ਬਦਲਦੇ ਜੰਮੂ-ਕਸ਼ਮੀਰ ’ਚ ਅੱਤਵਾਦ ਦੀ ਘੇਰਾਬੰਦੀ
ਧਾਰਾ 370 ਰੱਦ ਹੋਣ ਦੇ ਡੇਢ ਸਾਲ ਦੀ ਯਾਤਰਾ ’ਚ ਜੰਮੂ ਕਸ਼ਮੀਰ ’ਚ ਸ਼ਾਂਤੀ, ਅਮਨ-ਚੈਨ ਅਤੇ ਵਿਕਾਸ ਦੀ ਸਵੇਰ ਹੋਈ ਹੈ। ਬੇਸ਼ੱਕ ਹੀ ਉੱਥੇ ਸਵਾਰਥੀ ਅਤੇ ਸੱਤਾ ਦੀਆਂ ਲਾਲਚੀ ਸਿਆਸੀ ਪਾਰਟੀਆਂ ਲਈ ਇਹ ਸਫ਼ਰ ਇੱਕ ਉਤਾਰ-ਚੜ੍ਹਾਅ ਦਾ ਸਫ਼ਰ ਰਿਹਾ ਹੋਵੇ ਅਜਿਹੇ ਵੱਡੇ ਤੇ ਸਖ਼ਤ ਫੈਸਲਿਆਂ ਨਾਲ ਚੰਗਾ-ਮਾੜਾ ਵਾਪਰਦਾ ਹੀ ਹੈ। ਕੁਝ ਨੂੰ ਉਹ ਜ਼ਖ਼ਮੀ ਕਰਦਾ ਹੈ ਤਾਂ ਬਹੁਤਿਆਂ ਨੂੰ ਖੁਸ਼ੀ ਦਿੰਦਾ ਹੈ, ਕਿਸੇ ਦਾ ਇਸ ਨਾਲ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਤਾਂ ਜ਼ਿਆਦਾਤਰ ਦਾ ਮਾਣ ਨਾਲ ਸਿਰ ਉੱਪਰ ਉੱਠ ਜਾਂਦਾ ਹੈ। ਜੰਮੂ-ਕਸ਼ਮੀਰ ਹੀ ਨਹੀਂ ਸਮੁੱਚੇ ਦੇਸ਼ ਲਈ ਨਰਿੰਦਰ ਮੋਦੀ ਸਰਕਾਰ ਦਾ ਇਹ ਬਹਾਦਰੀ ਭਰਿਆ ਫੈਸਲਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਸਾਬਤ ਹੋਇਆ ਹੈ, ਨਵੀਆਂ ਆਸਾਂ ਨੂੰ ਅਕਾਰ ਦੇਣ ਦਾ ਮੁਕਾਮ ਬਣਿਆ ਹੈ। ਖਾਸਕਰ ਇਹ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਦੀ ਮੁਹਿੰਮ ਹੈ। ਇਹ ਮਜ਼ਬੂਤ ਰਾਸ਼ਟਰ-ਨਿਰਮਾਣ ਦਾ ਪ੍ਰਤੀਕ ਹੈ।
ਜੰਮੂ ਕਸ਼ਮੀਰ ’ਚ ਚਾਰੇ ਪਾਸੇ ਖੁਸ਼ੀਆਂ ਉਤਸ਼ਾਹ, ਵਧਾਈਆਂ, ਖਾਣਾ-ਪੀਣਾ, ਵਿਕਾਸ, ਜਿਉਣ ਦੀਆਂ ਸੰਭਾਵਨਾਵਾਂ ਦੇ ਖੰਭ ਲੱਗਣ ਵਰਗੀ ਨਵੀ ਸਵੇਰ ਦੇਖੀ ਜਾ ਸਕਦੀ ਹੈ। ਸੰਗੀਤਮਈ ਅਤੇ ਮਨਮੋਹਕ ਕਸ਼ਮੀਰ ’ਚ ਪੂਰੀ ਤਰ੍ਹਾਂ ਸ਼ਾਂਤੀ ਦੀ ਹਵਾ ਵਗਣ ਲੱਗੀ ਹੈ, ਟਿਊਲਿਪ ਗਾਰਡਨ ’ਚ ਖਿੜੇ ਫੁੱਲ ਇਹੀ ਸੰਕੇਤ ਦੇ ਰਹੇ ਹਨ ਕੇਂਦਰ ਸਰਕਾਰ ਦੇ ਸੰਕਲਪ ਅਤੇ ਸੁਰੱਖਿਆ ਫੋਰਸਾਂ ਦੀ ਮੁਸ਼ਤੈਦੀ ਕਾਰਨ ਸੀਮਾ ਪਾਰੋਂ ਅੱਤਵਾਦੀਆਂ ਦੀ ਘੁਸਪੈਠ ਮੁਸ਼ਕਲ ਹੋ ਗਈ ਹੈ। ਪਾਕਿਸਤਾਨ ਨੇ ਸੀਮਾ ਦੇ ਆਰ-ਪਾਰ ਸੁਰੰਗਾਂ ਪੁੱਟ ਕੇ ਅੱਤਵਾਦੀਆਂ ਦੀ ਘੁਸਪੈਠ ਦੀ ਚਾਲ ਚੱਲੀ, ਉਹ ਵੀ ਨਾਕਾਮ ਕੀਤੀ ਗਈ ਸੁਰੱਖਿਆ ਫੋਰਸਾਂ ਨੇ ਇੱਕ ਤੋਂ ਬਾਅਦ ਇੱਕ ਚਾਰ ਸੁਰੰਗਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਬੰਦ ਕਰ ਦਿੱਤਾ। ਅੱਤਵਾਦੀਆਂ ਦੇ ਡਿੱਗਦੇ ਮਨੋਬਲ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ 2019 ’ਚ ਜਿੱਥੇ ਕੁੱਲ 555 ਅੱਤਵਾਦੀ ਘਟਨਾਵਾਂ ਹੋਈਆਂ ਸਨ, ਉੱਥੇ ਪਿਛਲੇ ਸਾਲ ਸਿਰਫ਼ 142 ਘਟਨਾਵਾਂ ਹੀ ਦਰਜ ਕੀਤੀਆਂ ਗਈਆਂ ਇਹ ਇੱਕ ਚਿੰਤਾਜਨਕ ਸਥਿਤੀ ਹੈ ਕਿ ਸਕੂਲੀ ਬੱਚਿਆਂ ਦੇ ਹੱਥਾਂ ’ਚ ਬੰਦੂਕਾਂ ਫੜਾ ਦੇਣੀਆਂ ਅਤੇ ਉਨ੍ਹਾਂ ਨੂੰ ਮੌਤ ਦੇ ਮੂੰਹ ’ਚ ਧੱਕ ਦੇਣਾ ਕਰੂਰਤਾ ਦੀਆਂ ਹੱਦਾਂ ਪਾਰ ਕਰਨਾ ਹੈ, ਅਣਮਨੁੱਖਤਾ ਦੀ ਹੱਦ ਹੈ।
ਅਜਿਹੇ ਕਰੂਰ, ਹਿੰਸਕ ਅਤੇ ਵਹਿਸ਼ੀ ਦਿਮਾਗ ਨਵੀਂਆਂ-ਨਵੀਂਆਂ ਲੁਭਾਣੀਆਂ ਸਥਿਤੀਆਂ ਘੜ ਕੇ ਅੱਤਵਾਦ ਦੇ ਆਧਾਰ ’ਤੇ ਅਸ਼ਾਂਤੀ, ਹਿੰਸਾ ਅਤੇ ਜੀਵਨ ਨਹੀਂ ਸਗੋਂ ਮੌਤ ਦਾ ਤਾਂਡਵ ਚਲਾ ਰਹੇ ਹਨ। ਇਸ ਦੇ ਖ਼ਤਰਨਾਕ ਅਤੇ ਜੀਵਨ ਤਬਾਹ ਕਰ ਦੇਣ ਵਾਲੇ ਮਨਸੂਬਿਆਂ ਨੂੰ ਨਾ ਸਥਾਨਕ ਆਗੂ ਛੱਡ ਸਕੇ ਹਨ, ਨਾ ਆਮ ਜਨਤਾ ਸਮਝ ਸਕੀ ਹੈ। ਇੱਕ ਮਜ਼ਬੂਤ ਰਾਸ਼ਟਰ ਨਿਰਮਾਣ ਵੱਲ ਵਧਦੇ ਕਦਮਾਂ ਨੂੰ ਰੋਕਣ ’ਚ ਅੱਤਵਾਦ ਨੇ ਵੱਡਾ ਅੜਿੱਕਾ ਲਾਇਆ ਹੈ। ਵਾਇਰਨ ਨੇ ਤਾਂ ਕਿਹਾ ਵੀ ਹੈ ਕਿ ਹਜ਼ਾਰਾਂ ਸਾਲਾਂ ’ਚ ਇੱਕ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ, ਪਰ ਸਿਰਫ਼ ਇੱਕ ਘੰਟੇ ’ਚ ਉਹ ਤਬਾਹ ਹੋ ਸਕਦਾ ਹੈ।
ਇਸ ਲਈ ਹੁਣ ਆਮ ਜਨਤਾ ਨੂੰ ਇਨ੍ਹਾਂ ਅਸ਼ਾਂਤੀ ਦੇ ਮਨਸੂਬਿਆਂ ਨੂੰ ਸਮਝਣਾ ਹੋਵੇਗਾ, ਕਿਉਂਕਿ ਹੁਣ ਉਨ੍ਹਾਂ ਦੀਆਂ ਸਾਜਿਸ਼ਾਂ ਦੇ ਸ਼ਿਕਾਰ ਨੌਜਵਾਨ ਨਹੀਂ ਸਗੋਂ ਮਾਸੂਮ ਹਨ, ਮਾਸੂਮ ਬੱਚੇ ਨਿਸ਼ਾਨੇ ’ਤੇ ਹਨ ਕਸ਼ਮੀਰ ’ਚ ਕੈਡਰ ਦੀ ਕਮੀ ਨਾਲ ਜੂਝ ਰਹੇ ਅੱਤਵਾਦੀ ਸੰਗਠਨਾਂ ਨੂੰ ਨੌਜਵਾਨ ਅੰਗੂਠਾ ਦਿਖਾ ਰਹੇ ਹਨ ਤਾਂ ਦਹਿਸ਼ਤਗਰਦਾਂ ਨੇ ਨਬਾਲਗਾਂ ਨੂੰ ਅੱਤਵਾਦ ਦੇ ਜਾਲ ’ਚ ਫਸਾਉਣਾ ਸ਼ੁਰੂ ਕਰ ਦਿੱਤਾ ਹੈ। ਬੱਚੇ ਰਾਸ਼ਟਰੀ ਸੰਪੱਤੀ ਹੈ, ਦੁਨੀਆ ਦੇ ਸਾਰੇ ਰਾਸ਼ਟਰਾਂ ਵਾਂਗ ਉਹ ਸਾਡੀਆਂ ਉਮੀਦਾਂ ਵੀ ਹਨ, ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਰਾਸ਼ਟਰੀਅਤਾ ’ਤੇ ਹਮਲਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਅਜਿਹੇ ਭਖ਼ਦੇ ਮੁੱਦਿਆਂ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇਹ ਕਸ਼ਮੀਰੀ ਅਵਾਮ ਦੀ ਵੀ ਜਿੰਮੇਵਾਰੀ ਹੈ ਕਿ ਉਹ ਆਪਣੀ ਨਵੀਂ ਪੀੜ੍ਹੀ ’ਤੇ ਵਧਦੇ ਅੱਤਵਾਦ ਦੇ ਸਾਏ ਵਿੱਚਕਾਰ ਅੱਖਾਂ ਬੰਦ ਕਰਕੇ ਨਾ ਬੈਠੇ।
ਉਨ੍ਹਾਂ ਨੂੰ ਨਵੀਂ ਪੀੜ੍ਹੀ ਨੂੰ ਅੱਤਵਾਦ ਦੇ ਪੋਸ਼ਣ ਅਤੇ ਮਾਸੂਮਾਂ ਦੇ ਦਿਲ-ਦਿਮਾਗ ’ਚ ਜ਼ਹਿਰ ਭਰਨ ਦੀਆਂ ਸਾਜਿਸ਼ਾਂ ਨੂੰ ਰੋਕਣਾ ਹੀ ਹੋਵੇਗਾ। ਜੰਮੂ ਕਸ਼ਮੀਰ ਦੇ ਆਈਜੀ ਵਿਜੈ ਕੁਮਾਰ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅੱਤਵਾਦੀ ਘਟਨਾਵਾਂ ’ਚ ਸ਼ਾਮਲ ਨਾ ਹੋਣ ਦੀ ਲਗਾਤਾਰ ਅਪੀਲ ਕਰਨੀ ਚਾਹੀਦੀ ਹੈ। ਉਹ ਇੱਕ ਵਾਰ ਅਪੀਲ ਕਰਕੇ ਨਾ ਰੁਕ ਜਾਣ ਸਗੋਂ ਲਗਾਤਾਰ ਯਤਨ ਕਰਦੇ ਰਹਿਣ ਪਹਿਲਾਂ ਵੀ ਸੁਰੱਖਿਆ ਫੋਰਸਾਂ ਨੇ ਇੱਕ ਮੁਹਿੰਮ ਚਲਾਈ ਸੀ, ਜਿਸ ’ਚ ਮਾਵਾਂ ਨੇ ਆਪਣੇ ਬੱਚਿਆਂ ਨੂੰ ਹਥਿਆਰ ਛੱਡ ਕੇ ਪਰਤ ਆਉਣ ਨੂੰ ਕਿਹਾ ਸੀ ਤਾਂ ਕਾਫ਼ੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਸਨ ਕਈ ਨੌਜਵਾਨ ਪਰਤ ਆਏ ਸਨ।
ਅੱਤਵਾਦੀਆਂ ਖਿਲਾਫ਼ ਸੁਰੱਖਿਆ ਫੋਰਸਾਂ ਦੀ ਮੁਹਿੰਮ ਤੇਜੀ ਨਾਲ ਚੱਲ ਰਹੀ ਹੈ ਅਤੇ ਪਿਛਲੇ ਤਿੰਨ ਦਿਨਾਂ ਅੰਦਰ ਸੁਰੱਖਿਆ ਫੋਰਸਾਂ ਨੇ 12 ਅੱਤਵਾਦੀਆਂ ਦਾ ਸਫ਼ਾਇਆ ਕਰ ਦਿੱਤਾ। ਜਿਨ੍ਹਾਂ ਅੱਤਵਾਦੀਆਂ ਨੇ ਭਾਰਤੀ ਫੌਜ ਦੀ ਟੈਰੀਟੋਰੀਅਲ ਆਰਮੀ ਦੇ ਜਵਾਨ ਦੀ ਹੱਤਿਆ ਕੀਤੀ ਸੀ। ਉਨ੍ਹਾਂ ਦਾ ਵੀ ਖ਼ਾਤਮਾ ਕਰ ਦਿੱਤਾ ਗਿਆ ਦੁੱਖ ਦੀ ਗੱਲ ਤਾਂ ਇਹ ਹੈ ਕਿ ਮਾਰੇ ਗਏ ਅੱਤਵਾਦੀਆਂ ’ਚ ਇੱਕ 14 ਸਾਲ ਦਾ ਨਾਬਾਲਗ ਵੀ ਸੀ ਸੁਰੱਖਿਆ ਫੋਰਸਾਂ ਨੇ ਉਸ ਦਾ ਆਤਮ-ਸਮੱਰਪਣ ਕਰਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਉਹ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਸ਼ੋਪੀਆਂ ਜਿਲ੍ਹੇ ਦੇ ਹੀ ਜੈਤਾਪੁਰਾ ਦੇ ਇੱਕ ਨਿੱਜੀ ਸਕੂਲ ’ਚ ਪੜ੍ਹਦਾ ਸੀ 6 ਅਪਰੈਲ ਨੂੰ ਹੀ ਲਾਪਤਾ ਹੋਇਆ ਸੀ, ਜਿਵੇਂ ਹੀ ਸੁਰੱਖਿਆ ਬਲਾਂ ਨੂੰ ਪਤਾ ਲੱਗਾ ਕਿ ਅੱਤਵਾਦੀਆਂ ਦੇ ਨਾਲ ਸਕੂਲੀ ਬੱਚੇ ਵੀ ਹਨ ਤਾਂ ਸੁਰੱਖਿਆ ਫੋਰਸਾਂ ਨੇ ਮੁਕਾਬਲਾ ਸਥਾਨ ’ਤੇ ਮਾਂ-ਬਾਪ ਨੂੰ ਲਿਆ ਕੇ ਉਨ੍ਹਾਂ ਨੂੰ ਅਪੀਲ ਵੀ ਕਰਵਾਈ।
ਮਾਂ ਦੀ ਅਪੀਲ ਸੁਣ ਕੇ ਬੱਚਾ ਪਿਘਲ ਵੀ ਗਿਆ ਸੀ ਅਤੇ ਉਹ ਆਤਮ-ਸਮੱਰਪਣ ਨੂੰ ਤਿਆਰ ਸੀ ਪਰ ਉਸ ਦੇ ਨਾਲ ਮੌਜ਼ੂਦ ਅਲਬਦਰ ਕਮਾਂਡਰ ਆਸਿਫ ਸ਼ੇਖ ਨੇ ਉਸ ਨੂੰ ਬਹਿਕਾਉਣਾ ਸ਼ੁਰੂ ਕਰ ਦਿੱਤਾ। ਅਜਿਹੇ ਬੱਚਿਆਂ ਦੀ ਗਿਣਤੀ ਅੱਤਵਾਦੀ ਸੰਗਠਨਾਂ ’ਚ ਵਧ ਰਹੀ ਹੈ, ਇਨ੍ਹਾਂ ਅਣਮਨੁੱਖੀ ਚਿਹਰਿਆਂ ਅਤੇ ਅੱਤਵਾਦੀਆਂ ਨੇ ਸਾਰੀਆਂ ਇਨਸਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਹੁਣ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਹੈ, ਕੇਂਦਰ ਸਰਕਾਰ ਅਤੇ ਸੁਰੱਖਿਆ ਬਲਾਂ ਦੀ ਮੁਸ਼ਤੈਦੀ ਨਾਲ ਉਨ੍ਹਾਂ ਦਾ ਇਹ ਕਰੂਰ ਇਰਾਦਾ ਸਫ਼ਲ ਨਹੀਂ ਹੋਵੇਗਾ, ਪਰ ਇਸ ਲਈ ਸਰਕਾਰ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਜਾਗਰੂਕ ਹੋਣਾ ਹੋਵੇਗਾ। ਜਿਵੇਂ ਕਿ ਰਸਕਿਨ ਨੇ ਕਿਹਾ ਸੀ ਕਿ ਜਿਸ ਰਾਸ਼ਟਰ ਨੇ ਆਪਣੇ ਸਵਰੂਪ ਨੂੰ ਪਛਾਣ ਲਿਆ ਉਹੀ ਸੱਚੇ ਸਾਮਰਾਜ ਨੂੰ ਪਾਉਣ ਦਾ ਅਧਿਕਾਰੀ ਹੈ। ਜੰਮੂ ਕਸ਼ਮੀਰ ਨੂੰ ਆਪਣੀ ਖੁਦ ਦੀ ਪਛਾਣ ਤੇ ਹੋਂਦ ਅਤੇ ਮਾਣ ਦੇ ਸਵਰੂਪ ਨੂੰ ਪਹਿਚਾਣਨਾ ਹੀ ਹੋਵੇਗਾ, ਤਾਂ ਹੀ ਉਹ ਅਸਲ ਵਿਕਾਸ ਵੱਲ ਵਧ ਸਕਦਾ ਹੈ।
ਹੁਣ ਕੇਂਦਰ ਸਰਕਾਰ ਦਾ ਪੈਸਾ ਅੱਤਵਾਦ ਨੂੰ ਪੋਸ਼ਿਤ ਕਰਨ ਨਹੀਂ ਸਗੋਂ ਸ਼ਾਂਤੀ-ਅਮਨ-ਵਿਕਾਸ ਨੂੰ ਲਿਆਉਣ ’ਚ ਖਰਚ ਹੋ ਰਿਹਾ ਹੈ। ਹੁਣ ਪਹਿਲਾਂ ਵਾਂਗ ਅੱਤਵਾਦੀ ਸੰਗਠਨਾਂ ਨੂੰ ਆਪਣੇ ਸਮੂਹ ’ਚ ਸ਼ਾਮਲ ਹੋਣ ਲਈ ਲੋਕ ਨਹੀਂ ਮਿਲ ਰਹੇ। ਸਥਾਨਕ ਲੋਕਾਂ ਵਿਚਕਾਰ ਅੱਤਵਾਦ ਦੇ ਰਸਤੇ ਦੇ ਖਮਿਆਜੇ ਸਬੰਧੀ ਸਮਝ ਅਤੇ ਜਾਗਰੂਕਤਾ ਵਧੀ ਹੈ ਲੋਕ ਜਾਣਦੇ ਹਨ ਕਿ ਅੱਤਵਾਦ ਦਾ ਰਸਤਾ ਸਿਰਫ਼ ਮੌਤ ਵੱਲ ਜਾਂਦਾ ਹੈ। ਦਰਅਸਲ ਥੋੜ੍ਹੇ-ਥੋੜ੍ਹੇ ਸਮੇਂ ਤੋਂ ਬਾਅਦ ਅੱਤਵਾਦੀ ਸੰਗਠਨ ਸੁਰੱਖਿਆ ਫੋਰਸਾਂ ’ਤੇ ਹਮਲੇ ਸਮੇਤ ਦੂਜੀਆਂ ਵਾਰਦਾਤਾਂ ਆਪਣੀ ਹਾਜ਼ਰੀ ਦਿਖਾਉਣ ਲਈ ਕਰਦੇ ਹਨ। ਇਸਦੇ ਜਰੀਏ ਉਹ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਸੂਬੇ ’ਚ ਸਥਿਤੀ ਆਮ ਨਹੀਂ ਸੱਚ ਤਾਂ ਇਹ ਹੈ ਕਿ ਧਾਰਾ ਹਟਾਏ ਜਾਣ ਦੇ ਬਾਅਦ ਤੋਂ ਕੁਝ ਦਿਨਾਂ ਦੇ ਤਣਾਅ ਤੋਂ ਬਾਅਦ ਹੁਣ ਹਾਲਾਤ ਆਮ ਹੋ ਚੁੱਕੇ ਹਨ ਇਸ ਦਾ ਨਤੀਜਾ ਹੈ ਕਿ ਜੰਮੂ-ਕਸ਼ਮੀਰ ਦੀਆਂ ਪੰਚਾਇਤੀ ਅਤੇ ਜਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ’ਚ ਇੱਕ ਵੀ ਗੋਲੀ ਦਾ ਨਾ ਚੱਲਣਾ, ਸ਼ਾਂਤੀਪੂਰਨ ਵੋਟਿੰਗ ਹੋਣਾ ਇਸ ਨਾਲ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਜੰਮੂ-ਕਸ਼ਮੀਰ ਦੀ ਜਨਤਾ ਅੱਤਵਾਦ ਨਹੀਂ, ਸ਼ਾਂਤੀ ਦਾ ਜੀਵਨ ਚਾਹੁੰਦੀ ਹੈ।
ਲਲਿਤ ਗਰਗ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।