ਦਿਲ ਨੂੰ ਟੁੰਬਦੀਆਂ ਬਚਪਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ
ਬਚਪਨ ਦੀਆਂ ਯਾਦਾਂ ਹਰ ਇਨਸਾਨ ਦਾ ਅਨਮੋਲ ਖ਼ਜ਼ਾਨਾ ਹੁੰਦੀਆਂ ਹਨ। ਕੋਈ ਭਾਵੇਂ ਕਿੰਨਾ ਗ਼ਰੀਬ ਹੋਵੇ ਜਾਂ ਕਿੰਨਾ ਵੀ ਅਮੀਰ ਹੋਵੇ, ਆਪਣੇ ਬਚਪਨ ਦੇ ਦੌਰ ਨੂੰ ਚਾਹ ਕੇ ਵੀ ਭੁਲਾ ਨਹੀਂ ਸਕਦਾ। ਬਚਪਨ ਹਰ ਇੱਕ ਦਾ ਹੀ ਪਿਆਰਾ ਹੁੰਦਾ ਹੈ। ਹਰ ਕੋਈ ਇਹੋ ਚਾਹੁੰਦਾ ਹੈ ਕਿ ਉਸਨੂੰ ਬਚਪਨ ਦੁਬਾਰਾ ਮਿਲ ਜਾਵੇ ਪਰ ਬਚਪਨ ਨੂੰ ਤਾਂ ਮੋੜ ਕੇ ਲਿਆਂਦਾ ਨਹੀਂ ਜਾ ਸਕਦਾ ਪਰ ਬਚਪਨ ਦੀਆਂ ਯਾਦਾਂ ਨੂੰ ਜ਼ਰੂਰ ਤਾਜ਼ਾ ਕੀਤਾ ਜਾ ਸਕਦਾ ਹੈ। ਬਚਪਨ ਵਿੱਚ ਬੀਤੀ ਹਰ ਘਟਨਾ ਜੇਕਰ ਪਲ ਭਰ ਲਈ ਵੀ ਅੱਖਾਂ ਸਾਹਮਣੇ ਆ ਜਾਵੇ ਤਾਂ ਤੁਰੰਤ ਉਹ ਸਾਰੀ ਘਟਨਾ ਤੇ ਉਸ ਨਾਲ ਜੁੜੀਆਂ ਘਟਨਾਵਾਂ ਚੇਤੇ ਆ ਜਾਂਦੀਆਂ ਹਨ। ਹੁਣ ਉਹ ਬਚਪਨ ਕਿੱਥੇ ਰਹੇ ਹਨ ਜੋ ਸਾਡੇ ਬਜ਼ੁਰਗਾਂ ਨੇ ਤੇ ਅਸੀਂ ਮਾਣੇ ਹਨ। ਬੱਸ ਜੇ ਕੁਝ ਹੈ ਤਾਂ ਯਾਦਾਂ ਹੀ ਹਨ। ਪਰ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੈ।
ਸਾਰਿਆਂ ਨੇ ਹੀ ਬਚਪਨ ਵਿੱਚ ਉਹ ਖੇਡਾਂ ਖੇਡੀਆਂ ਹੋਣਗੀਆਂ ਜੋ ਅੱਜ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀਆਂ ਜਿਵੇਂ ਨਿੰਮ ਦੀਆਂ ਨਮੋਲੀਆਂ ਦਾ ਮੰਜਾ ਬਣਾਉਣਾ, ਨਿੰਮ ਦੇ ਸੁੱਕੇ ਡੱਕਿਆਂ ਦਾ ਝਾੜੂ ਬਣਾਉਣਾ, ਖਾਲੀ ਲਿਫ਼ਾਫ਼ੇ ’ਤੇ ਰੱਸੀ ਬੰਨ੍ਹ ਕੇ ਆਪ ਅੱਗੇ ਭੱਜਣਾ ਤੇ ਲਿਫ਼ਾਫ਼ਾ ਪਿੱਛੇ ਹੁੰਦਾ ਸੀ ਜਿਸਨੂੰ ਅਸੀਂ ਪਤੰਗ ਕਹਿੰਦੇ ਸੀ। ਕਿਸਨੂੰ ਨਹੀਂ ਯਾਦ ਹੋਵੇਗਾ ਕਿ ਉਸਨੇ ਆਪਣੇ ਬਚਪਨ ਵਿੱਚ ਮਿੱਟੀ ਦੇ ਖਿਡੌਣੇ ਤੇ ਘਰ ਨਹੀਂ ਬਣਾਏ ਹੋਣਗੇ। ਮਿੱਟੀ ਨੂੰ ਗਿੱਲੀ ਕਰਕੇ ਭਿਉਂਣਾ ਤੇ ਫਿਰ ਥਾਂ ਦੀ ਚੋਣ ਤੇ ਕੋਲ ਨਿੱਕਾ-ਮੋਟਾ ਲੋੜੀਂਦਾ ਸਾਜੋ-ਸਾਮਾਨ ਰੱਖ ਲੈਂਦੇ ਸੀ।
ਕਈ ਵਾਰੀ ਦਾਦੀ ਜਾਂ ਮਾਂ ਦੇ ਕੋਲ ਬੈਠ ਕੇ ਚਰਖਾ ਗੇੜਨ ਲੱਗ ਜਾਣਾ ਤੇ ਜ਼ੋਰ-ਜ਼ੋਰ ਦੀ ਖਾਲੀ ਘੁਮਾਈ ਜਾਣਾ ਮਾਂ ਦੇ ਚਰਖਾ ਕੱਤਣ ਦੇ ਕੰਮ ਵਿਚ ਰੁਕਾਵਟ ਜ਼ਰੂਰ ਪੈਂਦੀ ਹੁੰਦੀ ਸੀ। ਕਿੱਡਾ ਵੱਡਾ ਮਾਂ ਦਾ ਜੇਰਾ ਸੀ।
ਮਾਂ ਕਦੇ-ਕਦੇ ਸਾਗ ਜਾਂ ਸਬਜ਼ੀ ਵਿਚ ਕੜਛੀ ਫੇਰਨ ਲਈ ਉੱਠ ਕੇ ਜਾਂਦੀ ਤਾਂ ਮੈਂ ਝੱਟ ਦੇਣੀ ਉਸ ਦੀ ਪੀਹੜੀ ’ਤੇ ਬੈਠ ਕੇ ਚਰਖਾ ਜ਼ੋਰ-ਜ਼ੋਰ ਦੀ ਘੁਮਾਉਣ ਲੱਗ ਜਾਣਾ ਤੇ ਚਰਖੇ ਦੀ ਮਾਲ੍ਹ ਟੁੱਟ ਜਾਂਦੀ ਸੀ। ਜਦੋਂ ਮਾਂ ਮੁੜ ਕੇ ਆਉਂਦੀ ਤਾਂ ਉਸ ਦੇ ਚਿਹਰੇ ਦਾ ਗੁੱਸਾ ਦੇਖ ਮੈਂ ਭੱਜ ਜਾਣਾ। ਜਦੋਂ ਦਾਦੀ ਗਲੋਟੇ ਬਣਾਉਂਦੇ ਸੀ ਤਾਂ ਮੈਂ ਚੁੱਕ ਕੇ ਵੋਹਟੀ ਵਿੱਚ ਪਾਈ ਜਾਣੇ
ਜਦੋਂ ਹੋਲੀ ਦਾ ਤਿਉਹਾਰ ਆਉਂਦਾ ਸੀ ਤਾਂ ਕਈ-ਕਈ ਦਿਨ ਪਹਿਲਾ ਇੱਟਾਂ ਨੂੰ ਕੁੱਟ-ਕੁੱਟ ਕੇ ਬਰੀਕ ਕਰ ਲੈਂਦੇ ਫਿਰ ਉਸਨੂੰ ਛਾਣ ਕੇ ਵੱਡੇ ਭਾਂਡੇ ਵਿੱਚ ਘੋਲ ਲੈਂਦੇ ਤੇ ਰੰਗ ਤਿਆਰ ਕਰਕੇ ਫਿਰ ਬੋਤਲਾਂ ਵਿੱਚ ਭਰ ਲੈਂਦੇ। ਜਿਸ ਦਿਨ ਹੋਲੀ ਆਉਂਦੀ ਇੱਕ-ਦੂਜੇ ਉੱਪਰ ਬੋਤਲਾਂ ਦੀ ਪਿਚਕਾਰੀ ਰਾਹੀਂ ਪਾਉਂਦੇ ਸੀ। ਉਸ ਸਮੇਂ ਇਹ ਪਿਚਕਾਰੀ ਕੋਈ ਬਜ਼ਾਰ ’ਚੋਂ ਖਰੀਦੀ ਹੋਈ ਵਸਤੂ ਨਹੀਂ ਹੁੰਦੀ ਸੀ ਸਗੋਂ ਬੋਤਲ ਦੇ ਢੱਕਣ ਵਿੱਚ ਮੋਰੀ ਕਰਕੇ ਬਣਾਈ ਹੁੰਦੀ ਸੀ।
ਮੈਨੂੰ ਯਾਦ ਹੈ ਜਦੋਂ ਮੈਂ ਸਕੂਲ ਜਾਣਾ ਹੁੰਦਾ ਸੀ ਤਾਂ ਮੇਰੀ ਮਾਂ ਮੇਰੇ ਸਿਰ ’ਤੇ ਨਿੱਕੀਆਂ-ਨਿੱਕੀਆਂ ਜਿਹੀਆਂ ਦੋ ਜੂੜੀਆਂ ਕਰਨ ਤੋਂ ਪਿੱਛੋਂ ਮਾਂ ਬੋਰੀ ਵਾਲਾ ਬਸਤਾ ਮੇਰੇ ਮੋਢੇ ’ਚ ਪਾ ਦਿੰਦੀ ਤੇ ਹੱਥ ਵਿੱਚ ਫੱਟੀ ਫੜਾ ਦਿੰਦੀ ਸੀ ਮੈਨੂੰ ਅੱਜ ਵੀ ਉਹ ਵਕਤ ਯਾਦ ਆਉਂਦਾ ਹੈ ਕਿ ਕਿੰਨੇ ਚੰਗੇ ਸਨ ਉਹ ਦਿਨ, ਕੋਈ ਫਿਕਰ ਨਹੀਂ ਸੀ ਹੁੰਦਾ, ਕੋਈ ਜਿੰਮੇਵਾਰੀ ਨਹੀਂ ਹੁੰਦੀ ਸੀ ਤੇ ਕੋਈ ਘਰ ਦੇ ਬਿੱਲਾਂ ਦਾ ਬੋਝ ਵੀ ਨਹੀਂ ਸੀ। ਯਾਦ ਹੈ ਕਦੋਂ ਮੇਰੀ ਦਾਦੀ ਮਾਂ ਪਾਪਾ ਲਈ ਚਾਹ ਬਣਾ ਕੇ ਮੈਨੂੰ ਸਾਇਕਲੀ ’ਤੇ ਖੇਤ ਤੋਰ ਦਿੰਦੀ ਸੀ। ਮੈਨੂੰ ਯਾਦ ਹੈ ਮੇਰੀ ਦਾਦੀ ਮਾਂ ਜਦੋਂ ਸਵੇਰੇ ਚਾਰ ਵਜੇ ਦੁੱਧ ਰਿੜਕਨ ਲਈ ਉੱਠਦੀ ਤਾਂ ਉਨ੍ਹਾਂ ਤੋਂ ਕਈ ਵਾਰ ਮਧਾਣੀ ਨਾ ਚਲਦੀ ਤਾਂ ਉਹ ਮੈਨੂੰ ਉਠਾ ਲੈਂਦੇ ਤੇ ਮੈਂ ਮੱਖਣੀ ਖਾਣ ਦੀ ਮਾਰੀ ਦਾਦੀ ਕੋਲ ਹੀ ਬੈਠੇ ਰਹਿਣਾ। ਹਮੇਸ਼ਾ ਇਹੀ ਦਿਲ ਕਰਦਾ ਹੁੰਦਾ ਸੀ ਕਿ ਦਾਦੀ ਮਾਂ ਬੈਠੀ ਦੁੱਧ ਰਿੜਕੀ ਜਾਵੇ ਤੇ ਮੈਂ ਕੋਲ ਬੈਠੀ ਰੋਟੀ ’ਤੇ ਮੱਖਣ ਧਰ ਕੇ ਖਾਈ ਜਾਵਾਂ।
ਜਦੋਂ ਗਰਮੀਆਂ ਦੀਆਂ ਛੁੱਟੀਆਂ ’ਚ ਦਾਦੀ ਤੇ ਮਾਂ ਨੇ ਦਰੀਆਂ ਲਾਈਆਂ ਹੁੰਦੀਆਂ ਸਨ ਅਸੀਂ ਉੱਪਰ ਹੀ ਲਿਟੀ ਜਾਂਦੇ ਕਈ ਵਾਰ ਦਰੀ ਦਾ ਤਾਣਾ ਵੀ ਤੋੜ ਦਿੰਦੇ ਸੀ ਦਾਦੀ ਫਿਰ ਗੰਢ ਦਿੰਦੀ ਰਹਿੰਦੀ। ਮੈਂ ਸ਼ਰਾਰਤੀ ਬਹੁਤ ਸੀ, ਮਾਂ ਨੇ ਕਦੀ-ਕਦਾਈਂ ਗੁੱਸੇ ’ਚ ਆ ਕੇ ਮੇਰੇ ਚਪੇੜ ਵੀ ਮਾਰਨ ਦੀ ਕੋਸ਼ਿਸ਼ ਕਰਨੀ ਲੇਕਿਨ ਉਸ ਨੇ ਚਪੇੜ ਕਦੇ ਵੀ ਨਹੀਂ ਸੀ ਮਾਰੀ ਸਗੋਂ ਆਪਣੇ-ਆਪ ਵਿਚ ਸਾਰੇ ਦਾ ਸਾਰਾ ਗੁੱਸਾ ਸਮੇਟ ਜਾਂਦੀ। ਪਰ ਇੱਕ ਵਾਰ ਜਦੋਂ ਮੈਂ ਆਪਣੇ-ਆਪ ਨਹਾਉਣ ਦੀ ਜਿੱਦ ਕੀਤੀ ਸੀ ਤੇ ਮੈਂ ਅੱਗੇ-ਅੱਗੇ ਸੀ ਮਾਂ ਮੇਰੇ ਪਿੱਛੇ ਭੱਜ ਰਹੀ ਸੀ ਜਦੋਂ ਮਾਂ ਨੇ ਮੈਨੂੰ ਫੜ ਲਿਆ ਸੀ ਤਾਂ ਮੇਰੇ ਚਪੇੜਾਂ ਲਾਈਆਂ ਸੀ ਉਹ ਅੱਜ ਵੀ ਯਾਦ ਹਨ।
ਮਾਂ ਤਾਂ ਉਂਜ ਸਾਰਿਆਂ ਬੱਚਿਆਂ ਲਈ ਇੱਕੋ-ਜਿਹੀ ਹੀ ਹੁੰਦੀ ਹੈ ਪਰ ਮੇਰੀ ਮਾਂ ਦਾ ਦਿਲ ਬਹੁਤ ਨਰਮ ਸੀ। ਉਹਨਾਂ ਵੇਲਿਆਂ ਨੂੰ ਜਦੋਂ ਮੈਂ ਯਾਦ ਕਰਦੀ ਹਾਂ ਤਾਂ ਮੇਰੇ ਸਾਹਮਣੇ ਇੱਕ ਫਿਲਮ ਦੀ ਤਰ੍ਹਾਂ ਹਰ ਯਾਦ ਮੇਰੇ ਮੂਹਰਿਉਂ ਦੀ ਲੰਘ ਜਾਂਦੀ ਹੈ ਜਿਸ ਦਾ ਹਿਸਾਬ ਮੈਂ ਆਪਣੇ ਖਿਆਲਾਂ ਵਿਚ ਹੀ ਲਾ ਸਕਦੀ ਹਾਂ।
ਬਚਪਨ ਵਿੱਚ ਪੁਰਾਣੀਆਂ ਚੱਪਲਾਂ ਨੂੰ ਗੋਲ-ਗੋਲ ਕੱਟ ਕੇ ਟਾਇਰ ਬਣਾ ਲੈਂਦੇ ਸੀ ਫਿਰ ਝਿੰਜਣ ਦੀ ਸੋਟੀ ਨੂੰ ਰਬੜ ਦੀ ਸ਼ੀਸ਼ੀ ਵਿੱਚ ਪਾ ਲੈਂਦੇ। ਸ਼ੀਸ਼ੀ ਵਿੱਚ ਦੀ ਸਾਈਕਲ ਦਾ ਗਜ ਪਾ ਕੇ ਦੋਨਾ ਟਾਇਰਾਂ ਨੂੰ ਦੋਨੋਂ ਪਾਸੇ ਗਜ ਵਿੱਚ ਪਾ ਦਿੰਦੇ ਸੀ। ਇਸ ਤਰ੍ਹਾਂ ਗੱਡੀ ਬਣਾ ਲੈਂਦੇ ਸੀ। ਬਚਪਨ ਵਿੱਚ ਕਈ ਖੇਡਾਂ ਖੇਡਦੇ ਜਿਵੇਂ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਟੋਚਨ ਪਾ ਵੀ ਟੋਚਨ ਪਾ, ਲੁਕਣ ਮਿਚੀ, ਬਰਫ਼ ਪਾਣੀ, ਛੂਹਣ ਸਲੀਕੀ, ਬਾਂਦਰ ਕੀਲਾ, ਗੁੱਡੀਆਂ ਪਟੋਲੇ ਚੁੱਕ ਕੇ ਘਰ-ਘਰ ਬਣਾਉਣਾ, ਖੋ-ਖੋ, ਪੀਚੋ, ਡੰਡਾ ਡੁੱਕਣਾ, ਗੋਲ਼ੀਆਂ ਬਾਂਟੇ, ਤਾਸ਼, ਚੋਰ ਸਿਪਾਹੀ, ਗੁੱਲੀ ਡੰਡਾ ਆਦਿ ਖੇਡਾਂ ਖੇਡਦੇ ਸੀ।
ਕਈ ਵਾਰ ਛੁੱਟੀ ਵਾਲੇ ਦਿਨ ਦਾਦੀ ਮਾਂ ਨੇ ਚੌਲਾਂ ਦੀਆਂ ਪਿੰਨੀਆਂ ਦਾ ਆਟਾ ਬਣਾਉਣ ਲਈ ਚੌਲ ਚੱਕੀ ਕੋਲ ਰੱਖ ਲੈਣੇ ਤੇ ਦਾਦੀ ਮਾਂ ਨੇ ਜਿਉਂ ਹੀ ਚੱਕੀ ਚਲਾਉਣੀ ਤਿਉਂ ਹੀ ਮੈਂ ਮਸਤੀ ਵਿੱਚ ਆ ਜਾਣਾ। ਕਦੀ-ਕਦਾਈ ਦਾਦੀ ਮਾਂ ਮੈਨੂੰ ਵੀ ਮੱਦਦ ਕਰਨ ਲਈ ਕਹਿੰਦੀ। ਉਦੋਂ ਇਹ ਬਿਲਕੁਲ ਪਤਾ ਨਹੀਂ ਸੀ ਹੁੰਦਾ ਕਿ ਦਾਣੇ ਪੀਹਣ ਵਾਲੀ ਚੱਕੀ ’ਤੇ ਜ਼ੋਰ ਵੀ ਲੱਗਦਾ ਹੈ। ਜਦੋਂ ਮੈਂ ਮੱਦਦ ਕਰਵਾਉਂਦੀ ਮੈਂ ਚੱਕੀ ਜ਼ੋਰ ਨਾਲ ਘੁਮਾ ਦੇਂਦੀ ਤੇ ਫਿਰ ਹੌਲੀ ਕਰ ਦੇਂਦੀ। ਦਾਦੀ ਮਾਂ ਨੇ ਬਥੇਰੀ ਦੁਹਾਈ ਪਾਉਣੀ, ਚੱਕੀ ਹੌਲੀ ਚਲਾ ਪਰ ਮੈਨੂੰ ਇਤਨੀ ਸਮਝ ਨਹੀਂ ਸੀ ਕਿ ਮਾਂ ਕਿਉਂ ਕਹਿੰਦੀ ਹੈ ਤੇ ਮੈਂ ਏਸੇ ਤਰ੍ਹਾਂ ਹੀ ਘੁਮਾਈ ਜਾਣੀ ਏਸੇ ਚਾਅ ਵਿੱਚ ਕਿ ਜਿੰਨਾ ਜਲਦੀ ਆਟਾ ਬਣੇਗਾ ਪਿੰਨੀਆਂ ਵੀ ਉਨੀਆਂ ਜਲਦੀ ਹੀ ਬਣਨਗੀਆਂ।
ਉਸ ਸਮੇਂ ਦਿਮਾਗ ਸ਼ੈਤਾਨ ਵਾਲੇ ਸੀ ਦੂਰੋਂ ਹੀ ਹਿਸਾਬ ਲਾ ਲੈਂਦੇ ਸੀ ਤੇ ਭੋਲੀਆਂ-ਭਾਲੀਆਂ ਸ਼ਕਲਾਂ ਬਣਾ ਕੇ ਬੈਠ ਜਾਂਦੇ ਸੀ ਤਾਂ ਜੋ ਕੁੱਟ ਨਾ ਪਵੇ ਬਹੁਤ ਵਾਰੀ ਉਹ ਯਾਦਾਂ ਅਜੇ ਵੀ ਦਿਲ ਨੂੰ ਆ ਟੁੰਬਦੀਆਂ ਨੇ ਤੇ ਮੈਂ ਅਕਸਰ ਉਹਨਾਂ ਯਾਦਾਂ ਵਿਚ ਗੁਆਚ ਜਾਂਦੀ ਹਾਂ। ਕਾਸ਼! ਕਦੇ ਉਹ ਦਿਨ ਫਿਰ ਮੁੜ ਆਵਣ। ਬਚਪਨ ਦੇ ਉਹ ਪਲ ਬਾਹਲਾ ਹੀ ਸਕੂਨ ਦਿੰਦੇ ਹਨ ਤੇ ਬਚਪਨ ਦੀਆਂ ਯਾਦਾਂ ਵਾਲੇ ਸੁਨਹਿਰੀ ਪਲ ਮੇਰੇ ਲਈ ਹੋਰ ਵੀ ਸੁਨਹਿਰੀ ਬਣ ਗਏ ਹਨ।
ਝਲੂਰ, ਬਰਨਾਲਾ
ਜਨਰਲ ਸਕੱਤਰ, ਮਹਿਲਾ ਕਾਵਿ ਮੰਚ, ਪੰਜਾਬ।
ਗਗਨਦੀਪ ਧਾਲੀਵਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.