ਲੁੱਟ ਲਓ ! ਖੁਸ਼ੀਆਂ ਦੇ ਪਲ
ਜੇਕਰ ਸਾਡੇ ਅੰਦਰ ਮਨੋਰੰਜਨ ਅਤੇ ਨੱਚਣ ਟੱਪਣ ਜਿਹੇ ਗੁਣ ਨਹੀ ਹਨ ਤਾਂ ਇਹੀ ਸਮਝਿਆ ਜਾ ਸਕਦਾ ਹੈ ਕਿ ਕੁਦਰਤ ਨੇ ਜਰੂਰ ਹੀ ਸਾਡੇ ਨਾਲ ਕੋਈ ਵੱਡੀ ਬੇਇਨਸਾਫੀ ਕੀਤੀ ਹੈ।ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀ ਸਦਾ ਖੁਸ਼ ਰਹੀਏ।ਚਿੜਚਿੜਾਪਣ,ਖੁਸ਼ੀਆਂ ਖੇੜਿਆਂ ਨਾਲ ਭਰੇ ਰੰਗੀਨ ਮਹੌਲ ਨੂੰ ਵੀ ਖਰਾਬ ਕਰ ਦਿੰਦਾ ਹੈ।
ਦੁੱਖਾਂ ਸੁੱਖਾਂ ਦਾ ਸਬੰਧ ਸਾਡੇ ਸੰਪੂਰਨ ਜੀਵਨ ਨਾਲ ਜੁੜਿਆ ਹੋਇਆ ਹੈ।ਕਸ਼ਟਾਂ ਦਾ ਸਾਡੇ ਜੀਵਨ ’ਚ ਉਹੀ ਮਹੱਤਵ ਹੈ ਜ਼ੋ ਫੁੱਲਾਂ ਦਾ ਕੰਡਿਆਂ ਨਾਲ ।ਜਦੋ ਸੁੱਖ ਅਸੀਂ ਭੋਗਦੇ ਹਾਂ ਤਾਂ ਦੁੱਖ ਕੌਣ ਭੋਗੇਗਾ ? ਆਦਮੀ ਨੂੰ ਦੁੱਖਾਂ ਨੂੰ ਵੀ ਵਿਧੀ ਦਾ ਵਿਧਾਨ ਸਮਝ ਕੇ ਕਬੂਲ ਕਰ ਲੈਣਾ ਚਾਹੀਦਾ ਹੈ। ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਜੇਕਰ ਕੋਈ ਚੀਜ ਸਾਨੂੰ ਰੋਸ਼ਨੀਆਂ ਵੱਲ ਲਿਜਾ ਸਕਦੀ ਹੈ,ਸਾਰੇ ਰੋਗਾਂ ਤੋ ਮੁਕਤੀ ਦੁਆ ਸਕਦੀ ਹੈ ਤਾਂ ਉਹ ਹੈ ਹੁਲਾਸ,ਅਨੰਦ ਅਤੇ ਮਨੋਰੰਜਨ ਜੇਕਰ ਕੋਈ ਚੀਜ ਸਾਡੇ ਲਈ ਵੱਡੀ ਹਾਨੀਕਾਰਕ ਹੈ ਤਾਂ ਉਹ ਹੈ ਨਿਰਾਸ਼ਾ।ਏਸੇ ਤਰ੍ਹਾਂ ਕਿਸੇ ਵੀ ਆਦਮੀ ਦਾ ਸਰੀਰਕ, ਮਾਨਸਿਕ ਅਤੇ ਆਤਮਿਕ ਵਿਕਾਸ,ਖੁੱਲ੍ਹ ਕੇ ਹੱਸਣ ਹਸਾਉਣ ਅਤੇ ਜ਼ਿੰਦਾ ਦਿਲ ਵਿਚਾਰਾਂ’ਤੇ ਨਿਰਭਰ ਕਰਦਾ ਹੈ।
ਜੇਕਰ ਆਦਮੀ ਅੰਦਰ ਖੁਸ਼ੀਆਂ ਰੂਪੀ ਸੂਰਜ ਦੀ ਚਮਕ ਹੈ ਤਾਂ ਉਹ ਜੀਵਨ ਨੂੰ ਹੱਸਦਿਆਂ ਖੇਡਦਿਆਂ ਅਤੇ ਧਮਾਲਾਂ ਪਾਂਉਦਿਆਂ ਬਤੀਤ ਕਰ ਦੇਵੇਗਾ।ਜਿਸ ਆਦਮੀ ਦਾ ਸੁਭਾਅ ਹਾਸੇ ਮਖੌਲ ਵਾਲਾ ਹੈ ਤਾਂ ਉਸ ਨੂੰ ਭਾਵੇਂ ਪਾਟੇ ਪੁਰਾਣੇ ਕੱਪੜੇ ਪੁਆ ਦਿਓ ,ਤਾਂ ਵੀ ਉਹ ਖੁਦ ਵੀ ਹੱਸ ਸਕਦਾ ਹੈ ਤੇ ਦੂਸਰਿਆਂ ਨੂੰ ਵੀ ਹਸਾ ਸਕਦਾ ਹੈ। ਖੁਸ਼-ਮਿਜਾਜ਼ ਆਦਮੀ ਜਿੱਥੇ ਵੀ ਜਾਂਦਾ ਹੈ,ਉੱਥੇ ਹੀ ਆਪਣਾ ਪ੍ਰਭਾਵ ਛੱਡਦਾ ਜਾਂਦਾ ਹੈ।ਉਹ ਸਾਰਿਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਪ੍ਰੇਰਨਾ ਨਾ ਦੇਣ ਅਤੇ ਖੁਸ਼ ਰਹਿਣਾ ਵੀ ਸਿਖਾਉਦਾ ਹੈ।ਅਜਿਹਾ ਖੁਸ਼-ਮਿਜਾਜ਼ ਆਦਮੀ ਧੁੱਪ ਦੀ ਅਜਿਹੀ ਨਿੱਘੀ ਕਿਰਨ ਹੁੰਦਾ ਹੈ ਜਿਸਦਾ ਸੁਖਦ ਪ੍ਰਭਾਵ ਪੂਰੇ ਚੁਗਿਰਦੇ ’ਚ ਰੰਗੀਨੀਆਂ ਭਰ ਦਿੰਦਾ ਹੈ।
ਜਿਹੜੇ ਬੰਦੇ ਦਾ ਚਿਹਰਾ ਕਠੋਰ ਅਤੇ ਖੜੂਸ ਜਿਹਾ ਦਿਸਦਾ ਹੋਵੇ,ਜਿਸਦੇ ਅੰਦਰ ਦੀਆਂ ਭਾਵਨਾਵਾਂ ਉਂਹਦੇ ਚਿਹਰੇ ਤੋ ਪ੍ਰਗਟ ਨਾ ਹੁੰਦੀਆਂ ਹੋਣ, ਉਹ ਕਦੇ ਵੀ ਭਰੋਸੇਯੋਗ ਨਹੀਂ ਹੋ ਸਕਦਾ।ਅੰਦਰਲੀ ਖੁਸ਼ੀ ਤਾ ਅਜਿਹੀ ਭਾਵਨਾ ਹੈ ਜਿਸ ਨੂੰ ਸਾਡਾ ਚਿਹਰਾ ਛੁਪਾ ਈ ਨਹੀ ਸਕਦਾ।ਦਿਲ ਦੀ ਖੁਸ਼ੀ ਤਾਂ ਚਿਹਰੇ ਦੇ ਕਿਸੇ ਨਾ ਕਿਸੇ ਹਿੱਸੇ ਤੋਂ ਹੋ ਈ ਜਾਂਦੀ ਹੈ। ਦੁਨੀਆਂ ਦੇ ਬਹੁਤ ਸਾਰੇ ਲੋਕ ਦੁਖੀ ਹਨ।ਪਰ ਕੀ ਕਾਰਨ ਹੈ ਕਿ ਹਰ ਕੋਈ ਰੋਂਦਾ ਨਹੀਂ ਫਿਰਦਾ? ਜੇਕਰ ਤੁਸੀਂ ਆਪਣੇ ਆਪ ਨੂੰ ਤਣਾਅਪੂਰਨ ਅਤੇ ਵਿਰਲਾਪ ਕਰਦਾ ਵੇਖ ਰਹੇ ਹੋ ਤਾਂ ਇਸ ਦੇ ਜੁੰਮੇਵਾਰ ਤੁਸੀਂ ਖੁਦ ਹੋ।ਤੁਸੀਂ ਆਪਣੇ ਆਪ ਨੂੰ ਅਜਿਹਾ ਸ਼ਿਕਾਇਤੀ ਅਤੇ ਰੋਂਦੜ ਬਣਨ ਦੀ ਮਨਜੂਰੀ ਦੇ ਛੱਡੀ ਹੈ।
ਆਦਮੀ ਦੇ ਸੁਭਾਅ ਦਾ ਪ੍ਰਭਾਵ ਕੇਵਲ ਉਂਹਦੇ ਮਾਨਸਿਕ ਅਤੇ ਸਰੀਰਕ ਵਿਕਾਸ ’ਤੇ ਹੀ ਨਹੀਂ ਸਗੋਂ ਉਂਹਦੇ ਚਿਹਰੇ ਤੇ ਵੀ ਪੈਂਦਾ ਹੈ।ਅਜਿਹੇ ਬੰਦੇ ਜ਼ੋ ਹਰ ਵੇਲੇ ਦੁਖੀ ਅਤੇ ਗੰਭੀਰ ਰਹਿੰਦੇ ਹਨ,ਉਨ੍ਹਾਂ ਦਾ ਨੀਰਸ ਚਿਹਰਾ ,ਤਣੇ ਹੋਏ ਭਰਵੱਟੇ ਅਤੇ ਡਰਾਉਣੀਆਂ ਅੱਖਾਂ ਉਨ੍ਹਾਂ ਦੀ ਸ਼ਕਲ ਨੂੰ ਵਿਗਾੜ ਦਿੰਦੀਆਂ ਹਨ। ਇਸ ਦੇ ਉਲਟ ਹਰ ਵੇਲੇ ਹੱਸਣ ਹਸਾਉਣ ਵਾਲਿਆਂ ਦੇ ਚਿਹਰੇ ਉੱਤੇ ਰੌਣਕ,ਅੱਖਾਂ ’ਚ ਚਮਕ ਅਤੇ ਹੋਠਾਂ ਉੱਤੇ ਮਧੁਰ-ਮੁਸਕਾਨ ਥਿਰਕਦੀ ਰਹਿੰਦੀ ਹੈ। ਸੰਸਾਰਕ ਦੁੱਖਾਂ, ਨਿਰਾਸ਼ਾ ਅਤੇ ਅਸਫਲਤਾਵਾਂ ਦੇ ਹੁੰਦੇ ਹੋਏ ਵੀ ਅਸੀਂ ਆਪਣੇ ਜੀਵਨ ਨੂੰ ਅਜਿਹਾ ਬਣਾ ਸਕਦੇ ਹਾਂ ਕਿ ਅਸੀ ਜਿੱਥੇ ਵੀ ਜਾਈਏ ਉਥੇ ਈ ਉਤਸ਼ਾਹ ਅਤੇ ਚਾਨਣ ਖਿੱਲਰ ਜਾਏ।
ਅਜਿਹੇ ਲੋਕ ਜ਼ੋ ਹੱਸਣਾ ਨਹੀਂ ਜਾਣਦੇ, ਮਜਾਕ ਕਰਨਾ ਅਤੇ ਪਸੰਦ ਕਰਨਾ ਨਹੀਂ ਚਾਹੁੰਦੇ ,ਉਹ ਤਣਾਅ ਪੂਰਨ ਅਤੇ ਨੀਰਸ ਜੀਵਨ ਆਖਿਰ ਕਦੋ ਤੱਕ ਜੀਅ ਸਕਦੇ ਹਨ? ਗੱਲ-ਗੱਲ ’ਤੇ ਲੜਨਾ ਝਗੜਨਾ ਅਤੇ ਹਰ ਕਿਸੇ ਦੀਆਂ ਗੱਲਾਂ ਤੇ ਖਿੱਝਣਾ,ਅਜਿਹੇ ਲੋਕਾਂ ਨੂੰ ਸਦਾ ਇੱਕ ਤਣਾਅ ਪੂਰਨ ਹਾਲਾਤ ’ਚ ਘੇਰੀ ਰੱਖਦਾ ਹਨ।ਅਜਿਹੇ ਲੋਕਾਂ ਨੂੰ ਇੱਕ ਨਾ-ਮਾਲੂਮ ਬਿਮਾਰੀ ਘੇਰੀ ਰੱਖਦੀ ਹੈ, ਜਿਸ ਦਾ ਕੋਈ ਇਲਾਜ ਸੰਭਵ ਨਹੀ ਹੁੰਦਾ।ਦੁਨੀਆਂ ਦਾ ਕੋਈ ਡਾਕਟਰ ,ਹਕੀਮ ,ਵੈਦ ਨਹੀ ਸਮਝ ਸਕਦਾ ਕਿ ਇਨ੍ਹਾਂ ਦੀ ਬਿਮਾਰੀ ਕੀ ਹੈ। ਕਈ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਜੀਵਨ ’ਚ ਦੁੱਖਾਂ ਦਾ ਕੋਈ ਅੰਤ ਨਹੀਂ ਹੁੰਦਾ
ਪਰ ਫਿਰ ਵੀ ਉਨ੍ਹਾਂ ਨੇ ਦੁੱਖਾਂ ’ਚ ਉੱਭਰਨਾ ਸਿੱਖ ਲਿਆ ਹੁੰਦਾ ਹੈ।ਜੀਵਨ ਉਨ੍ਹਾਂ ਦਾ ਹੀ ਸੁਖੀ ਹੈ ਜਿਨ੍ਹਾਂ ਨੇ ਆਪਣੇ ਚਿਹਰੇ ਉੱਤੇ ਚਿੰਤਾ ਦੀਆਂ ਰੇਖਾਵਾਂ ਨੂੰ ਨਹੀਂ ਆਉਣ ਦਿੱਤਾ।ਉਲਟੇ ਵਹਿੰਦੇ ਹਾਲਾਤਾਂ ’ਚੋ ਵੀ ਖੁਸ਼ੀਆਂ ਦੇ ਪਲ ਚੁਰਾ ਲੈਣ ਦੀ ਕਲਾ ’ਚ ਮਾਹਿਰ ਆਦਮੀ ਹੀ ਅਸਲ ’ਚ ਜਿੰਦਾ ਦਿਲ ਹੁੰਦੇ ਹਨ। ਕੋਈ ਵੀ ਦਿਨ ਅਜਿਹਾ ਨਹੀਂ ਹੁੰਦਾ ਜਿਸ ’ਚ ਖੁਸ਼ੀਆ ਭਰੇ ਚਾਨਣ ਦੀ ਕੋਈ ਕਿਰਨ ਨਾ ਆਏ।ਆੳ ਉਸ ਦਿਨ ’ਤੋ ਉਸ ਕਿਰਨ ਨੂੰ ਚੁਰਾ ਲਈਏ ਅਤੇ ਆਪਣਾ ਵਰਤਮਾਨ ਉਜਲਾ ਬਣਾਈਏ।
ਸੰਤੋਖ ਸਿੰਘ ਭਾਣਾ, ਗੁਰੂ ਅਰਜਨ ਦੇਵ ਨਗਰ ਪੁਰਾਣੀ ਕੈਂਟ ਰੋਡ ਨੇੜੇ ਚੰਗੀ ਨੰ:7,
ਫਰੀਦਕੋਟ। ਮੋ:98152-96475
ਸੰਤੋਖ ਸਿੰਘ ਭਾਣਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.