ਟ੍ਰਾਈਡੈਂਟ ਕੱਪ ਪੀਸੀਏ ਅੰਡਰ-16: ਬਰਨਾਲਾ ਟੀਮ ਦੀ ਸ਼ਾਨਦਾਰ ਜਿੱਤ

ਲੀਗ ਮੁਕਾਬਲੇ ’ਚ ਮਾਨਸਾ ਦੀ ਟੀਮ ਨੂੰ 100 ਦੌੜਾਂ ਦੇ ਫ਼ਰਕ ਨਾਲ ਹਰਾਇਆ

ਬਰਨਾਲਾ, (ਜਸਵੀਰ ਸਿੰਘ ਗਹਿਲ (ਸੱਚ ਕਹੂੰ)) ਟ੍ਰਾਈਡੈਂਟ ਕੱਪ ਪੀ. ਸੀ. ਏ. ਅੰਡਰ-16 ਦੇ ਮੈਚ ਵਿੱਚ ਬਰਨਾਲਾ ਦੀ ਟੀਮ ਨੇ ਮਾਨਸਾ ਦੀ ਟੀਮ ’ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਜਦਕਿ ਮੈਨ ਆਫ਼ ਦਾ ਮੈਚ ਦਾ ਖ਼ਿਤਾਬ ਜਤਿਨ ਨੇ ਜਿੱਤਿਆ। ਜਿਲ੍ਹਾ ਕਿ੍ਰਕਟ ਐਸੋ. ਦੇ ਪ੍ਰਧਾਨ ਵਿਵੇਕ ਸਿੰਧਵਾਨੀ ਅਤੇ ਰੁਪਿੰਦਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਦੀ ਟੀਮ ਨੇ ਟਾਸ ਜਿੱਤਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕਰਦਿਆਂ 50 ਓਵਰਾਂ ’ਚ 207 ਦੌੜਾਂ ਬਣਾਈਆਂ। ਪਾਰੀ ਦੀ ਸ਼ੁਰੂਆਤ ਪਰਮੀਤ ਸਿੰਘ ਅਤੇ ਜਤਿਨ ਵੱਲੋਂ ਕੀਤੀ ਗਈ। ਦੋਵੇਂ ਸਲਾਮੀ ਬੱਲੇਬਾਜਾਂ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ 67 ਬਾਲਾਂ ’ਤੇ 36 ਦੌੜਾਂ ਬਣਾਈਆਂ। ਜਤਿਨ ਨੇ ਸ਼ਾਨਦਾਰ ਅਰਧ ਸੈਂਕੜਾ ਬਣਾਇਆ। ਉਹਨਾਂ ਨੇ 108 ਬਾਲਾਂ 54 ਦੌੜਾਂ ਦੀ ਪਾਰੀ ਖੇਡੀ।

ਇਸ ਤੋਂ ਇਲਾਵਾ ਕਪਤਾਨ ਵੰਸ਼ ਗੋਇਲ ਨੇ ਵੀ 51 ਗੇਂਦਾਂ ’ਤੇ 50 ਦੌੜਾਂ ਬਣਾਈ। ਬਰਨਾਲਾ ਦੀ ਟੀਮ ਨੇ ਕੁੱਲ 50 ਓਵਰਾਂ ਵਿੱਚ 9 ਵਿਕਟਾਂ ’ਤੇ 207 ਦੌੜਾਂ ਬਣਾਈਆਂ। ਮਾਨਸਾ ਦੀ ਟੀਮ ਵੱਲੋਂ ਗੇਂਦਬਾਜ ਓਮਵੀਰ ਸਿੰਘ ਨੇ ਇੱਕ ਵਿਕਟ, ਨਿਵੂਸ਼ ਮਿੱਤਲ ਨੇ ਇੱਕ ਵਿਕਟ, ਮਾਧਵ ਨੇ ਦੋ ਵਿਕਟਾਂ ਅਤੇ ਅਕਸ਼ਿਤ ਜੈਨ ਨੇ ਸ਼ਾਨਦਾਰ ਗੇਂਦਬਾਜੀ ਕਰਦਿਆਂ 9 ਓਵਰਾਂ ਵਿੱਚ 38 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਜਵਾਬ ’ਚ ਮਾਨਸਾ ਦੀ ਟੀਮ ਸ਼ੁਰੂ ਵਿੱਚ ਹੀ ਕਮਜੋਰ ਰਹੀ ਜਿਸ ਦੀ ਸ਼ੁਰੂਆਤ ਨਿਵੂਸ਼ ਮਿੱਤਲ ਅਤੇ ਅਦਿੱਤਿਆ ਨੇ ਕੀਤੀ। ਜਿਸ ਵਿੱਚ ਨਿਵੂਸ਼ ਮਿੱਤਲ ਨੇ 35 ਬਾਲਾਂ ’ਤੇ 16 ਦੌੜਾਂ ਦੀ ਪਾਰੀ ਖੇਡੀ ਤੇ ਅਦਿੱਤਿਆ ਸਸਤੇ ਵਿੱਚ ਹੀ ਇੱਕ ਦੌੜ ਬਣਾ ਕੇ ਆਊਟ ਹੋ ਗਿਆ ਜਦੋਂ ਕਿ ਟੀਮ ਦੇ ਕਪਤਾਨ ਰਕਸ਼ਿਤ ਜੈਨ ਨੇ 18 ਦੌੜਾਂ ਦੀ ਪਾਰੀ ਖੇਡੀ, ਓਮਵੀਰ ਸਿੰਘ ਨੇ 42 ਦੌੜਾਂ ਦੀ ਪਾਰੀ ਖੇਡੀ।

ਬਰਨਾਲਾ ਦੀ ਟੀਮ ਵੱਲੋਂ ਜਤਿਨ ਨੇ 23 ਦੌੜਾਂ ਦੇ ਕੇ ਦੋ ਵਿਕਟਾਂ, ਵੀਨਸ ਗੋਇਲ ਨੇ 21 ਦੌੜਾਂ ਦੇ ਕੇ ਦੋ ਵਿਕਟਾਂ, ਸਾਹਿਲ ਨੇ 17 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਅਤੇ ਮਾਨਸਾ ਦੀ ਟੀਮ 34.1 ਓਵਰਾਂ ਵਿੱਚ ਸਿਰਫ 107 ਦੌੜਾਂ ’ਤੇ ਹੀ ਆਲ ਆਊਟ ਹੋ ਗਈ, ਜਿਸ ਕਾਰਨ ਬਰਨਾਲਾ ਦੀ ਟੀਮ ਨੇ 100 ਦੌੜਾਂ ਨਾਲ ਮੈਚ ਜਿੱਤ ਲਿਆ। ਇਸ ਮੈਚ ’ਚ 9 ਓਵਰਾਂ ’ਚ 23 ਦੌੜਾਂ ਦੇ ਕੇ ਦੋ ਵਿਕਟਾਂ ਲੈਣ ਤੇ 54 ਦੌੜਾਂ ਦੀ ਪਾਰੀ ਖੇਡਣ ਵਾਲੇ ਜਤਿਨ ਦੇ ਆਲ ਰਾਊਂਡਰ ਪ੍ਰਦਰਸ਼ਨ ਨੂੰ ਦੇਖਦਿਆਂ ਮੈਨ ਆਫ ਦੀ ਮੈਚ ਦਾ ਖ਼ਿਤਾਬ ਦਿੱਤਾ ਗਿਆ।

ਜੇਤੂ ਖਿਡਾਰੀਆਂ ਨੂੰ ਜਿਲ੍ਹਾ ਕਿ੍ਰਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਜਨਰਲ ਸਕੱਤਰ ਰੁਪਿੰਦਰ ਗੁਪਤਾ ਅਤੇ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਨੇ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਪ੍ਰਧਾਨ ਸਿੰਧਵਾਨੀ ਅਤੇ ਰੁਪਿੰਦਰ ਗੁਪਤਾ ਨੇ ਕਿਹਾ ਕਿ ਟ੍ਰਾਈਡੈਂਟ ਅੰਡਰ- 16 ਪੀ. ਸੀ. ਏ. ਟੂਰਨਾਮੈਂਟ ਪਦਸ੍ਰੀ ਰਜਿੰਦਰ ਗੁਪਤਾ ਦੇ ਯਤਨਾਂ ਸਦਕਾ ਸਫਲਤਾ ਪੂਰਵਕ ਚੱਲ ਰਿਹਾ ਹੈ ਜਿਸ ਨੂੰ ਪੰਜਾਬ ਕਿ੍ਰਕਟ ਐਸੋਸੀਏਸ਼ਨ ਨੇ ਵੀ ਮਾਨਤਾ ਪ੍ਰਦਾਨ ਕੀਤੀ ਹੋਈ ਹੈ ਤੇ ਇਸ ਟੂਰਨਾਮੈਂਟ ਤੋਂ ਨਿੱਖਰਕੇ ਨੌਜਵਾਨ ਨੈਸ਼ਨਲ ਟੀਮ ਦਾ ਹਿੱਸਾ ਵੀ ਬਣ ਸਕਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.