ਪਟਿਆਲਾ ਜ਼ਿਲੇ੍ ’ਚ 9 ਹੋਰ ਆਕਸੀਜਨ ਪਲਾਂਟ ਹੋਣਗੇ ਚਾਲੂ : ਪ੍ਰਨੀਤ ਕੌਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਕੋਵਿਡ ਵਾਰਡ ਵਿਖੇ 1000 ਲੀਟਰ ਸਮਰੱਥਾ ਵਾਲਾ ਨਵਾਂ ਲਾਇਆ ਗਿਆ ਪੀ.ਐਸ.ਏ. (ਪ੍ਰੈਸ਼ਰ ਸਵਿੰਗ ਅਬਸੋਰਪਸ਼ਨ) ਪਲਾਂਟ, ਜੋ ਕਿ ਹਵਾ ’ਚੋਂ ਆਕਸੀਜਨ ਲੈ ਕੇ ਇੱਕ ਦਿਨ ’ਚ 200 ਵੱਡੇ ਡੀ ਟਾਈਪ ਸਿਲੰਡਰ ਭਰ ਸਕੇਗਾ ਨੂੰ ਚਾਲੂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਵਿਖੇ ਹੀ ਐਮਰਜੈਂਸੀ ਨੇੜੇ 62.78 ਲੱਖ ਰੁਪਏ ਦੀ ਲਾਗਤ ਵਾਲਾ ਆਕਸੀਜਨ ਮੈਨੀਫੋਲਡ ਵੀ ਮਰੀਜਾਂ ਨੂੰ ਸਮਰਪਿਤ ਕੀਤਾ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ ਦੀ ਸੰਭਾਵਤ ਤੀਜੀ ਲਹਿਰ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਮੁਕੰਮਲ ਹਨ ਤੇ ਇਸੇ ਤਹਿਤ ਹੀ ਪਟਿਆਲਾ ਜ਼ਿਲ੍ਹੇ ’ਚ ਆਕਸੀਜਨ ਦੇ 10 ਪਲਾਂਟ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਐਮ.ਪੀ.ਲੈਡ ਫੰਡ ਵਿੱਚੋਂ ਇਨ੍ਹਾਂ ਪਲਾਂਟ ਲਈ 2.08 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਵਿਖੇ ਲਿਕੁਇਡ ਮੈਡੀਕਲ ਆਕਸੀਜਨ ਦੇ ਦੋ ਹੋਰ ਪਲਾਂਟ ਵੀ ਸਥਾਪਤ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਕੋਵਿਡ ਦੀ ਦੂਜੀ ਲਹਿਰ ਦੌਰਾਨ, ਜਦੋਂ ਦੇਸ਼ ਭਰ ’ਚ ਆਕਸੀਜਨ ਦੀ ਕਮੀ ਪਾਈ ਜਾ ਰਹੀ ਸੀ ਤਾਂ ਪੰਜਾਬ ’ਚ ਆਕਸੀਜਨ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਗਈ। ਇਸ ਮੌਕੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਬੀਬਾ ਜੈ ਇੰਦਰ ਕੌਰ, ਪੀ.ਆਰ.ਟੀ.ਸੀ. ਚੇਅਰਮੈਨ ਕੇ.ਕੇ. ਸ਼ਰਮਾ, ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮੇਅਰ ਸੰਜੀਵ ਬਿੱਟੂ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ ਆਦਿ ਮੌਜ਼ੂਦ ਸਨ।
ਮਰੀਜ਼ਾਂ ਤੱਕ ਪਾਇਪਾਂ ਰਾਹੀਂ ਪੁੱਜੇਗੀ ਆਕਸੀਜ਼ਨ
ਪੀ.ਐਸ.ਏ. ਪਲਾਂਟ ਆਕਸੀਜਨ ਦੀ ਕੋਵਿਡ-19 ਮਰੀਜਾਂ ਲਈ ਵਧਦੀ ਮੰਗ ਨੂੰ ਇਕਦਮ ਪੂਰਿਆਂ ਕਰਨ ਦੀ ਸਮਰੱਥਾ ਰੱਖਦੇ ਹਨ। ਜਦਕਿ ਤੀਜੀ ਲਹਿਰ ਦੇ ਮੱਦੇਨਜ਼ਰ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ, ਜਿੱਥੇ ਐਲ-2 ਬੈਡ ਲਗਾਏ ਜਾ ਸਕਣਗੇ, ਵਿਖੇ ਵੀ ਮੈਨੀਫੋਲਡ ਰਾਹੀਂ ਇੱਥੇ ਦਾਖਲ ਮਰੀਜਾਂ ਤੱਕ ਪਾਇਪਾਂ ਰਾਹੀਂ ਆਕਸੀਜਨ ਪਹੁੰਚਾਈ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।