ਦਿੱਲੀ ਕੱਟੜਾ ਐਕਸਪ੍ਰੈਸ ਵੇਅ: ਕਿਸਾਨ ਮੀਟਿਗ ਲਈ ਪੁੱਜੇ ਪਰ ਨਾ ਮੰਤਰੀ ਪੁੱਜੇ ਨਾ ਹੀ ਕੈਪਟਨ ਦੇ ਓਐਸਡੀ

ਕੈਪਸਨ. ਸਕਰਟ ਹਾਊਸ ਅੱਗੇ ਧਰਨੇ ਤੇ ਬੈਠੇ ਕਿਸਾਨ ਆਗੂ
  • ਸਰਕਟ ਹਾਊਸ ਦਾ ਗੇਟ ਕੀਤਾ ਬੰਦ, ਕਿਸਾਨ ਆਗੂ ਨੂੰ ਸਰਕਟ ਹਾਊਸ ’ਚ ਦਾਖਲ ਹੋਣ ਦੀ ਥਾਂ ਮਾਰੇ ਜੱਫੇ

  • ਸਰਕਟ ਹਾਊਸ ਅੱਗੇ ਹੀ ਲਾਇਆ ਧਰਨਾ, ਮੀਟਿੰਗ ਨਾ ਕਰਨਾ ਕਿਸਾਨਾਂ ਨਾਲ ਧੋਖਾ ਕਰਾਰ

ਖੁਸ਼ਵੀਰ ਸਿੰਘ ਤੂਰ, ਪਟਿਆਲਾ। ਮੁੱਖ ਮੰਤਰੀ ਦੇ ਮੋਤੀ ਮਹਿਲ ਨੇੜੇ ਦਿੱਲੀ ਕੱਟੜਾ ਐਸਕਪ੍ਰੈਸ ਵੇਅ ਨੂੰ ਲੈ ਕੇ ਧਰਨੇ ’ਤੇ ਬੈਠੇ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਮੀਟਿੰਗ ’ਚ ਨਾ ਕੋਈ ਮੰਤਰੀ ਬਹੁੜਿਆ ਅਤੇ ਨਾ ਹੀ ਮੁੱਖ ਮੰਤਰੀ ਦਾ ਓਐਸਡੀ। ਆਲਮ ਫਇਹ ਰਿਹਾ ਕਿ ਕਿਸਾਨ ਆਗੂ ਮੀਟਿੰਗ ਲਈ ਸਰਕਟ ਹਾਊਸ ਦੇ ਬੰਦ ਗੇਟ ਅੱਗੇ ਮੀਟਿੰਗ ਲਈ ਕਈ ਘੰਟੇ ਇੰਤਜਾਰ ਕਰਦੇ ਰਹੇ। ਇਸ ਦੌਰਾਨ ਦੁਖੀ ਹੋਏ ਕਿਸਾਨ ਆਗੂ ਵੱਲੋਂ ਜਦੋਂ ਸਰਕਟ ਹਾਊਸ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਜੱਫਾ ਪਾ ਲਿਆ। ਭੁੱਬਾ ਮਾਰ ਰੋਂਦਿਆਂ ਕਿਸਾਨ ਆਗੂ ਗੇਟ ਅੱਗੇ ਹੀ ਧਰਨੇ ’ਤੇ ਬੈਠ ਗਿਆ।

ਦੱਸਣਯੋਗ ਹੈ ਕਿ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਕਿਸਾਨਾਂ ਵਿੱਚ ਇਸ ਗੱਲ ਦਾ ਰੋਸ਼ ਹੈ ਕਿ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਘੱਟ ਭਾਅ ’ਤੇ ਕਾਰਪੋਰੇਟ ਘਰਾਣਿਆਂ ਲਈ ਬਣਨ ਵਾਲੀ ਸੜਕ ਲਈ ਐਕਵਾਇਰ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਕਿਸਾਨਾਂ ਵੱਲੋਂ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਮੁੱਖ ਮੰਤਰੀ ਦੇ ਮੋਤੀ ਮਹਿਲ ਨੇੜੇ ਧਰਨਾ ਲਗਾਇਆ ਹੋਇਆ ਹੈ। ਪਿਛਲੇ ਦਿਨੀਂ ਤਾਂ ਕਿਸਾਨਾਂ ਵੱਲੋਂ ਮੋਤੀ ਮਹਿਲ ਨੂੰ ਟਰੈਕਟਰਾਂ ਨਾਲ ਘੇਰਾ ਪਾ ਲਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅੱਜ ਤਿੰਨ ਮੈਂਬਰੀ ਟੀਮ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ।

ਇਸ ਟੀਮ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਮੁੱਖ ਮੰਤਰੀ ਦੇ ਓਐਸਡੀ ਐਮ.ਪੀ. ਸਿੰਘ ਅਤੇ ਆਈਏਐਸ ਅਧਿਕਾਰੀ ਵਿਸ਼ਵਜੀਤ ਸਿੰਘ ਖੰਨਾ ਸ਼ਾਮਲ ਸਨ। ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਹੋਰ ਆਗੂਆਂ ਨਾਲ ਸਵੇਰੇ 11 ਵਜੇ ਦੇ ਕਰੀਬ ਟਰੈਕਟਰਾਂ ’ਤੇ ਮੀਟਿੰਗ ਲਈ ਸਰਕਟ ਹਾਊਸ ਪੁੱਜ ਗਏ। ਪ੍ਰਸ਼ਾਸਨ ਵੱਲੋਂ ਸਰਕਟ ਹਾਊਸ ਦੇ ਮੁੱਖ ਗੇਟ ਨੂੰ ਪਹਿਲਾਂ ਜਿੰਦਾ ਜੜਿਆ ਹੋਇਆ ਸੀ ਅਤੇ ਵੱਡੀ ਗਿਣਤੀ ਪੁਲਿਸ ਤਾਇਨਾਤ ਕੀਤੀ ਹੋਈ ਸੀ।

ਇਸ ਦੌਰਾਨ ਕਈ ਘੰਟੇ ਬੀਤਣ ਤੋਂ ਬਾਅਦ ਮੀਟਿੰਗ ਲਈ ਮੰਤਰੀ ਜਾਂ ਓਐਸਡੀ ਤਾਂ ਕੀ, ਕੋਈ ਜ਼ਿਲ੍ਹੇ ਦਾ ਅਧਿਕਾਰੀ ਵੀ ਨਾ ਪੁੱਜਿਆ। ਇਸ ਦੌਰਾਨ ਡਿੱਕੀ ਜੇਜੀ ਵੱਲੋਂ ਟਰੈਕਟਰ ਸਰਕਟ ਹਾਊਸ ਵਿੱਚ ਧੱਕੇ ਨਾਲ ਵਾੜਨ ਦੀ ਕੋਸ਼ਿਸ ਕੀਤੀ, ਪਰ ਪੁਲਿਸ ਅੱਗੇ ਹੋ ਗਈ। ਇਸ ਤੋਂ ਬਾਅਦ ਕਿਸਾਨ ਆਗੂ ਵੱਲੋਂ ਪੁਲਿਸ ਨੂੰ ਚਕਮਾ ਦੇ ਕੇ ਪੈਦਲ ਅੰਦਰ ਵੜਨ ਲਈ ਜੱਦੋਂ ਜਹਿਦ ਕੀਤੀ ਤਾਂ ਪੁਲਿਸ ਨੇ ਉਸ ਨੂੰ ਜੱਫੇ ਮਾਰ ਫੜ੍ਹ ਲਿਆ। ਇਸ ਤੋਂ ਅੱਕੇ ਆਗੂ ਨੇ ਸਰਕਟ ਹਾਊਸ ਦੇ ਗੇਟ ਅੱਗੇ ਹੀ ਧਰਨਾ ਠੋਕ ਦਿੱਤਾ।

ਇਸ ਮੌਕੇ ਡਿੱਕੀ ਜੇਜੀ ਨੇ ਕਿਹਾ ਕਿ ਕਿਸਾਨ ਹਿਤੈਸੀ ਅਮਰਿੰਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਉਸ ਨੇ ਰੋਂਦਿਆਂ ਕਿਹਾ ਕਿ ਮੀਟਿੰਗ ਲਈ ਪੁੱਜਣਾ ਤਾਂ ਇੱਕ ਪਾਸੇ, ਉਨ੍ਹਾਂ ਨੂੰ ਮੀਟਿੰਗ ਰੱਦ ਹੋਣ ਦਾ ਵੀ ਲਿਖਤੀ ਨਹੀਂ ਦੱਸਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਚਾਰ ਦਿਨਾਂ ਤੋਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਗੰੁਮਰਾਹ ਕੀਤਾ ਗਿਆ ਹੈ ਅਤੇ ਜੇਕਰ ਮੀਟਿੰਗ ਹੀ ਨਹੀਂ ਕਰਨੀ ਸੀ, ਤਾਂ ਫਿਰ ਮੀਟਿੰਗ ਦੇ ਨਾਮ ’ਤੇ ਮੂਰਖ ਕਿਉਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਿਆ ਹੋਇਆ ਹੈ।

ਇਸ ਸਾਰੇ ਕਿਸਾਨਾਂ ਨੂੰ ਉਜਾੜਨ ’ਤੇ ਲੱਗੇ ਹੋਏ ਹਨ। ਛੇ ਘੰਟਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਅਦ ਵੀ ਮੀਟਿੰਗ ਲਈ ਪੁੱਜੇ ਕਿਸਾਨ ਸਰਕਟ ਹਾਊਸ ਅੱਗੇ ਸੜਕ ’ਤੇ ਹੀ ਬੈਠੇ ਰਹੇ। ਇਸ ਤੋਂ ਬਾਅਦ ਆਗੂ ਡਿੱਕੀ ਜੇਜੀ ਸਰਕਟ ਹਾਊਸ ਅੱਗੇ ਹੀ ਲੇਟ ਗਿਆ। ਇਸ ਮੌਕੇ ਡੀਐਸਪੀ ਸੋਰਵ ਜਿੰਦਲ ਦੀ ਅਗਵਾਈ ਹੇਠ ਵੱਡੀ ਗਿਣਤੀ ਪੁਲਿਸ ਫੋਰਸ ਮੌਜੂਦ ਸੀ।

ਜਦੋਂ ਪੁਲਿਸ ਨੇ ਪਿਸਾਬ ਦਾ ਵੀ ਵਿਸਾਹ ਨਾ ਖਾਧਾ

ਕਿਸਾਨ ਆਗੂ ਨੇ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਭਾਜੜ ਪਾ ਦਿੱਤੀ, ਜਦੋਂ ਉਹ ਬੈਠਾ ਬੈਠਾ ਸੜਕ ਵੱਲ ਚੱਲ ਪਿਆ। ਵੱਡੀ ਗਿਣਤੀ ਪੁਲਿਸ ਵਾਲੇ ਉਸਦੇ ਪਿੱਛੇ ਪਿੱਛੇ ਚੱਲ ਪਏ। ਉਸ ਨੇ ਅੱਗੇ ਜਾ ਕੇ ਕਿਹਾ ਕਿ ‘ਉਹ ਤਾ ਪਿਸਾਬ ਕਰਨ ਆਇਆ ਹੈ। ਕੀ ਉਹ ਪਿਸਾਬ ਵੀ ਨਹੀਂ ਕਰ ਸਕਦਾ, ਐਡਾ ਕਿਹੜਾ ਮੈਂ ਅੱਤਵਾਦੀ ਹਾਂ, ਜੋ ਤੁਸੀ ਮੈਨੂੰ ਇਕੱਲਾ ਨਹੀਂ ਛੱਡ ਰਹੇ।’ ਵੱਡੀ ਗਿਣਤੀ ਪੁਲਿਸ ਉਸ ਨੂੰ ਪਿਸਾਬ ਕਰਵਾ ਕੇ ਲਿਆਈ।

ਮੋਤੀ ਮਹਿਲ ਨੇੜੇ ਪੁਲਿਸ ਨੇ ਤਕੜੇ ਪ੍ਰਬੰਧ ਕੀਤੇ

ਇੱਧਰ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੇ ਮਹਿਲ ਪਿੱਛੇ ਸੂਲਰ ਰੋਡ ਅਤੇ ਵਾਈਪੀਐਸ ਚੌਕ ਵਿੱਚ ਆਪਣਾ ਧਰਨਾ ਲਗਾਇਆ ਹੋਇਆ ਹੈ। ਵੱਡੀ ਗੱਲ ਇਹ ਹੈ ਕਿ ਕਿਸਾਨਾਂ ਦੇ ਵੱਡੀ ਗਿਣਤੀ ਟਰੈਕਟਰ ਟਰਾਲੀਆਂ ਮੋਤੀ ਮਹਿਲ ਦੀ ਕੰਧ ਨਾਲ ਖੜੀਆਂ ਹਨ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਵੱਡੀ ਪ੍ਰੇਸ਼ਾਨੀ ਵਿੱਚ ਘਿਰਿਆ ਹੋਇਆ ਹੈ। ਇੱਧਰ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਮੋਤੀ ਮਹਿਲ ਨੇੜੇ ਭਾਰੀ ਫੋਰਸ, ਅੱਥਰੂ ਗੈਸ ਵਾਲੀ ਗੱਡੀ, ਐਕਸਪਲੋਸਿਵ ਡਿਕੈਟਰ, ਖਾਲੀ ਬੱਸਾਂ ਆਦਿ ਤਾਇਨਾਤ ਕਰ ਦਿੱਤੀਆਂ ਗਈਆਂ। ਇੰਜ ਪ੍ਰਤੀਤ ਹੋਇਆ ਕਿ ਪੁਲਿਸ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦੀ ਹੈ। ਪੁਲਿਸ ਲਈ ਕਿਸਾਨਾਂ ਦਾ ਧਰਨਾ ਵੱਡੀ ਸਿਰਦਰਦੀ ਬਣਿਆ ਹੋਇਆ ਹੈ।

ਸ਼ਾਮ ਨੂੰ ਕਿਸਾਨ ਆਗੂਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ’ਚ ਮੀਟਿੰਗ ਹੋਈ ਜਿਸ ਵਿੱਚ ਕਿਸਾਨਾਂ ਨੂੰ ਜਲਦੀ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਇਸ ਤੋਂ ਇਲਾਵਾ ਹੋਏ ਸਮਝੌਤੇ ਤਹਿਤ ਕਿਸਾਨਾਂ ਵੱਲੋਂ ਮੋਤੀ ਮਹਿਲ ਦੇ ਪਿੱਛੇ ਸੂਲਰ ਰੋਡ ’ਤੇ ਲਗਾਏ ਗਏ ਧਰਨੇ ਨੂੰ ਹਟਾ ਦਿੱਤਾ ਗਿਆ ਜਦਕਿ ਵਾਈਪੀਐਸ ਚੌਂਕ ਨੇੜੇ ਲੱਗੇ ਧਰਨੇ ਨੂੰ ਸਾਈਡ ’ਤੇ ਕਰ ਲਿਆ ਗਿਆ ਹੈ ਤੇ ਸੜਕ ਨੂੰ ਖੋਲ੍ਹ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।