੀਂ ਵੇਖਿਆ, ਜਿਸ ਲਾਲ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੁੰਦਾ ਹੋਵੇ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਅਮਰਿੰਦਰ ਸਿੰਘ ਆਪਣੇ ਆਪ ਨੂੰ ਫੌਜੀ ਕਹਿੰਦੇ ਹਨ ਪਰ ਫੌਜੀ ਉਹ ਨਹੀਂ ਹੁੰਦਾ ਜੋ ਘਰ ’ਚ ਲੁਕ ਕੇ ਬੈਠ ਜਾਵੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨਾਂਅ ਦੇ ਅੱਗੋਂ ਕੈਪਟਨ ਸ਼ਬਦ ਹਟਾ ਲੈਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਸਿੱਧੂ ਨੇ ਫਤਹਿ ਕੋਰੋਨਾ ਕਿੱਟਾਂ ’ਚ ਵੱਡਾ ਘਪਲਾ ਕੀਤਾ ਹੈ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀਆਂ ਅਣਮੁੱਲੀਆਂ ਜਾਨਾਂ ਜਾ ਰਹੀਆਂ ਹਨ ਪਰ ਸਿਹਤ ਮੰਤਰੀ ਨੂੰ ਪੈਸੇ ਕਮਾਉਣ ਦੀ ਪਈ ਹੈ ਉਨ੍ਹਾਂ ਬਲਬੀਰ ਸਿੰਘ ਸਿੱਧੂ ਕੋਲੋਂ ਅਸਤੀਫੇ ਦੀ ਮੰਗ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਬਲਬੀਰ ਸਿੰਘ ਸਿੱਧੂ ਨੂੰ ਬਰਖਾਸਤ ਨਾ ਕੀਤਾ ਤਾਂ ਆਉਣ ਵਾਲੀ 15 ਤਾਰੀਕ ਨੂੰ ਮੁੱਖ ਮੰਤਰੀ ਦਾ ਘਿਰਾਓ ਕਰਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।