10 ਸਾਲਾਂ ਦੀ ਬੱਚੀ ਸਮੇਤ ਮਾਂ ਕੋਲ ਰਹਿ ਕੇ ਦਿਨ ਕਟੀ ਕਰ ਰਹੀ ਵਿਧਵਾ ਲਈ ਕੋਰੋਨਾ ਬਣਿਆ ਸੰਕਟ
ਸੁਖਜੀਤ ਮਾਨ, ਬਠਿੰਡਾ। ਕੋਰੋਨਾ ਦੇ ਕਹਿਰ ਨੇ ਆਰਥਿਕ ਪੱਖੋਂ ਕਮਜੋਰ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਕੰਮ ਕਾਰ ਨਾ ਚੱਲਣ ਕਾਰਨ ਹੁਣ ਦੋ ਵੇਲੇ ਦੀ ਰੋਟੀ ਵੀ ਮੁਸ਼ਕਿਲ ਹੋ ਗਈ ਸ਼ਹਿਰ ਦੇ ਲੇਬਰ ਚੌਂਕ ’ਚ ਖੜ੍ਹਨ ਵਾਲੇ ਮਜ਼ਦੂਰਾਂ ਦਾ ਦਿਨ ਹੁਣ ਸਿਰਫ ਉੱਥੇ ਖੜ੍ਹਕੇ ਹੀ ਟੱਪਦਾ ਹੈ ਤੇ ਆਥਣ ਵੇਲੇ ਖਾਲੀ ਹੱਥ ਹੀ ਘਰ ਮੁੜਦੇ ਨੇ ਇੱਥੋਂ ਦੇ ਮਾਡਲ ਟਾਊਨ ’ਚ ਸੈਲੂਨ ਚਲਾ ਕੇ ਘਰ ਦਾ ਗੁਜ਼ਾਰਾ ਕਰਨ ਵਾਲੀ ਵਿਧਵਾ ਨੂੰ ਵੀ ਹੁਣ ਸਬਜ਼ੀ ਵੇਚਣੀ ਪੈ ਰਹੀ ਹੈ ਤਾਂ ਜੋ ਭੁੱਖਮਰੀ ਤੋਂ ਬਚਿਆ ਜਾ ਸਕੇ।
ਬਠਿੰਡਾ : ਸੜਕ ਕਿਨਾਰੇ ਸਬਜ਼ੀ ਵੇਚਦੀ ਹੋਈ ਸੁਰਿੰਦਰ ਕੌਰ ਤੇ ਉਸਦੀ ਸਹੇਲੀ ਤਸਵੀਰ : ਸੱਚ ਕਹੂੰ ਨਿਊਜ਼
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸ਼ਹਿਰ ਦੇ ਮਾਡਲ ਟਾਊਨ ਫੇਸ-1 ’ਚ ਸੁਰਿੰਦਰ ਕੌਰ ਨਾਂਅ ਦੀ ਮਹਿਲਾ ਦੀ ਯੋਗਤਾ ਗ੍ਰੈਜੂਏਸ਼ਨ, ਨਰਸਿੰਗ, ਆਈਟੀਆਈ ਡਿਪਲੋਮਾ ਹੋਲਡਰ ਹੈ ਸਾਲ 2015 ’ਚ ਪਤੀ ਦੀ ਮੌਤ ਹੋ ਗਈ ਤਾਂ ਉਸਦੇ ਸਿਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਕੋਈ ਨੌਕਰੀ ਮਿਲ ਜਾਵੇ ਤਾਂ ਜੋ ਗੁਜ਼ਾਰਾ ਸੌਖਾ ਹੋ ਸਕੇ ਪਰ ਨਹੀਂ ਮਿਲੀ ।
ਬਿਰਧ ਮਾਂ ਕੋਲ ਬਠਿੰਡਾ ਵਿਖੇ ਹੀ ਕਿਰਾਏ ਦੇ ਮਕਾਨ ’ਚ ਆਪਣੀ 10 ਸਾਲਾ ਬੱਚੀ ਸਮੇਤ ਰਹਿਣ ਵਾਲੀ ਇਸ ਮਹਿਲਾ ਨੇ ਨੌਕਰੀ ਨਾ ਮਿਲਣ ਕਾਰਨ ਘਰ ਦੇ ਗੁਜ਼ਾਰੇ ਲਈ ਉਧਾਰੇ ਪੈਸੇ ਫੜ੍ਹਕੇ ਸੈਲੂਨ ਚਲਾਇਆ ਸੀ ਕੋਰੋਨਾ ਕਾਲ ਤੋਂ ਪਹਿਲਾਂ ਗ੍ਰਾਹਕਾਂ ਦੀ ਥੋੜ੍ਹੀ-ਬਹੁਤੀ ਆਮਦ ਨਾਲ ਚੁੱਲ੍ਹਾ ਸੌਖਾ ਤਪਦਾ ਸੀ ਪਰ ਪਿਛਲੇ ਸਾਲ ਤੋਂ ਕੰਮ ਮੱਠਾ ਪੈ ਗਿਆ ਜਿਸ ਕਾਰਨ ਘਰੇਲੂ ਮੁਸ਼ਕਿਲਾਂ ’ਚ ਹੋਰ ਵੀ ਵਾਧਾ ਹੋ ਗਿਆ। ਸੁਰਿੰਦਰ ਕੌਰ ਦੱਸਦੀ ਹੈ ਕਿ ਪਿਛਲੇ ਸਾਲ ਵੀ ਕੋਰੋਨਾ ਕਾਰਨ ਕੰਮ ਬਿਲਕੁਲ ਠੱਪ ਹੀ ਰਿਹਾ ਹੁਣ ਵੀ ਉਹੀ ਹਾਲ ਹੈ।
ਸੈਲੂਨ ਦੇ ਅੱਗੇ ਹੀ ਸੜਕ ਕਿਨਾਰੇ ਸਬਜ਼ੀ ਵੇਚਦੀ ਹੋਈ ਸੁਰਿੰਦਰ ਕੌਰ
ਉਨ੍ਹਾਂ ਦੱਸਿਆ ਕਿ ਭਾਵੇਂ ਪ੍ਰਸ਼ਾਸ਼ਨ ਨੇ ਕੁੱਝ ਸਮੇਂ ਲਈ ਦੁਕਾਨਾਂ ਖੋਲ੍ਹਣ ਦੀ ਇਜਾਜਤ ਦਿੱਤੀ ਹੋਈ ਹੈ ਪਰ ਕੋਰੋਨਾ ਕਾਰਨ ਵਿਆਹ-ਸ਼ਾਦੀ ਸਮਾਗਮ ਆਦਿ ਨਾ ਹੋਣ ਕਾਰਨ ਸੈਲੂਨ ’ਚ ਗ੍ਰਾਹਕਾਂ ਦੀ ਆਮਦ ਨਹੀਂ ਹੋ ਰਹੀ ਭਵਿੱਖ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਸੁਰਿੰਦਰ ਕੌਰ ਨੇ ਆਖਿਆ ਕਿ ਮਕਾਨ ਦਾ ਕਿਰਾਇਆ, ਦੁਕਾਨ ਦਾ ਕਿਰਾਇਆ ਅਤੇ ਬਿਜਲੀ ਬਿੱਲ ਆਦਿ ਤਾਰਨ ਲਈ ਉਸਨੇ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਉਸਦੇ ਨਾਲ ਉਸਦੀ ਇੱਕ ਹੋਰ ਸਹੇਲੀ ਵੀ ਸਬਜ਼ੀ ਵੇਚਦੀ ਹੈ ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 5:30 ਵਜੇ ਉਹ ਸਬਜ਼ੀ ਮੰਡੀ ’ਚੋਂ ਸਬਜ਼ੀ ਖ੍ਰੀਦਦੀਆਂ ਹਨ ਤੇ ਜੋ ਸੈਲੂਨ ਦੇ ਅੱਗੇ ਹੀ ਸੜਕ ਕਿਨਾਰੇ ਸਬਜ਼ੀ ਰੱਖਕੇ ਵੇਚਦੀਆਂ ਹਨ।
ਸਰਕਾਰ ਤੋਂ ਕੀਤੀ ਮੱਦਦ ਦੀ ਮੰਗ
ਸੁਰਿੰਦਰ ਕੌਰ ਨੇ ਪੰਜਾਬ ਸਰਕਾਰ ਤੋਂ ਮੱਦਦ ਦੀ ਮੰਗ ਕਰਦਿਆਂ ਆਖਿਆ ਕਿ ਜਿਸ ਤਰ੍ਹਾਂ ਹੋਰ ਕਾਰੋਬਾਰੀਆਂ ਆਦਿ ਦੀ ਅਜਿਹੇ ਸੰਕਟ ਦੇ ਸਮੇਂ ਮੱਦਦ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਵੀ ਮੱਦਦ ਕੀਤੀ ਜਾਵੇ ਉਧਾਰੇ ਫੜ੍ਹੇ ਪੈਸੇ ਵੀ ਹਾਲੇ ਸਿਰ ’ਤੇ ਖੜ੍ਹੇ ਹਨ ਤੇ ਹੁਣ ਤਾ ਰੋਜ਼ੀ-ਰੋਟੀ ਦਾ ਵੀ ਔਖਾ ਹੋ ਗਿਆ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤੇ ਇਸ ਸਾਲ ਦੇ ਲਾਕਡਾਊਨ ਨੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਪਾ ਦਿੱਤਾ ਹੈ ਇਸ ਲਈ ਛੇਤੀ ਯੋਗ ਮੱਦਦ ਕੀਤੀ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।