ਸ੍ਰੀਲੰਕਾ ਨੇ ਦੂਜਾ ਟੈਸਟ 209 ਦੌੜਾਂ ਨਾਲ ਜਿੱਤਿਆ

ਮੇਜ਼ਬਾਨ ਸ੍ਰੀਲੰਕਾ ਨੇ ਦੋ ਮੈਚਾਂ ਦੀ ਲੜੀ 1-0 ਨਾਲ ਆਪਣੇ ਨਾਂਅ ਕੀਤੀ

ਏਜੰਸੀ, ਪਾਲੇਕਲ। ਲੈਫਟ ਆਰਮ ਸਪਿੱਨਰ ਪ੍ਰਵੀਨ ਜੈਵਿਕਰਮਾ (86 ਦੌੜਾਂ ’ਤੇ ਪੰਜ ਵਿਕਟਾਂ) ਅਤੇ ਰਮੇਸ਼ ਮੈਂਡਿਸ (103 ਦੌੜਾਂ ’ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਸ੍ਰੀਲੰਕਾ ਨੇ ਬੰਗਲਾਦੇਸ਼ ਨੂੰ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ 209 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ। ਸ੍ਰੀਲੰਕਾ ਨੇ ਬੰਗਲਾਦੇਸ਼ ਸਾਹਮਣੇ ਜਿੱਤ ਲਈ ਕੱਲ੍ਹ 437 ਦੌੜਾਂ ਦਾ ਟੀਚਾ ਰੱਖਿਆ ਸੀ।

ਬੰਗਲਾਦੇਸ਼ ਨੇ ਕੱਲ੍ਹ ਦੀਆਂ ਪੰਜ ਵਿਕਟਾਂ ‘ਤੇ 177 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਦੂਜੀ ਪਾਰੀ 227 ਦੌੜਾਂ ’ਤੇ ਸਮਾਪਤ ਹੋਈ। ਮੇਹਦੀ ਹਸਨ ਚਾਰ ਦੌੜਾਂ ਤੋਂ ਅੱਗੇ ਖੇਡਦੇ ਹੋਏ 86 ਗੇਂਦਾਂ ’ਤੇ ਚਾਰ ਚੌਕਿਆਂ ਦੀ ਮੱਦਦ ਨਾਲ 39 ਦੌੜਾਂ ਬਣਾ ਕੇ ਆਊਟ ਹੋਏ। ਹਸਨ ਟੀਮ ਦੇ 227 ਦੇ ਸਕੋਰ ’ਤੇ ਨੌਵੇਂ ਬੱਲੇਬਾਜ਼ ਦੇ ਰੂਪ ’ਚ ਪਵੇਲੀਅਨ ਪਰਤੇ ਅਤੇ ਇਸੇ ਸਕੋਰ ’ਤੇ ਅਬੂ ਜਾਇਦ ਦੇ ਸਿਫਰ ’ਤੇ ਆਊਟ ਹੋਣ ਕਾਰਨ ਬੰਗਲਾਦੇਸ਼ ਦਾ ਸੰਘਰਸ਼ ਸਮਾਪਤ ਹੋ ਗਿਆ।

ਪਹਿਲੀ ਪਾਰੀ ’ਚ ਛੇ ਵਿਕਟਾਂ ਲੈਣ ਵਾਲੇ ਜੈਵਿਕਰਮਾ ਨੇ ਦੂਜੀ ਪਾਰੀ ’ਚ ਪੰਜ ਵਿਕਟਾਂ ਹਾਸਲ ਕਰਕੇ ਮੈਚ ’ਚ ਕੁੱਲ 11 ਵਿਕਟਾਂ ਹਾਸਲ ਕੀਤੀਆਂ ਅਤੇ ਮੈਨ ਆਫ ਦਾ ਮੈਚ ਬਣੇ। ਸ੍ਰੀਲੰਕਾ ਦੇ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਮੈਨ ਆਫ ਦਾ ਸੀਰੀਜ਼ ਐਲਾਨਿਆ ਗਿਆ।

ਤਿਸ਼ਾਰਾ ਪਰੇਰਾ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ

ਕੋਲੰਬੋ ਸ੍ਰੀਲੰਕਾ ਦੇ ਆਲਰਾਊਂਡਰ ਤਿਸ਼ਾਰਾ ਪਰੇਰਾ ਨੇ 32 ਸਾਲ ਦੀ ਉਮਰ ’ਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਪਰੇਰਾ ਨੇ ਸੋਰਡ ਨੂੰ ਲਿਖੀ ਚਿੱਠੀ ’ਚ ਸੂਚਿਤ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਨੌਜਵਾਨ ਅਤੇ ਜ਼ਿਆਦਾ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਜਗ੍ਹਾ ਦੇਣ ਲਈ ਆਪਣੀ ਜਗ੍ਹਾਂ ਛੱਡਣ ਦਾ ਇਹ ਸਹੀ ਸਮਾਂ ਹੈ ਤਾਂ ਕਿ ਉਹ ਆਪਣੀ ਪਰਿਵਾਰਕ ਜ਼ਿੰਦਗੀ ਅਤੇ ਨਿੱਜੀ ਟੀਚਿਆਂ ’ਤੇ ਜ਼ਿਆਦਾ ਧਿਆਨ ਕੇਂਦਰਿਤ ਕਰ ਸਕਣ।

ਪਰੇਰਾ ਦਾ ਆਪਣਾ ਸੀਮਿਤ ਓਵਰਾਂ ਦਾ ਕਰੀਅਰ 11 ਸਾਲਾਂ ਤੱਕ ਚੱਲਿਆ ਉਨ੍ਹਾਂ ਨੇ ਆਪਣਾ ਕਰੀਅਰ ਦਸੰਬਰ 2009 ’ਚ ਸ਼ੁਰੂ ਕੀਤਾ ਸੀ। ਇਨ੍ਹਾਂ 11 ਸਾਲਾਂ ’ਚ ਪਰੇਰਾ ਨੇ ਸ੍ਰੀਲੰਕਾ ਲਈ 166 ਵਨਡੇ (2338 ਦੌੜਾਂ, 175 ਵਿਕਟਾਂ) ਅਤੇ 84 ਟੀ-20 (1204 ਦੌੜਾਂ, 51 ਵਿਕਟਾਂ) ਹਾਸਲ ਕੀਤੀਆਂ। ਪਰੇਰਾ ਨੇ ਆਪਣੇ ਛੇ ਟੈਸਟ ਮੈਚਾਂ ’ਚੋਂ ਆਖਰੀ ਟੈਸਟ 2012 ’ਚ ਖੇਡਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।