ਠੇਕਾ ਕਾਮਿਆਂ ਰੈਗੂਲਰ ਕਰਨ ਸਮੇਤ ਕੱਢੇ ਕਾਮਿਆਂ ਨੂੰ ਬਹਾਲ ਕੀਤੇ ਜਾਵੇ : ਆਗੂ
-
ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਤਕੜੇ ਪ੍ਰਬੰਧ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਅਤੇ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਅੱਜ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨਾ ਦੇ ਕੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਇਨ੍ਹਾਂ ਮੁਲਾਜ਼ਮਾਂ ਦੇ ਧਰਨੇ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ ਅਤੇ ਇੱਥੇ ਭਾਰੀ ਗਿਣਤੀ ’ਚ ਪੁਲਿਸ ਤਾਇਨਾਤ ਕੀਤੀ ਹੋਈ ਸੀ। ਇਨ੍ਹਾਂ ਠੇਕਾ ਮੁਲਾਜ਼ਮਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ।
ਸੜਕ ’ਤੇ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਸਕੱਤਰ ਪਰਮਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਸੀ.ਐੱਚ.ਬੀ ਤੇ ਸੀਐਚ ਡਬਲਿਊ ਠੇਕਾ ਕਾਮਿਆਂ ਨੂੰ ਨਿਗੂਣੀਆਂ ਤਨਖਾਹਾਂ ਤੇ ਰੱਖ ਠੇਕਾ ਕਾਮਿਆਂ ਨਾਲ ਜਬਰ ਕਰ ਰਹੀ ਹੈ। ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਠੇਕਾ ਕਾਮਿਆਂ ਤੇ ਆਮ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਘਰ-ਘਰ ਰੁਜ਼ਗਾਰ ਤੇ ਠੇਕਾ ਕਾਮਿਆਂ ਨੂੰ ਵਿਭਾਗ ’ਚ ਲੈ ਕੇ ਰੈਗੂਲਰ ਕੀਤਾ ਜਾਵੇਗਾ।
ਪਰ ਚਾਰ ਸਾਲ ਤੋਂ ਉੱਪਰ ਬੀਤਣ ਤੇ ਸਰਕਾਰ ਨੇ ਨਾ ਤਾਂ ਠੇਕਾ ਕਾਮਿਆਂ ਦੀ ਕੋਈ ਸਾਰ ਲਈ ਅਤੇ ਨਾ ਹੀ ਠੇਕਾ ਕਾਮਿਆਂ ਨੂੰ ਪੱਕਾ ਕੀਤਾ ਉਨ੍ਹਾਂ ਕਿਹਾ ਕਿ ਸੀ.ਐੱਚ.ਬੀ. ਠੇਕਾ ਕਾਮਿਆਂ ਨੂੰ ਪਿਛਲੇ ਪੈਂਡੀ ਸੀਜਨ ਦੌਰਾਨ ਛਾਂਟੀ ਕਰ ਦਿੱਤਾ ਗਿਆ ਸੀ ਜੋ ਕਿ ਮੈਨੇਜਮੈਂਟ ਅਧਿਕਾਰੀਆਂ ਤੇ ਕਿਰਤ ਮੰਤਰੀ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਸੀਐੱਸਡੀ ਏ ਵੈਨੂੰ ਪ੍ਰਸਾਦ ਨੇ ਕੱਢੇ ਗਏ ਕਾਮਿਆਂ ਨੂੰ ਮੁੜ ਨੌਕਰੀ ਤੇ ਬਹਾਲ ਕਰਨ, ਛਾਟੀ ਦੀ ਨੀਤੀ ਪੱਕੇ ਤੌਰ ’ਤੇ ਰੱਦ ਕਰਨ, ਹਾਦਸਾਗ੍ਰਸਤ ਕਾਮੇ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਮੁਆਵਜ਼ੇ ਦਾ ਪ੍ਰਬੰਧ ਕਰਨ, ਪੁਰਾਣਾ ਬਕਾਇਆ ਏਰੀਅਰ ਬੋਨਸ ਜਾਰੀ ਕਰਨ ਅਤੇ ਮੰਗ ਪੱਤਰ ’ਚ ਅਨੇਕਾਂ ਮੰਗਾਂ ਦਾ ਹੱਲ ਕਰਨ ਦਾ ਫੈਸਲਾ ਕੀਤਾ ਸੀ ।
ਜਿਸ ਨੂੰ ਪਾਵਰਕੌਮ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਲਾਗੂ ਨਹੀਂ ਕਰ ਰਹੀ। ਧਰਨੇ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਸੀਐਚਡਬਲਿਊ ਤੇ ਸੀਐੱਚਬੀ ਠੇਕਾ ਕਾਮਿਆਂ ਨੂੰ ਵਿਭਾਗ ’ਚ ਲੈ ਕੇ ਰੈਗੂਲਰ ਕਰਨ, ਕੱਢੇ ਗਏ ਕਾਮਿਆਂ ਨੂੰ ਮੁੜ ਨੌਕਰੀ ਤੇ ਲਾਉਣ, ਹਾਦਸਾਗ੍ਰਸਤ ਕਾਮਿਆਂ ਨੂੰ ਮੁਆਵਜ਼ਾ ਪੱਕੀ ਨੌਕਰੀ ਦਾ ਪ੍ਰਬੰਧ ਕਰਨ। ਇਸ ਦੇ ਨਾਲ ਹੀ ਪਹਿਲਾਂ ਠੇਕੇਦਾਰ ਕੰਪਨੀਆਂ ਦਾ ਟੈਂਡਰ ਸਾਲ ਭਰ ਦਾ ਕੀਤਾ ਜਾਂਦਾ ਸੀ ਪਰ ਇਸ ਵਾਰ ਪਾਵਰਕੌਮ ਦੀ ਮੈਨੇਜਮੈਂਟ ਨੇ 2-3 ਮਹੀਨੇ ਦਾ ਹੀ ਟੈਂਡਰ ਅੱਗੇ ਕੀਤਾ ਗਿਆ ਹੈ, ਜਿਸ ਦੇ ਕਾਰਨ ਠੇਕਾ ਕਾਮਿਆਂ ਨੇ ਭਾਰੀ ਰੋਸ ਜਤਾਇਆ ਕਿ ਨਵੇਂ ਟੈਂਡਰਾਂ ਨੂੰ ਸਾਲ ਭਰ ਦਾ ਕੀਤਾ ਜਾਵੇ ਜਾਂ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ’ਚ ਲਿਆ ਕੇ ਰੈਗੂਲਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਨੇ ਇਸ ਧਰਨੇ ਨੂੰ ਰੋਕਣ ਲਈ ਅਨੇਕਾਂ ਪ੍ਰਕਾਰ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਜਿਸ ਦੇ ਵਿੱਚ ਉਪ ਸਕੱਤਰ ਆਈ ਆਰ ਵੱਲੋਂ ਕਾਮਿਆਂ ਦੀ ਗੈਰ ਹਾਜ਼ਰੀ ਲਾਉਣ ਦੇ ਵੀ ਪੱਤਰ ਜਾਰੀ ਕੀਤੇ ਗਏ। ਠੇਕਾ ਕਾਮਿਆਂ ਨੇ ਨਿਖੇਧੀ ਕਰਦਿਆਂ ਕਿਹਾ ਕਿ ਗੈਰ ਹਾਜ਼ਰੀ ਲਾਉਣ ਦੀ ਬਜਾਏ ਠੇਕਾ ਕਾਮਿਆਂ ਦੀਆਂ ਮੰਗਾਂ ਦਾ ਹੱਲ ਕਰੇ। ਧਰਨੇ ਨੂੰ ਸੂਬਾ ਮੀਤ ਪ੍ਰਧਾਨ ਚੌਧਰ ਸਿੰਘ, ਚਮਕੌਰ ਸਿੰਘ, ਇੰਦਰਪ੍ਰੀਤ ਸਿੰਘ, ਹਰਮੀਤ ਸਿੰਘ, ਵਰਿੰਦਰ ਸਿੰਘ ਮੋਮੀ ਗੁਰਵਿੰਦਰ ਸਿੰਘ ਪੰਨੂ, ਟੈਕਨੀਕਲ ਸਰਵਿਸ ਯੂਨੀਅਨ ਮੀਤ ਪ੍ਰਧਾਨ ਬਨਾਰਸੀ ਦਾਸ, ਵਿਜੈ ਦੇਵ ਆਦਿ ਵੱਲੋ ਸੰਬੋੋੋੋਧਨ ਕੀਤਾ ਗਿਆ। ਸ਼ਾਮ 4 ਵਜੇ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।