ਆਯੂਸਮਾਨ ਨੂੰ ਨਹੀਂ ਮਿਲ ਰਿਹਾ ਐ ਪੰਜਾਬ ’ਚ ‘ਮਾਣ’, ਪ੍ਰਾਈਵੇਟ ਹਸਪਤਾਲ ਨਹੀਂ ਕਰ ਰਹੇ ਹਨ ਇਲਾਜ

ਆਯੂਸਮਾਨ ਕਾਰਡ ਦੇਖ ਕੇ ਹੀ ਕਰ ਦਿੰਦੇ ਹਨ ਇਨਕਾਰ, ਕੈਸ਼ ਪੈਸੇ ਨਾਲ ਹੀ ਹੁੰਦੈ ਕੋਰੋਨਾ ਦਾ ਇਲਾਜ

  • ਪ੍ਰਾਈਵੇਟ ਹਸਪਤਾਲ ਲੈ ਰਹੇ ਹਨ ਜਿਆਦਾ ਪੈਸੇ, ਆਯੂਸਮਾਨ ਰਾਹੀਂ ਮਿਲਨਗੇ ਘੱਟ ਪੈਸੇ
  • ਇਕਾ ਦੂਕਾ ਥਾਂਵਾਂ ’ਤੇ ਹੀ ਸਿਫ਼ਾਰਸ਼ ਹੋਣ ’ਤੇ ਪ੍ਰਾਈਵੇਟ ਹਸਪਤਾਲ ਕਰ ਰਹੇ ਹਨ ਇਲਾਜ

ਅਸ਼ਵਨੀ ਚਾਵਲਾ, ਚੰਡੀਗੜ। ਪੰਜਾਬ ਦੇ ਪ੍ਰਾਈਵੇਟ ਹਸਪਤਾਲ ਕੇਂਦਰ ਦੀ ਆਯੂਸ਼ਮਾਨ ਭਾਰਤ ਸਕੀਮ ਨੂੰ ਬਣਦਾ ਮਾਣ ਸਨਮਾਨ ਹੀ ਨਹੀਂ ਦੇ ਰਹੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਇਹ ਆਯੂਸ਼ਮਾਨ ਭਾਰਤ ਦਾ ਕਾਰਡ ਲੈ ਕੇ ਇਲਾਜ ਲਈ ਪੁੱਜਣ ਵਾਲੇ ਮਰੀਜ਼ਾ ਨੂੰ ਪ੍ਰਾਈਵੇਟ ਹਸਪਤਾਲ ਤੋਂ ਬਾਹਰ ਦਾ ਹੀ ਰਸਤਾ ਦਿਖਾਇਆ ਜਾ ਰਿਹਾ ਹੈ ਜਾਂ ਫਿਰ ਇਸ ਕਾਰਡ ਨੂੰ ਮੰਨਣ ਦੀ ਥਾਂ ‘ਤੇ ਮਰੀਜ਼ਾਂ ਤੋਂ ਨਗਦੀ ਪੈਸਾ ਲੈ ਕੇ ਹੀ ਇਲਾਜ ਕੀਤਾ ਜਾ ਰਿਹਾ ਹੈ।

ਪੰਜਾਬ ਭਰ ਵਿੱਚ ਆਯੂਸ਼ਮਾਨ ਭਾਰਤ ਦੇ ਕਾਰਡ ਧਾਰਕ ਲਗਾਤਾਰ ਸਿਹਤ ਵਿਭਾਗ ਨੂੰ ਇਸ ਸਬੰਧੀ ਸ਼ਿਕਾਇਤਾਂ ਵੀ ਕਰ ਰਹੇ ਹਨ ਪਰ ਸਿਹਤ ਵਿਭਾਗ ਵੀ ਆਪਣੇ ਕੰਨਾਂ ਵਿੱਚ ਤੇਲ ਪਾ ਕੇ ਸ਼ਿਕਾਇਤਾਂ ਸੁਣਨ ਨੂੰ ਤਿਆਰ ਨਹੀਂ ਹਾਲਾਂਕਿ ਕੁਝ ਥਾਂਵਾਂ ’ਤੇ ਵੱਡੀ ਸਿਫ਼ਾਰਸ਼ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਕੁਝ ਮਰੀਜ਼ਾ ਦਾ ਆਯੂਸ਼ਮਾਨ ਭਾਰਤ ਤਹਿਤ ਇਲਾਜ ਕਰ ਰਹੇ ਹਨ ਪਰ ਇਹ ਗਿਣਤੀ ਬਹੁਤ ਹੀ ਘੱਟ ਹੈ ਅਤੇ ਉਸ ਵਿੱਚ ਸਿਫ਼ਾਰਸ਼ ਹੋਣ ਦੇ ਬਾਵਜੂਦ ਵੈਟੀਲੇਟਰ ਦੀ ਸੁਵਿਧਾ ਦੇਣ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ।

ਸਕੀਮ ਅਨੁਸਾਰ ਕੋਈ ਵੀ ਮਰੀਜ਼ ਆਪਣੇ ਰੁਟੀਨ ਇਲਾਜ ਦੇ ਨਾਲ ਹੀ ਕੋਰੋਨਾ ਦਾ ਇਲਾਜ ਵੀ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾ ਸਕਦਾ ਹੈ

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਆਯੂਸਮਾਨ ਭਾਰਤ ਸਕੀਮ ਨਾਲ ਮਿਲ ਕੇ ਪੰਜਾਬ ਵਿੱਚ ਸਰਬਤ ਸਿਹਤ ਬੀਮਾ ਯੋਜਨਾ ਚਲਾਈ ਹੋਈ ਹੈ। ਜਿਸ ਵਿੱਚ ਕੇਂਦਰ ਸਰਕਾਰ ਵਲੋਂ ਦਿੱਤੇ ਗਏ ਆਪਣੇ ਹਿੱਸੇ ਤੋਂ ਬਾਅਦ ਪੰਜਾਬ ਸਰਕਾਰ ਆਪਣਾ ਹਿੱਸਾ ਪਾ ਕੇ 45 ਲੱਖ 75 ਹਜ਼ਾਰ 797 ਪਰਿਵਾਰਾਂ ਦਾ ਬੀਮਾ ਕਰਵਾਇਆ ਹੋਇਆ ਹੈ। ਕੇਂਦਰ ਸਰਕਾਰ ਦੀ ਇਸ ਸਕੀਮ ਅਨੁਸਾਰ ਕੋਈ ਵੀ ਮਰੀਜ਼ ਆਪਣੇ ਰੁਟੀਨ ਇਲਾਜ ਦੇ ਨਾਲ ਹੀ ਕੋਰੋਨਾ ਦਾ ਇਲਾਜ ਵੀ ਪ੍ਰਾਈਵੇਟ ਹਸਪਤਾਲਾਂ ਵਿੱਚ ਕਰਵਾ ਸਕਦਾ ਹੈ ਪਰ ਇਸ ਲਈ ਸਰਕਾਰੀ ਪ੍ਰਕ੍ਰਿਆ ਵਿੱਚੋਂ ਗੁਜ਼ਰਨਾ ਜਰੂਰੀ ਹੁੰਦਾ ਹੈ।

ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਈ ਵਾਰ ਐਲਾਨ ਕੀਤਾ ਗਿਆ ਕਿ ਆਯੂਸਮਾਨ ਸਕੀਮ ਹੇਠ ਪ੍ਰਾਈਵੇਟ ਹਸਪਤਾਲਾਂ ਨੂੰ ਕੋਰੋਨਾ ਦੇ ਮਰੀਜ਼ਾ ਦਾ ਇਲਾਜ ਕਰਨਾ ਪਏਗਾ ਪਰ ਪੰਜਾਬ ਦਾ ਕੋਈ ਵੀ ਪ੍ਰਾਈਵੇਟ ਹਸਪਤਾਲ ਆਯੂਸਮਾਨ ਭਾਰਤ ਦੇ ਤਹਿਤ ਇਲਾਜ ਕਰਨ ਲਈ ਹੀ ਤਿਆਰ ਨਹੀਂ ਹੈ। ਪੰਜਾਬ ਦੇ ਲਗਭਗ ਹਰ ਜ਼ਿਲੇ ਵਿੱਚ ਪ੍ਰਾਈਵੇਟ ਹਸਪਤਾਲਾਂ ਵਲੋਂ ਇਹ ਸਰਕਾਰੀ ਬੀਮਾ ਯੋਜਨਾ ਦਾ ਕਾਰਡ ਦੇਖਣ ਤੋਂ ਬਾਅਦ ਇਲਾਜ ਕਰਨ ਲਈ ਹੀ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ।

ਜਿਹੜੇ ਕੋਰੋਨਾ ਦੇ ਮਰੀਜ਼ ਆਯੂਸ਼ਮਾਨ ਭਾਰਤ ਦੇ ਕਾਰਡ ਨੂੰ ਇੱਕ ਪਾਸੇ ਰਖ ਕੇ ਨਗਦ ਪੈਸਾ ਦੇਣ ਨੂੰ ਤਿਆਰ ਹੁੰਦੇ ਹਨ, ਉਨਾਂ ਦਾ ਹੀ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਇਥੇ ਹੀ ਕੁਝ ਥਾਂਵਾਂ ’ਤੇ ਕੋਈ ਮੋਟੀ ਸਿਫ਼ਾਰਸ਼ ਹੋਣ ’ਤੇ ਜਰੂਰ ਗਿਣਤੀ ਦੇ ਕੁਝ ਮਰੀਜ਼ਾਂ ਦਾ ਇਲਾਜ ਇਸ ਆਯੂਸਮਾਨ ਭਾਰਤ ਦੇ ਤਹਿਤ ਕੀਤਾ ਗਿਆ ਹੈ ਪਰ ਉਸ ਵਿੱਚ ਵੀ ਆਕਸੀਜਨ ਲੈਵਲ ਤੱਕ ਹੀ ਮਰੀਜ਼ ਨੂੰ ਸੁਵਿਧਾ ਦਿੱਤੀ ਗਈ ਹੈ ਅਤੇ ਵੈਂਟੀਲੇਟਰ ਤੱਕ ਦੀ ਸੁਵਿਧਾ ਨਹੀਂ ਦਿੱਤੀ ਜਾ ਰਹੀ ਹੈ।

ਬੈਡ ਨਹੀਂ ਹੋਣ ਦੀ ਗਲ ਆਖ ਕੇ ਤੋਰ ਦਿੱਤੇ ਜਾਂਦੇ ਹਨ ਕਾਰਡ ਧਾਰਕ

ਪ੍ਰਾਈਵੇਟ ਹਸਪਤਾਲਾਂ ਵਿੱਚ ਜਿਹੜੇ ਕੋਰੋਨਾ ਦੇ ਮਰੀਜ਼ ਆਯੂਸਮਾਨ ਭਾਰਤ ਤਹਿਤ ਹੀ ਇਲਾਜ ਕਰਵਾਉਣ ਲਈ ਕਹਿੰਦੇ ਹਨ ਤਾਂ ਉਨਾਂ ਨੂੰ ਹਸਪਤਾਲ ਵਿੱਚ ਬੈੱਡ ਨਾ ਹੋਣ ਦੀ ਗਲ ਆਖ ਕੇ ਵਾਪਸ ਭੇਜਿਆ ਜਾ ਰਿਹਾ ਹੈ। ਪ੍ਰਾਈਵੇਟ ਹਸਪਤਾਲ ਪ੍ਰਬੰਧਕਾਂ ਵੱਲੋਂ ਮਰੀਜ਼ ਦੀ ਹਾਲਤ ਅਨੁਸਾਰ ਬੈਡ ਜਾਂ ਫਿਰ ਵੈਂਟੀਲੈਂਟਰ ਦੀ ਸੁਵਿਧਾ ਮੌਕੇ ’ਤੇ ਨਾ ਹੋਣ ਦੀ ਗਲ ਆਖੀ ਜਾ ਰਹੀ ਹੈ।

ਘੱਟ ਪੈਸੇ ਮਿਲਣਾ ਐ ਮੁੱਖ ਕਾਰਨ, ਮਰੀਜ਼ ਕਰਦੇ ਹਨ ਕੈਸ਼ ’ਚ ਮੂੰਹ ਮੰਗੀ ਅਦਾਇਗੀ

ਆਯੂਸਮਾਨ ਭਾਰਤ ਬੀਮਾ ਯੋਜਨਾ ਤਹਿਤ ਸਾਰੀ ਅਦਾਇਗੀ ਬੀਮਾ ਕੰਪਨੀ ਵਲੋਂ ਹੀ ਕੀਤੀ ਜਾਂਦੀ ਹੈ ਅਤੇ ਬੀਮਾ ਕੰਪਨੀ ਵੱਲੋਂ ਸਰਕਾਰ ਅਨੁਸਾਰ ਤੈਅ ਕੀਤੇ ਗਏ ਰੇਟ ਦੀ ਹੀ ਅਦਾਇਗੀ ਕੀਤੀ ਜਾਂਦੀ ਹੈ। ਜਿਹੜੀ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਕਾਫ਼ੀ ਜਿਆਦਾ ਘੱਟ ਲੱਗ ਰਹੀ ਹੈ। ਦੂਜੇ ਪਾਸੇ ਨਗਦੀ ਵਿੱਚ ਮਿਲਣ ਵਾਲੇ ਪੈਸੇ ਦੀ ਅਦਾਇਗੀ ਕਾਫ਼ੀ ਜਿਆਦਾ ਮਿਲ ਜਾਂਦੀ ਹੈ। ਇਸ ਕਾਰਨ ਹੀ ਪ੍ਰਾਈਵੇਟ ਹਸਪਤਾਲ ਆਯੂਸਮਾਨ ਭਾਰਤ ਤਹਿਤ ਇਲਾਜ ਕਰਨ ਲਈ ਤਿਆਰ ਨਹੀਂ ਹਨ।

ਸਿਹਤ ਵਿਭਾਗ ਨੇ ਵੱਟੀ ਪਈ ਐ ਚੁੱਪ, ਨਹੀਂ ਕਰ ਰਿਹੈ ਕਾਰਵਾਈ

ਪੰਜਾਬ ਦੇ ਸਿਹਤ ਵਿਭਾਗ ਨੂੰ ਇਸ ਸਬੰਧੀ ਸਾਰੀ ਜਾਣਕਾਰੀ ਹੈ ਕਿ ਪੰਜਾਬ ਵਿੱਚ ਪ੍ਰਾਈਵੇਟ ਹਸਪਤਾਲ ਇਸ ਸਮੇਂ ਆਯੂਸ਼ਮਾਨ ਭਾਰਤ ਤਹਿਤ ਕੋਰੋਨਾ ਦੇ ਮਰੀਜ਼ਾ ਦਾ ਇਲਾਜ ਕਰਨ ਤੋਂ ਸਾਫ਼ ਇਨਕਾਰ ਕਰ ਰਹੇ ਹਨ ਪਰ ਫਿਰ ਵੀ ਸਿਹਤ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਅਤੇ ਉਹ ਚੁੱਪ ਵੱਟ ਕੇ ਸਾਰਾ ਕੁਝ ਦੇਖ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਹਾਂਮਾਰੀ ਵਿੱਚ ਪ੍ਰਾਈਵੇਟ ਹਸਪਤਾਲਾਂ ’ਤੇ ਜਿਆਦਾ ਦਬਾਅ ਸਰਕਾਰ ਪਾਉਣ ਤੋਂ ਵੀ ਘਬਰਾ ਰਹੀ ਹੈ, ਕਿਉਂਕਿ ਇਸ ਸਮੇਂ ਮਰੀਜ਼ਾਂ ਨੂੰ ਇਲਾਜ ਮਿਲਣਾ ਜਰੂਰੀ ਹੈ ਸਰਕਾਰ ਠੀਕ ਸਮਾਂ ਆਉਣ ’ਤੇ ਹੀ ਕਾਰਵਾਈ ਕਰਨ ਦਾ ਇੰਤਜ਼ਾਰ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।