ਨਵਜੋਤ ਸਿੱਧੂ ਨੂੰ ਕੈਬਨਿਟ ਵਿੱਚ ਸ਼ਾਮਲ ਕਰਨਾ ਸੌਖਾ ਪਰ ਉਪ ਮੁੱਖ ਮੰਤਰੀ ਬਣਾਇਆ ਤਾਂ ਪਾਰਟੀ ਵਿੱਚ ਛਿੱੜ ਜਾਏਗਾ ਵੱਡਾ ਕਲੇਸ਼
- ਪਹਿਲੀ ਵਾਰ ਵਿਧਾਇਕ ਬਣੇ ਨਵਜੋਤ ਸਿੱਧੂ ਦਾ ਮੁਕਾਬਲੇ ਮੰਤਰੀ ਵਿੱਚ ਸਿਰਫ਼ ਵਿਜੇ ਇੰਦਰ ਸਿੰਗਲਾ ਜੂਨੀਅਰ
- ਪਾਰਟੀ ਹਾਈ ਕਮਾਨ ਪੰਜਾਬ ’ਚ ਨਵਜੋਤ ਸਿੱਧੂ ਨੂੰ ਬਣਾਉਣਾ ਚਾਹੁੰਦੀ ਐ ਉਪ ਮੁੱਖ ਮੰਤਰੀ
ਅਸ਼ਵਨੀ ਚਾਵਲਾ, ਚੰਡੀਗੜ। ਨਵਜੋਤ ਸਿੱਧੂ ਨੂੰ ਕਾਂਗਰਸ ਹਾਈ ਕਮਾਨ ਪੰਜਾਬ ਸਰਕਾਰ ਵਿੱਚ ਉਪ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਪਰ ਮੌਜੂਦਾ ਕੈਬਨਿਟ ਮੰਤਰੀਆਂ ਵਿੱਚ ਵੀ ਸਿਰਫ਼ ਵਿਜੇ ਇੰਦਰ ਸਿੰਗਲਾ ਨੂੰ ਛੱਡ ਕੇ ਨਵਜੋਤ ਸਿੱਧੂ ਤੋਂ ਸਾਰੇ ਕੈਬਨਿਟ ਮੰਤਰੀ ਸੀਨੀਅਰ ਹਨ। ਨਵਜੋਤ ਸਿੱਧੂ ਪੰਜਾਬ ਵਿਧਾਨ-ਸਭਾ ਵਿੱਚ ਪਹਿਲੀ ਵਾਰ ਵਿਧਾਇਕ ਬਣੇ ਹਨ ਅਤੇ ਪਹਿਲੀ ਵਾਰ ਵਿੱਚ ਹੀ ਉਨਾਂ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਪਰ ਹੁਣ ਜੇਕਰ ਉਨਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਤਾਂ ਕਾਂਗਰਸ ਪਾਰਟੀ ਵਿੱਚ ਵੱਡੇ ਪੱਧਰ ’ਤੇ ਕਲੇਸ਼ ਛਿੱਡ ਜਾਏਗਾ, ਜਿਹਨੂੰ ਰੋਕਣਾ ਵੀ ਮੁਸ਼ਕਿਲ ਹੋ ਜਾਏਗਾ, ਕਿਉਂਕਿ ਇਸ ਸਮੇਂ ਕੈਬਨਿਟ ਵਿੱਚ ਸ਼ਾਮਲ ਬ੍ਰਹਮ ਮਹਿੰਦਰਾਂ ਪੰਜਾਬ ਵਿਧਾਨ ਸਭਾ ਵਿੱਚ 6 ਵਾਰ ਵਿਧਾਇਕ ਚੁਣ ਕੇ ਆ ਚੁੱਕੇ ਹਨ ਅਤੇ ਵਿਧਾਨ ਸਭਾ ਦੀ ਸੀਨੀਅਰਤਾ ਅੱਗੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਜੂਨੀਅਰ ਹਨ। ਇਸ ਲਈ ਹੁਣ ਜੇਕਰ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਤਾਂ ਬ੍ਰਹਮ ਮਹਿੰਦਰਾਂ ਨੂੰ ਕੈਬਨਿਟ ਮੰਤਰੀਆਂ ਵਿੱਚ ਤੀਜਾ ਨੰਬਰ ਮਿਲੇਗਾ, ਜਦੋਂ ਕਿ ਇਸ ਸਮੇਂ ਮੁੱਖ ਮੰਤਰੀ ਤੋਂ ਬਾਅਦ ਉਹ ਹੀ ਕੈਬਨਿਟ ਵਿੱਚ ਦੂਜਾ ਨੰਬਰ ਰੱਖਦੇ ਹਨ। ਇਸ ਲਈ ਬ੍ਰਹਮ ਮਹਿੰਦਰਾਂ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਸਿਰਫ਼ ਬ੍ਰਹਮ ਮਹਿੰਦਰਾਂ ਹੀ ਨਹੀਂ ਸਗੋਂ ਸਾਧੂ ਸਿੰਘ ਧਰਮਸੋਤ ਅਤੇ ਓ.ਪੀ. ਸੋਨੀ ਸਣੇ ਮਨਪ੍ਰੀਤ ਬਾਦਲ ਪੰਜਾਬ ਵਿਧਾਨ ਸਭਾ ਵਿੱਚ 5-5 ਵਾਰ ਵਿਧਾਇਕ ਬਣ ਚੁੱਕੇ ਹਨ। ਉਹ ਵੀ ਨਵਜੋਤ ਸਿੱਧੂ ਦੇ ਮੁਕਾਬਲੇ ਕਾਫ਼ੀ ਜਿਆਦਾ ਸੀਨੀਅਰ ਵਿਧਾਇਕ ਹਨ। ਮਨਪ੍ਰੀਤ ਬਾਦਲ ਤਾਂ ਪਿਛਲੇ ਤਿੰਨ ਸਰਕਾਰਾਂ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ, ਇਸ ਲਈ ਉਨਾਂ ਦੀ ਸੀਨੀਅਰਤਾ ਤਾਂ ਕਾਫ਼ੀ ਜਿਆਦਾ ਬਣਦੀ ਹੈ।
ਇਨਾਂ ਤੋਂ ਇਲਾਵਾ ਕੈਬਨਿਟ ਵਿੱਚ ਸ਼ਾਮਲ 2 ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਤ੍ਰਿਪਤ ਰਾਜਿੰਦਰ ਬਾਜਵਾ 4-4 ਵਿਧਾਇਕ ਬਣੇ ਹਨ ਤਾਂ 7 ਕੈਬਨਿਟ ਮੰਤਰੀ ਇਹੋ ਜਿਹੇ ਹਨ, ਜਿਹੜੇ ਕਿ 3-3 ਵਾਰ ਵਿਧਾਇਕ ਚੁਣ ਕੇ ਵਿਧਾਨ ਸਭਾ ਵਿੱਚ ਆ ਚੁੱਕੇ ਹਨ। ਇਨਾਂ ਵਿੱਚੋਂ ਵਿਜੇਇੰਦਰ ਸਿੰਗਲਾ ਹੀ ਇਹੋ ਜਿਹੇ ਹਨ, ਜਿਹੜੇ ਕਿ ਪਹਿਲੀਵਾਰ ਵਿਧਾਨ ਸਭਾ ਵਿੱਚ ਪੁੱਜੇ ਹਨ ਹਾਲਾਂਕਿ ਉਹ ਇੱਕ ਵਾਰ ਲੋਕ ਸਭਾ ਮੈਂਬਰ ਵੀ ਰਹਿ ਚੁੱਕੇ ਹਨ।
ਨਵਜੋਤ ਸਿੱਧੂ ਨੂੰ ਪੰਜਾਬ ਦੀ ਕੈਬਨਿਟ ਵਿੱਚ ਦੂਜਾ ਨੰਬਰ ਦਿੰਦੇ ਹੋਏ ਉਪ ਮੁੱਖ ਮੰਤਰੀ ਬਣਾਉਣਾ ਕਾਂਗਰਸ ਹਾਈ ਕਮਾਨ ਲਈ ਕਿਸੇ ਵੱਡੇ ਖ਼ਤਰੇ ਤੋਂ ਘੱਟ ਨਹੀਂ ਹੋਏਗਾ, ਕਿਉਂਕਿ ਇੱਕ ਵਿਧਾਇਕ ਨੂੰ ਖੁਸ ਕਰਨ ਦੇ ਚੱਕਰ ਵਿੱਚ ਕਈ ਸੀਨੀਅਰ ਕੈਬਨਿਟ ਮੰਤਰੀ ਨਰਾਜ਼ ਹੋ ਸਕਦੇ ਹਨ, ਜਿਸ ਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਏਗਾ।
ਸਥਾਨਕ ਸਰਕਾਰਾਂ ਵਿਭਾਗ ਬ੍ਰਹਮ ਮਹਿੰਦਰਾਂ ਤੋਂ ਲੈਣ ਨਹੀਂ ਐ ਸੌਖਾ
ਪੰਜਾਬ ਕੈਬਨਿਟ ਵਿੱਚ ਸਾਰੀਆਂ ਤੋਂ ਜਿਆਦਾ ਸੀਨੀਅਰ ਹੋਣ ਕਰਕੇ ਬ੍ਰਹਮ ਮਹਿੰਦਰਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਨਵਜੋਤ ਸਿੱਧੂ ਨੂੰ ਦੇਣਾ ਵੀ ਕੋਈ ਸੌਖਾ ਕੰਮ ਨਹੀਂ ਹੋਏਗਾ, ਕਿਉਂਕਿ ਬ੍ਰਹਮ ਮਹਿੰਦਰਾਂ ਇਸ ਮਾਮਲੇ ਵਿੱਚ ਮੰਨਣ ਨੂੰ ਤਿਆਰ ਹੀ ਨਹੀਂ ਹੋਣਗੇ। ਸਥਾਨਕ ਸਰਕਾਰਾਂ ਵਿਭਾਗ ਨੂੰ ਹਮੇਸ਼ਾ ਹੀ ਸਰਕਾਰ ਦੇ ਬਰਾਬਰ ਦਾ ਵਿਭਾਗ ਹੀ ਮੰਨਿਆ ਜਾਂਦਾ ਰਿਹਾ ਹੈ, ਕਿਉਂਕਿ ਸਾਰਾ ਸ਼ਹਿਰੀ ਇਲਾਕਾ ਇਸ ਵਿਭਾਗ ਅਧੀਨ ਆਉਂਦਾ ਹੈ, ਇਸ ਲਈ ਹੁਣ ਇਹ ਵਿਭਾਗ ਛੱਡਣ ਲਈ ਬ੍ਰਹਮ ਮਹਿੰਦਰਾ ਨੂੰ ਤਿਆਰ ਕਰਨਾ ਖ਼ੁਦ ਮੁੱਖ ਮੰਤਰੀ ਦੇ ਵਸ ਦੀ ਵੀ ਗਲ ਨਹੀਂ ਹੋਏਗੀ, ਇਸ ਲਈ ਬ੍ਰਹਮ ਮਹਿੰਦਰਾਂ ਤੋਂ ਇਹ ਵਿਭਾਗ ਲੈ ਕੇ ਨਵਜੋਤ ਸਿੱਧੂ ਨੂੰ ਦੇਣ ਕੋਈ ਸੌਖਾ ਕੰਮ ਨਹੀਂ ਹੋਏਗਾ।
ਕਿਹੜਾ ਮੰਤਰੀ ਕਿੰਨੀ ਵਾਰ ਪੁੱਜਾ ਵਿਧਾਨ ਸਭਾ ?
ਕੈਬਨਿਟ ਮੰਤਰੀ ਵਿਧਾਨ ਸਭਾ ਦੀ ਮੈਂਬਰਸ਼ਿਪ
ਬ੍ਰਹਮ ਮਹਿੰਦਰਾਂ 6 ਵਾਰ
ਅਮਰਿੰਦਰ ਸਿੰਘ ਮੁੱਖ ਮੰਤਰੀ 5 ਵਾਰ
ਮਨਪ੍ਰੀਤ ਬਾਦਲ 5 ਵਾਰ
ਸਾਧੂ ਸਿੰਘ ਧਰਮਸੋਤ 5 ਵਾਰ
ਓ.ਪੀ. ਸੋਨੀ 5 ਵਾਰ
ਤ੍ਰਿਪਤ ਰਾਜਿੰਦਰ ਬਾਜਵਾ 4 ਵਾਰ
ਰਾਣਾ ਗੁਰਮੀਤ ਸੋਢੀ 4 ਵਾਰ
ਚਰਨਜੀਤ ਚੰਨੀ 3 ਵਾਰ
ਅਰੁਣਾ ਚੌਧਰੀ 3 ਵਾਰ
ਰਜਿਆ ਸੁਲਤਾਨਾ 3 ਵਾਰ
ਸੁਖਜਿੰਦਰ ਰੰਧਾਵਾ 3 ਵਾਰ
ਸੁਖਬਿੰਦਰ ਸੁਖਸਰਕਾਰੀਆ 3 ਵਾਰ
ਗੁਰਪ੍ਰੀਤ ਕਾਂਗੜ 3 ਵਾਰ
ਬਲਬੀਰ ਸਿੱਧੂ 3 ਵਾਰ
ਸ਼ਾਮ ਸੁੰਦਰ ਅਰੋੜਾ 2 ਵਾਰ
ਨਵਜੋਤ ਸਿੱਧੂ 1 ਵਾਰ
ਵਿਜੇਇੰਦਰ ਸਿੰਗਲਾ 1 ਵਾਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।