‘ਜੀਹਦਾ ਖਾਓ, ਓਸੇ ਨੂੰ ਵਜਾਓ’, ਕਾਰਵਾਈ ਤਾਂ ਹੋ ਕੇ ਰਹੇਗੀ

Manish Gulati

ਮੇਰਾ ਨਾਂਅ ਮਨੀਸ਼ਾ ਗੁਲਾਟੀ ਐ, ਮੈਂ ਨਹੀਂ ਡਰਦੀ ਕਿਸੇ ਤੋਂ

  • ਹੁਣ ਉੱਖਲੀ ਵਿੱਚ ਸਿਰ ਦੇ ਹੀ ਦਿੱਤਾ ਹੈ ਤਾਂ ਡਰਨਾ ਕਿਸ ਗੱਲ ਦਾ : ਮਨੀਸ਼ਾ ਗੁਲਾਟੀ
  • ਕਿਹਾ, ਮੁੱਖ ਮੰਤਰੀ ਦਾ ਆਇਆ ਸੀ ਫੋਨ, ਜਲਦ ਮਿਲੇਗੀ ਜਾਣਕਾਰੀ ਤਾਂ ਕੀਤੀ ਭੁੱਖ ਹੜਤਾਲ ਮੁਲਤਵੀ

ਅਸ਼ਵਨੀ ਚਾਵਲਾਚੰਡੀਗੜ੍ਹ, 24 ਮਈ। ਪਹਿਲਾਂ ਹੁੰਦਾ ਸੀ ਕਿ ਜੀਹਦਾ ਖਾਓ ਉਸ ਦੇ ਗੁਣ ਗਾਓ ਪਰ ਹੁਣ ਸਮਾਂ ਹੈ ਕਿ ਜੀਹਦਾ ਖਾਓ, ਓਸੇ ਨੂੰ ਵਜਾਓ। ਹੁਣ ਇਸ ਤਰ੍ਹਾਂ ਦੀ ਰਾਜਨੀਤੀ ਹੋ ਗਈ ਹੈ। ਸਾਡਾ ਕਾਨੂੰਨ ਲਚੀਲਾ ਤਾਂ ਜ਼ਰੂਰ ਹੈ ਪਰ ਖੋਖਲਾ ਨਹੀਂ ਹੈ। ਇਸ ਤਰ੍ਹਾਂ ਦੇ ਮਾਮਲੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ।

ਇਸ ਲਈ ਕੋਈ ਵੀ ਹੋਵੇ ਉਸ ਦੇ ਖ਼ਿਲਾਫ਼ ਕਾਰਵਾਈ ਹੋ ਕੇ ਹੀ ਰਹੇਗੀ। ਇਸ ਲਈ ਨਾ ਹੀ 3 ਸਾਲ ਪੁਰਾਣਾ ਮੁੱਦਾ ਮਾਅਨੇ ਰੱਖਦਾ ਹੈ ਅਤੇ ਨਾ ਹੀ 30 ਸਾਲ ਪੁਰਾਣਾ ਮੁੱਦਾ ਮਾਅਨੇ ਰੱਖਦਾ ਹੈ। ਜਿਹੜਾ ਵੀ ਮਾਮਲਾ ਉਨ੍ਹਾਂ ਕੋਲ ਆਵੇਗਾ, ਉਸ ਮਾਮਲੇ ਨੂੰ ਹਰ ਹਾਲਤ ਵਿੱਚ ਚੁੱਕਿਆ ਜਾਵੇਗਾ।

ਮਹਿਲਾ ਕਮਿਸ਼ਨ ਖ਼ਿਲਾਫ਼ ਬੋਲਣ ਵਾਲੇ ਬਾਗੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਇਹ ਮੂੰਹ ਮੋੜਵਾਂ ਜੁਆਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦਿੱਤਾ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸੋਮਵਾਰ ਤੱਕ ਉਨ੍ਹਾਂ ਕੋਲ ਸਰਕਾਰ ਵੱਲੋਂ ਜੁਆਬ ਆਉਣਾ ਸੀ ਪਰ ਸਵੇਰੇ ਹੀ ਮੁੱਖੀ ਮੰਤਰੀ ਅਮਰਿੰਦਰ ਸਿੰਘ ਦਾ ਫੋਨ ਆ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਸਰਕਾਰ ਵੱਲੋਂ ਅਗਲੇ 2 ਦਿਨਾਂ ਵਿੱਚ ਜੁਆਬ ਭੇਜ ਦਿੱਤਾ ਜਾਵੇਗਾ। ਇਸ ਲਈ ਉਨ੍ਹਾਂ ਆਪਣੀ ਭੁੱਖ ਹੜਤਾਲ ਟਾਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਕਿਸੇ ਦੇ ਵੀ ਪ੍ਰਭਾਵ ਹੇਠ ਕੰਮ ਨਹੀਂ ਕਰਦਾ, ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਸਰਕਾਰ ਦੇ ਦਬਾਅ ਹੇਠ ਮਹਿਲਾ ਕਮਿਸ਼ਨ ਕੰਮ ਕਰ ਰਿਹਾ ਹੈ।

ਸਰਕਾਰ ਵੱਲੋਂ ਸਮਾਂ ਮੰਗਿਆ ਜਾ ਸਕਦਾ ਹੈ ਅਤੇ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਫੋਨ ਕੀਤਾ ਹੈ ਤਾਂ ਸਮਾਂ ਦੇ ਦਿੱਤਾ ਗਿਆ ਹੈ। ਜਿਥੇ ਤੱਕ ਹੋਰ ਉਨ੍ਹਾਂ ’ਤੇ ਉਂਗਲੀ ਚੁੱਕਦੇ ਹੋਏ ਹਮਲੇ ਕਰ ਰਹੇ ਹਨ ਤਾਂ ਉਨ੍ਹਾਂ ਦਾ ਨਾਂਅ ਮਨੀਸ਼ਾ ਗੁਲਾਟੀ ਹੈ ਅਤੇ ਉਹ ਕਿਸੇ ਤੋਂ ਡਰਦੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਦੋਂ ਉੱਖਲੀ ਵਿੱਚ ਉਨ੍ਹਾਂ ਨੇ ਆਪਣਾ ਸਿਰ ਦੇ ਹੀ ਦਿੱਤਾ ਹੈ ਤਾਂ ਹੁਣ ਡਰਨਾ ਕਿਹੜੀ ਗੱਲ ਦਾ ਹੈ, ਜੋ ਹੋਵੇਗਾ , ਉਹ ਖ਼ੁਦ ਦੇਖ ਲਵੇਗੀ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਕੰਮ ਨੂੰ ਕੋਈ ਵੀ ਨਹੀਂ ਰੋਕ ਸਕਦਾ ਹੈ, ਹੁਣ ਚੋਣਾਂ ਆ ਰਹੀਆਂ ਹਨ ਤਾਂ ਹੀ ਸਿਆਸਤ ਜ਼ਿਆਦਾ ਹੋ ਰਹੀ ਹੈ ਅਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ।

ਇਸ ਅੱਗ ਤੋਂ ਦੂਰ ਰਹਿਣ ਸਿਆਸੀ ਪਾਰਟੀਆਂ

ਮਨੀਸ਼ਾ ਗੁਲਾਟੀ ਨੇ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਇਸ ਮਾਮਲੇ ਵਿੱਚ ਜ਼ਿਆਦਾ ਬਿਆਨਬਾਜ਼ੀ ਕਰ ਰਹੀਆਂ ਹਨ। ਉਹ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਨ ਕਿ ਇਹ ਅੱਗ ਹੈ ਅਤੇ ਉਨ੍ਹਾਂ ਨੂੰ ਅੱਗ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਲਈ ਕੋਈ ਵੀ ਸਿਆਸੀ ਪਾਰਟੀ ਬੇਲੋੜੀ ਬਿਆਨਬਾਜ਼ੀ ਨਾ ਕਰੇ ਅਤੇ ਇਸ ਤੋਂ ਗੁਰੇਜ਼ ਕਰਨਾ ਹੀ ਠੀਕ ਹੈ।

ਮਾਮਲੇ ਆਉਂਦੇ ਰਹਿਣਗੇ, ਮੈਂ ਚੁੱਕਦੀ ਰਹਾਂਗੀ

ਮਨੀਸ਼ਾ ਗੁਲਾਟੀ ਨੇ ਕਿਹਾ ਕਿ ਜਿਹੜੇ ਮਾਮਲੇ ਸਬੰਧੀ ਕਾਫ਼ੀ ਜ਼ਿਆਦਾ ਹੰਗਾਮਾ ਹੋ ਰਿਹਾ ਹੈ, ਉਹ ਤਾਂ ਰੁਟੀਨ ਦਾ ਮਾਮਲਾ ਹੈ ਅਤੇ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਆਏ ਹਨ ਅਤੇ ਭਵਿੱਖ ਵਿੱਚ ਵੀ ਕਈ ਮਾਮਲੇ ਆਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਬਤੌਰ ਚੇਅਰਪਰਸਨ ਜਿਹੜੇ ਵੀ ਮਾਮਲੇ ਆਉਂਦੇ ਰਹਿਣਗੇ, ਉਹ ਕਾਰਵਾਈ ਕਰਦੇ ਰਹਿਣਗੇ। ਭਾਵੇਂ ਮਾਮਲੇ ਵਿੱਚ ਕੋਈ ਵੀ ਸ਼ਾਮਲ ਹੋਵੇ।

ਖ਼ਿਲਾਫ਼ ਬੋਲਣ ਵਾਲੇ ਦੀ ‘ਪਰਵਰਿਸ਼’ ਹੀ ਸੁਆਲਾਂ ਦੇ ਘੇਰੇ ‘ਚ

ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਕਾਫ਼ੀ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਕਿਉਂ ਕਾਰਵਾਈ ਕਰ ਰਹੇ ਹਨ। ਇੱਥੇ ਤੱਕ ਕਿ ਕੁਝ ਆਮ ਲੋਕਾਂ ਵਿੱਚ ਤੇ ਕੁਝ ਸੋਸ਼ਲ ਮੀਡੀਆ ਰਾਹੀਂ ਉਨਾਂ ਦੇ ਖ਼ਿਲਾਫ਼ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਦੀ ‘ਪਰਵਰਿਸ਼’ ਤੇ ਹੀ ਸੁਆਲ ਉੱਠਦਾ ਹੈ, ਕਿਉਂਕਿ ਜਿਹੜੇ ਸ਼ਬਦ ਉਨ੍ਹਾਂ ਖ਼ਿਲਾਫ਼ ਬੋਲੇ ਜਾ ਰਹੇ ਹਨ, ਉਹ ਕਾਫ਼ੀ ਜ਼ਿਆਦਾ ਗਲਤ ਹਨ। ਉਹ ਖੁਦ ਵੀ ਇੱਕ ਮਹਿਲਾ ਹਨ ਅਤੇ ਇੱਕ ਔਰਤ ਖ਼ਿਲਾਫ਼ ਇਹੋ ਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।