ਅਜ਼ਾਦੀ ਦੀ ਲੜਾਈ ’ਤੇ ਸ਼ਹੀਦ ਭਗਤ ਸਿੰਘ ਦੀ ਸੋਚ

ਅਜ਼ਾਦੀ ਦੀ ਲੜਾਈ ’ਤੇ ਸ਼ਹੀਦ ਭਗਤ ਸਿੰਘ ਦੀ ਸੋਚ

ਭਾਰਤ ਅੰਦਰ ਅੰਗਰੇਜੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ, ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਵਰਗੇ ਮਹਾਨ ਸੂਰਬੀਰ ਯੋਧਿਆਂ ਦੀ ਦੇਸ਼ ਕੌਮ ਤੇ ਸਮਾਜ ਲਈ ਕੀਤੀ ਕੁਰਬਾਨੀ ਨੂੰ ਕੌਣ ਭੁਲਾ ਸਕਦਾ। ਜਦੋਂ ਦੇਸ਼ ਅੰਗਰੇਜੀ ਰਾਜ ਦੇ ਅਧੀਨ ਸੀ ਤਾਂ ਦੇਸ਼ ਭਗਤਾਂ ਨੂੰ ਅੰਗਰੇਜਾਂ ਤੋਂ ਦੇਸ਼ ਨੂੰ ਅਜ਼ਾਦ ਕਰਾਉਣ ਲਈ ਲੰਮਾ ਸੰਘਰਸ਼ ਕਰਨਾ ਪਿਆ।

ਸ਼ਹੀਦ ਭਗਤ ਸਿੰਘ ਵੀ ਉਨ੍ਹਾਂ ਸਿਰਲੱਥ ਘੁਲਾਟੀਆਂ ’ਚੋਂ ਇੱਕ ਸੀ। ਇਸ ਗੱਲੋਂ ਭਗਤ ਸਿੰਘ ਭਾਗਾਂ ਵਾਲਾ ਸੀ, ਕਿ ਉਸ ਦਾ ਜਨਮ ਇੱਕ ਦੇਸ਼ ਭਗਤ ਅਤੇ ਲੋਕ-ਸੇਵਕ ਪਰਿਵਾਰ ਵਿਚ ਹੋਇਆ। ਉਸ ਦੇ ਦਾਦਾ ਜੀ ਸਤਿਕਾਰਯੋਗ ਅਰਜਨ ਸਿੰਘ ਨੇ ਆਪਣੇ ਦੋਹਾਂ ਪੋਤਰਿਆਂ ਭਗਤ ਸਿੰਘ ਤੇ ਜਗਤ ਸਿੰਘ ਦੇ ਸਿਰ ’ਤੇ ਹੱਥ ਰੱਖ ਕੇ ਦੇਸ਼ ਦੀ ਅਜ਼ਾਦੀ ਦੇ ਲੇਖੇ ਲਾਉਣ ਦਾ ਪ੍ਰਣ ਕੀਤਾ ਸੀ। ਭਗਤ ਸਿੰਘ ਦੇ ਪਿਤਾ ਸ੍ਰ. ਕਿਸ਼ਨ ਸਿੰਘ ਤੇ ਚਾਚਾ ਅਜੀਤ ਸਿੰਘ ਅਜ਼ਾਦੀ ਸੰਗਰਾਮ ਦੇ ਉੁਘੇ ਲੀਡਰਾਂ ਵਿਚੋਂ ਸਨ।

ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਨੂੰ ਪਿਤਾ ਸ੍ਰ. ਕਿਸ਼ਨ ਸਿੰਘ ਦੇ ਘਰ ਮਾਤਾ ਵਿੱਦਿਆ ਦੇਵੀ ਦੀ ਕੁੱਖੋਂ ਚੱਕ ਨੰ: 105 ਪਿੰਡ ਬੰਗਾ, ਜਿਲ੍ਹਾ ਲਾਇਲਪੁਰ, ਪਾਕਿਸਤਾਨ ’ਚ ਹੋਇਆ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ (ਨਵਾਂ ਸ਼ਹਿਰ) ਪੰਜਾਬ ’ਚ ਸਥਿਤ ਹੈ। ਹੁਣ ਨਵਾਂ ਸ਼ਹਿਰ ਦਾ ਨਾਂਅ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਹੈ। ਬਚਪਨ ਤੋਂ ਬਾਅਦ ਜਦੋਂ ਭਗਤ ਸਿੰਘ ਨੇ ਸੁਰਤ ਸੰਭਾਲੀ ਤਾਂ ਉਦੋਂ ਦੇਸ਼ ਭਗਤ ਸੂਰਬੀਰਾਂ ਦੀਆਂ ਕਤਾਰਾਂ ਲੰਮੀਆਂ ਕਰਨ ਲਈ ਛਟਪਟਾ ਰਿਹਾ ਸੀ।

ਉਹ ਸੂਰਬੀਰ ਯੋਧੇ ਜੋ ਮੁਲਕ ਅੰਦਰ ਜ਼ਮਾਨੇ ਦੇ ਚੱਕਰ ਨੂੰ ਇੱਕ ਇਨਕਲਾਬੀ ਅਵਾਜ ਵਿਚ ਹਰਕਤ ਦੇਣ ਵਿਚ ਮੱਦਦਗਾਰ ਸਾਬਿਤ ਹੋ ਸਕਣ। ਇੱਕ ਪਾਸੇ ਇਹ ਸਾਰੀਆਂ ਘਟਨਾਵਾਂ ਉਥਲ-ਪੁਥਲਾਂ ਤੇ ਅਜ਼ਾਦੀ ਦੀਆਂ ਲਹਿਰਾਂ ਭਗਤ ਸਿੰਘ ਦੇ ਅੱਲ੍ਹੜ ਮਨ ’ਤੇ ਆਪਣੀ ਰੰਗਤ ਚਾੜ੍ਹ ਰਹੀਆਂ ਸਨ, ਦੂਜੇ ਪਾਸੇ ਦੇਸ਼ ਭਗਤ ਸੂਰਬੀਰਾਂ ਦੀ ਸੰਗਤ ਤੇ ਸਰਪ੍ਰਸਤੀ ਸਦਕਾ ਉਸ ਦੇ ਮਨ-ਮਸਤਕ ਅੰਦਰ ਇੱਕ ਹੋਣਹਾਰ ਇਨਕਲਾਬੀ ਹੋਣ ਦੇ ਨੈਣ-ਨਕਸ਼ ਤਰਾਸ਼ੇ ਜਾ ਰਹੇ ਸਨ। ਸੰਨ 1914-15 ਵਿਚ ਗਦਰ ਪਾਰਟੀ ਦੇ ਗਦਰੀਆਂ ਅਤੇ ਸ਼ਹੀਦ ਕਰਤਾਰ ਸਿੰਘ ਸਰਾਭੇ ਦਾ ਭਗਤ ਸਿੰਘ ਦੇ ਘਰ ਆਉਣ-ਜਾਣ ਬਣਿਆ ਹੋਇਆ ਸੀ।

1917 ਵਿਚ ਸ੍ਰ: ਕਿਸ਼ਨ ਸਿੰਘ ਨੇ ਆਪਣਾ ਨਿਵਾਸ ਲਾਹੌਰ ਲੈ ਆਂਦਾ, ਅਤੇ ਭਗਤ ਸਿੰਘ ਦੀ ਸਰੀਰਕ ਕਸਰਤ ਅਤੇ ਦੇਸ਼ ਭਗਤੀ ਦੀ ਸਿਖਲਾਈ ਉਨ੍ਹਾਂ ਆਪਣੀ ਦੇਖ-ਰੇਖ ਵਿਚ ਕੀਤੀ। ਸ੍ਰ: ਕਿਸ਼ਨ ਸਿੰਘ ਜਦੋਂ ਕਿਸੇ ਜਨਤਕ ਜਲਸੇ ਵਿਚ ਜਾਂਦੇ ਤਾਂ ਭਗਤ ਸਿੰਘ ਵੀ ਨਾਲ ਹੁੰਦਾ। ਉਸ ਸਮੇਂ 10-12 ਸਾਲ ਦਾ ਭਗਤ ਸਿੰਘ ਜਨਤਕ ਜਲਸਿਆਂ ਵਿਚ ਕਈ ਵਾਰ ਤਕਰੀਰ ਵੀ ਕਰਦਾ। 13 ਅਪਰੈਲ 1919 ਨੂੰ ਵਾਪਰੇ ਜਲਿਆਂਵਾਲਾ ਖੂਨੀ ਕਾਂਡ ਕਰਕੇ ਦੇਸ਼ ਅੰਦਰ ਇੱਕਦਮ ਹਾਹਾਕਾਰ ਮੱਚ ਗਈ।

ਇਸ ਘਟਨਾ ਨੇ ਉਨ੍ਹਾਂ ਦੇ ਮਨ ’ਤੇ ਬੜਾ ਹੀ ਡੂੰਘਾ ਅਸਰ ਪਾਇਆ। ਉਸ ਸਮੇਂ 12 ਸਾਲ ਦੇ ਨਿਆਣੇ ਜਿਹੇ ਭਗਤ ਸਿੰਘ ਨੂੰ ਦੇਸ਼ ਭਗਤੀ ਦਾ ਜੋਸ਼ ਧੂਹ ਕੇ ਅੰਮ੍ਰਿਤਸਰ ਲੈ ਗਿਆ, ਖੂਨੀ ਕਾਂਡ ਤੋਂ ਦੂਸਰੇ ਹੀ ਦਿਨ ਉਹ ਜਲਿਆਂਵਾਲੇ ਬਾਗ ਗਿਆ, ਅਤੇ ਸ਼ਹੀਦਾਂ ਦੇ ਖੂਨ ਨਾਲ ਭਿੱਜੀ ਮਿੱਟੀ ਲਿਆ ਕੇ ਆਪਣੀ ਅਲਮਾਰੀ ਵਿਚ ਰੱਖ ਦਿੱਤੀ। ਨਵੰਬਰ 1921 ਵਿਚ ਨਾ ਮਿਲਵਰਤਣ ਲਹਿਰ ਸਾਰੇ ਭਾਰਤ ਵਿਚ ਚੱਲੀ। ਵਿਦਿਆਰਥੀਆਂ ਨੂੰ ਵੀ ਸਕੂਲ-ਕਾਲਜ ਛੱਡਣ ਦਾ ਸੱਦਾ ਦਿੱਤਾ ਗਿਆ। ਉਸ ਸਮੇਂ ਦਸਵੀਂ ਜਮਾਤ ਦੇ ਵਿਦਿਆਰਥੀ ਭਗਤ ਸਿੰਘ ਨੇ ਸਕੂਲ ਛੱਡ ਦਿੱਤਾ ਅਤੇ ਕੌਮੀ ਲਹਿਰ ਵਿਚ ਕੁੱਦ ਪਿਆ।

ਸੰਨ 1922 ਵਿਚ ਦੇਸ਼ ਭਗਤਾਂ ਨੇ ਲਾਹੌਰ ਵਿਚ ਨੈਸ਼ਨਲ ਕਾਲਜ ਖੋਲ੍ਹਿਆ। ਜਿਹੜੇ ਨੌਜਵਾਨਾਂ ਨੇ ਅੰਗਰੇਜੀ ਰਾਜ ਦੀ ਨੌਕਰੀ ਕਰਨ ਦੇ ਮੰਤਵ ਨਾਲ ਵਿੱਦਿਆ ਹਾਸਲ ਕਰਨ ਨੂੰ ਤਿਆਗਿਆ ਸੀ, ਉਨ੍ਹਾਂ ਨੂੰ ਦੇਸ਼ ਭਗਤੀ ਤੇ ਇਨਕਲਾਬੀ ਤੱਤ ਵਾਲੀ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ ਗਿਆ। ਇਸ ਕਾਲਜ ਵਿਚ ਭਗਤ ਸਿੰਘ ਨੂੰ ਖਾਸ ਇਮਤਿਹਾਨ ਬਾਅਦ ਹੀ ਦਾਖਲਾ ਦਿੱਤਾ ਗਿਆ। ਨੈਸ਼ਨਲ ਕਾਲਜ ਵਿਚ ਵਿਗਿਆਨਕ ਸੋਚ, ਕਿਤਾਬਾਂ ਘੋਖਣ ਅਤੇ ਨਵੇਂ ਵਿਚਾਰਾਂ ਨੂੰ ਅਪਣਾਉਣ ਅਤੇ ਦੇਸ਼ ਦੀ ਹਾਲਤ ਦਾ ਅਧਿਐਨ ਕਰਨ ਦੇ ਢੰਗ ਸਿਖਾਏ ਜਾਂਦੇ ਸਨ। ਖੁੱਲ੍ਹੀਆਂ ਬਹਿਸਾਂ ਵੀ ਹੁੰਦੀਆਂ ਸਨ। ਇੱਥੇ ਭਗਤ ਸਿੰਘ ਦੇ ਸ਼ਹੀਦ ਸੁਖਦੇਵ ਤੇ ਦੂਸਰੇ ਇਨਕਲਾਬੀਆਂ ਨਾਲ ਹੋਰ ਪਕੇਰੇ ਸਬੰਧ ਬਣੇ। ਸ਼ਹੀਦ ਸੁਖਦੇਵ ਤੇ ਭਗਤ ਸਿੰਘ ਹਮਜਮਾਤੀ ਸਨ।

ਉਨ੍ਹਾਂ ਵਿਚ ਹਰ ਵੇਲੇ ਕਿਤਾਬਾਂ ’ਤੇ ਬਹਿਸ ਤੇ ਵਿਚਾਰ-ਵਟਾਂਦਰਾ ਵੀ ਚੱਲਦਾ ਰਹਿੰਦਾ ਸੀ। ਜਦ ਭਗਤ ਸਿੰਘ ਦੇ ਮਾਪਿਆਂ ਨੇ ਉਸ ਦਾ ਵਿਆਹ ਕਰਨ ਦਾ ਆਪਣਾ ਫੈਸਲਾ ਸੁਣਾਇਆ ਤਾਂ ਉਹ ਆਪਣੇ ਪਿਤਾ ਤੋਂ ਵੀ ਬਾਗੀ ਹੋ ਗਿਆ। ਉਹ ਘਰ ਛੱਡ ਕੇ ਕਾਨ੍ਹਪੁਰ ਚਲਾ ਗਿਆ। ਜਾਂਦੇ ਹੋਏ ਆਪਣੇ ਪਿਤਾ ਦੇ ਨਾਂਅ ਇੱਕ ਚਿੱਠੀ ਲਿਖ ਕੇ ਛੱਡ ਗਿਆ, ਚਿੱਠੀ ਵਿਚ ਲਿਖਿਆ ਸੀ, ਪਿਤਾ ਜੀ! ਮੇਰੀ ਜਿੰਦਗੀ ਮਹਾਨ ਮਕਸਦ ਭਾਵ ਭਾਰਤ ਦੀ ਅਜ਼ਾਦੀ ਦੇ ਅਸੂਲ ਦੇ ਲੇਖੇ ਲੱਗ ਚੁੱਕੀ ਹੈ। ਇਸ ਲਈ ਮੇਰੀ ਜਿੰਦਗੀ ਵਿਚ ਅਰਾਮ ਤੇ ਦੁਨਿਆਵੀ ਖਾਹਿਸ਼ਾਂ ਵਾਸਤੇ ਕੋਈ ਖਿੱਚ ਨਹੀਂ ਹੈ।… ਆਸ ਹੈ ਤੁਸੀਂ ਮੈਨੂੰ ਮੁਆਫ ਕਰੋਗੇ।

ਸੰਨ 1924 ਵਿਚ ਜੈਤੋ ਦਾ ਮੋਰਚਾ ਲੱਗ ਚੁੱਕਿਆ ਸੀ। ਸ਼ਹੀਦੀ ਜਥੇ ਜੈਤੋ ਨੂੰ ਜਾ ਰਹੇ ਸਨ। ਉਸ ਸਮੇਂ ਅੰਗਰੇਜੀ ਸਰਕਾਰ ਨੇ ਐਲਾਨ ਕੀਤਾ ਹੋਇਆ ਸੀ ਕਿ ਜਥੇ ਨੂੰ ਕੋਈ ਪਾਣੀ ਤੱਕ ਨਾ ਪਿਆਵੇ। ਸਰਕਾਰ ਦੀ ਇਸ ਵੰਗਾਰ ਨੂੰ ਕਬੂਲ ਕਰਦੇ ਹੋਏ ਭਗਤ ਸਿੰਘ 13ਵੇਂ ਸ਼ਹੀਦੀ ਜਥੇ ਨੂੰ ਆਪਣੇ ਪਿੰਡ ਬੰਗੇ ਲਿਆਏ। ਪੁਲਿਸ ਦੀ ਨਾਕਾਬੰਦੀ ਹੁੰਦੇ ਹੋਏ ਵੀ ਜਥੇ ਨੂੰ ਲੰਗਰ ਛਕਾਇਆ ਜੋ ਕਿ ਪਹਿਲਾਂ ਹੀ ਕਮਾਦਾਂ ਵਿਚ ਰੱਖਿਆ ਹੋਇਆ ਸੀ। ਇਸ ਕਾਰਵਾਈ ਸਦਕਾ ਭਗਤ ਸਿੰਘ ਦੇ ਪੁਲਿਸ ਵਾਰੰਟ ਨਿੱਕਲ ਗਏ।

ਪਿਤਾ ਕਿਸ਼ਨ ਸਿੰਘ ਨੇ ਭਗਤ ਸਿੰਘ ਨੂੰ ਹੁਣ ਆਪ ਕਾਨ੍ਹਪੁਰ ਭੇਜ ਦਿੱਤਾ ਤਾਂ ਜੋ 6 ਮਹੀਨੇ ਦੀ ਮਿਆਦ ਪੁੱਗ ਜਾਵੇ। ਇਹ ਭਗਤ ਸਿੰਘ ਵਾਸਤੇ ਆਪਣੇ ਇਨਕਲਾਬੀ ਸਾਥੀਆਂ ਨਾਲ ਸਬੰਧ ਪੱਕੇ ਕਰਨ ਦਾ ਸੁਨਹਿਰੀ ਮੌਕਾ ਸੀ। ਜਦੋਂ 30 ਅਕਤੂਬਰ 1928 ਨੂੰ ਸਾਈਮਨ ਕਮਿਸ਼ਨ ਲਾਹੌਰ ਆਇਆ, ਇਸ ਕਮਿਸ਼ਨ ਨੇ ਭਾਰਤ ਦਾ ਦੌਰਾ ਕਰਕੇ ਇੰਗਲੈਂਡ ਦੀ ਸਰਕਾਰ ਅੱਗੇ ਇਹ ਤਜ਼ਵੀਜਾਂ ਪੇਸ਼ ਕਰਨੀਆਂ ਸਨ ਕਿ ਭਾਰਤ ਅੰਦਰ ਕਿਹੋ-ਜਿਹੇ ਸੁਧਾਰ ਕੀਤੇ ਜਾਣੇ ਚਾਹੀਦੇ ਹਨ। ਇਸ ਕਮਿਸ਼ਨ ਦੇ ਸਾਰੇ ਮੈਂਬਰ ਅੰਗਰੇਜ ਸਨ ਜਦੋਂਕਿ ਕਿਸੇ ਇੱਕ ਵੀ ਭਾਰਤੀ ਮੈਂਬਰ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਉਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਰਬਸੰਮਤੀ ਨਾਲ ਇਸ ਕਮਿਸ਼ਨ ਦਾ ਵਿਰੋਧ ਕਰਨ ਲਈ ਲਾਲਾ ਲਾਜਪਤ ਰਾਏ ਦੀ ਅਗਵਾਈ ਵਿਚ ਇੱਕ ਜਲੂਸ ਕੱਢ ਕੇ ਇਸ ਕਮਿਸ਼ਨ ਨੂੰ ਕਾਲੀਆਂ ਝੰਡੀਆਂ ਦਿਖਾਈਆਂ, ਤਾਂ ਉਸ ਸਮੇਂ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਵਿਚ ਲਾਲਾ ਲਾਜਪਤ ਰਾਏ ਗੰਭੀਰ ਜਖ਼ਮੀ ਹੋ ਗਏ ਤੇ 19 ਨਵੰਬਰ 1928 ਨੂੰ ਉਨਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਸਾਰੇ ਮੁਲਕ ਵਿਚ ਗੁੱਸੇ ਦੀ ਇੱਕ ਲਹਿਰ ਦੌੜ ਗਈ। ਉਸ ਸਮੇਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਇਸ ਘਟਨਾ ਦਾ ਸਪੱਸ਼ਟ ਜਵਾਬ ਦੇਣ ਦਾ ਫੈਸਲਾ ਕਰ ਲਿਆ।

ਲਾਲਾ ਲਾਜਪਤ ਰਾਏ ਦੀ ਮੌਤ ਤੋਂ ਠੀਕ ਇੱਕ ਮਹੀਨਾ ਮਗਰੋਂ ਭਗਤ ਸਿੰਘ ਤੇ ਰਾਜਗੁਰੂ ਨੇ ਲਾਹੌਰ ਪੁਲਿਸ ਦੇ ਕੇਂਦਰੀ ਦਫਤਰ ਦੇ ਸਾਹਮਣੇ ਡੀਐਸਪੀ ਸਾਂਡਰਸ ਨੂੰ ਗੋਲੀ ਨਾਲ ਉਡਾ ਦਿੱਤਾ। ਮਾਰਨ ਦੀ ਸਕੀਮ ਪੁਲਿਸ ਦੇ ਐਸਪੀ ਸਕਾਟ ਨੂੰ ਸੀ, ਪਰ ਗਲਤੀ ਨਾਲ ਸਾਂਡਰਸ ਨੂੰ ਸਕਾਟ ਸਮਝ ਕੇ ਗੋਲੀ ਮਾਰ ਦਿੱਤੀ ਗਈ। ਪਰੰਤੂ ਬਾਅਦ ਵਿਚ ਪਤਾ ਲੱਗਾ ਕਿ ਲਾਲਾ ਲਾਜਪਤ ਰਾਏ ਦੀ ਮੌਤ ਇਸੇ ਸਾਂਡਰਸ ਦੀ ਡਾਂਗ ਨਾਲ ਹੋਈ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਅਗਵਾਈ ਵਿਚ ਬਰਤਾਨਵੀ ਹਕੂਮਤ ਤੇ ਨਾਲੋ-ਨਾਲ ਹਿੰਦਵਾਸੀਆਂ ਨੂੰ ਵੀ ਜਗਾਉਣ ਲਈ ਅਸੰਬਲੀ ਵਿਚ ਬੰਬ ਧਮਾਕੇ ਦੀ ਯੋਜਨਾ ਬਣਾ ਲਈ, ਪਰੰਤੂ ਸ੍ਰ: ਭਗਤ ਸਿੰਘ ਉਸ ਸਮੇਂ ਇਹ ਵੀ ਚਾਹੁੰਦੇ ਸਨ ਕਿ ਇਸ ਵਿਚ ਕੋਈ ਖੂਨ-ਖਰਾਬਾ ਨਾ ਹੋਵੇ।

ਅਸੰਬਲੀ ਵਿਚ ਬੰਬ ਸੁੱਟਣ ਲਈ ਚੁਣੇ ਗਏ ਨਾਵਾਂ ਵਿਚ ਪਹਿਲਾਂ ਭਗਤ ਸਿੰਘ ਨੂੰ ਨਹੀਂ ਸੀ ਚੁਣਿਆ ਗਿਆ। ਦਲ ਦੇ ਬਹੁਗਿਣਤੀ ਆਗੂਆਂ ਦੀ ਗਿਣਤੀ ਉਨ੍ਹਾਂ ਨੂੰ ਭਵਿੱਖ ਦੇ ਜਹੀਨ ਆਗੂ ਦੇ ਤੌਰ ’ਤੇ ਬਚਾ ਕੇ ਰੱਖਣ ਦੇ ਹੱਕ ਵਿਚ ਸੀ। ਪਰ ਭਗਤ ਸਿੰਘ ਦੇ ਪਰਮ ਪਿਆਰੇ ਸਾਥੀ ਸੁਖਦੇਵ ਦੇ ਮਿਹਣਿਆਂ ਕਰਕੇ ਭਗਤ ਸਿੰਘ ਨੇ ਖੁਦ ਆਪਣਾ ਨਾਂਅ ਵਿਚ ਸ਼ਾਮਲ ਕਰ ਲਿਆ। ਅਸੰਬਲੀ ਵਿਚ ਬੰਬ ਸੁੱਟਣ ਲਈ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਦਾ ਨਾਂਅ ਚੁਣਿਆ ਗਿਆ। ਚੁਣੀ ਗਈ ਯੋਜਨਾ ਦੇ ਅਨੁਸਾਰ 8 ਅਪਰੈਲ 1929 ਨੂੰ ਕੇਂਦਰੀ ਅਸੰਬਲੀ ਵਿਚ ਇਨ੍ਹਾਂ ਦੋਵਾਂ ਨੇ ਇੱਕ ਖਾਲੀ ਥਾਂ ’ਤੇ ਬੰਬ ਸੁੱਟ ਦਿੱਤਾ। ਉਸ ਸਮੇਂ ਪੂਰਾ ਹਾਲ ਧੂੰਏਂ ਨਾਲ ਭਰ ਗਿਆ, ਉਹ ਚਾਹੁੰਦੇ ਤਾਂ ਉਥੋਂ ਭੱਜ ਸਕਦੇ ਸਨ। ਪਰ ਉਨ੍ਹਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਨ੍ਹਾਂ ਨੂੰ ਫਾਂਸੀ ਕਬੂਲ ਹੈ।

ਇਸ ਲਈ ਉਨ੍ਹਾਂ ਨੇ ਨਾ ਭੱਜਣ ਦਾ ਫੈਸਲਾ ਪਹਿਲਾਂ ਕੀ ਕਰ ਰੱਖਿਆ ਸੀ। ਬੰਬ ਫਟਣ ਤੋਂ ਬਾਅਦ ਉਨ੍ਹਾਂ ਦੋਨਾਂ ਨੇ ‘ਇਨਕਲਾਬ ਜਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਹੀ ਪੁਲਿਸ ਨੇ ਉਨਾਂ ਨੂੰ ਗ੍ਰਿਫਤਾਰ ਕਰ ਲਿਆ। ਭਗਤ ਸਿੰਘ ਦਾ ਜੇਲ੍ਹ ਅੰਦਰਲਾ ਸਮਾਂ ਜਿੱਥੇ, ਇਨਕਲਾਬੀ ਸੋਚਾਂ ਤੇ ਸਰਗਰਮੀਆਂ ਦੇ ਰੁਝੇਂਵਿਆਂ ਨਾਲ ਭਰਪੂਰ ਸੀ, ਉੱਥੇ ਉਸ ਨੂੰ ਆਪਣੀ ਫਾਂਸੀ ਵਾਲੇ ਦਿਨ ਦੀ ਚਾਅ ਨਾਲ ਉਡੀਕ ਸੀ। 23 ਮਾਰਚ 1931 ਨੂੰ ਉਹ ਦਿਨ ਆ ਗਿਆ ਜਿਸ ਦਾ ਕੌਮੀ ਸੰਗਰਾਮ ਅਤੇ ਇਨਕਲਾਬੀ ਲਹਿਰ ਦੇ ਸਿਰਤਾਜ ਸ਼ਹੀਦ ਭਗਤ ਸਿੰਘ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।

ਬਰਤਾਨਵੀ ਸਰਕਾਰ ਨੇ ਭਗਤ ਸਿੰਘ ਅਤੇ ਦੋ ਹਰ ਕ੍ਰਾਂਤੀਕਾਰੀਆਂ ਰਾਜਗੁਰੂ?ਅਤੇ ਸੁਖਦੇਵ ਨੂੰ?ਫਾਂਸੀ ’ਤੇ ਚੜ੍ਹਾ ਦਿੱਤਾ। ਆਪਣੀ ਸਾਢੇ 23 ਸਾਲ ਦੀ ਛੋਟੀ ਉਮਰੇ ਹੀ ਭਗਤ ਸਿੰਘ ਦੇਸ਼ ਤੇ ਸਮਾਜ ਵਾਸਤੇ ਅਜਿਹੇ ਕਾਰਨਾਮੇ ਕਰ ਗਿਆ ਜੋ ਹਿੰਦੋਸਤਾਨ ਦੇ ਇਤਿਹਾਸ ਵਿਚ ਰਹਿੰਦੀ ਦੁਨੀਆਂ ਤੱਕ ਯਾਦ ਕੀਤੇ ਜਾਣਗੇ। ਆਪਣੀ ਉਮਰ ਦੇ ਆਖਰੀ ਚਾਰ ਸਾਲਾਂ ਵਿਚ ਉਸ ਸੂਰਬੀਰ ਯੋਧੇ ਨੇ 2 ਸਾਲ ਜੇਲ੍ਹ ਵਿਚ ਗੁਜਾਰੇ ਤੇ ਦੋ ਦਹਾਕਿਆਂ ਦਾ ਕੰਮ ਉਹ ਇਨ੍ਹਾਂ ਦੋ ਸਾਲਾਂ ਵਿਚ ਕਰ ਗਿਆ।

ਦੇਸ਼ ਨੂੰ ਅੰਗਰੇਜਾਂ ਦੀ ਗੁਲਾਮੀ ਤੋਂ ਅਜਾਦ ਕਰਾਉਣ ਦਾ ਉਸ ਦਾ ਨਜਰੀਆ ਕੁਝ ਵੱਖਰਾ ਸੀ। ਸ੍ਰ. ਭਗਤ ਸਿੰਘ ਦੇਸ਼ ਵਾਸੀਆਂ ਲਈ ਸੰਪਰੂਨ ਅਜਾਦੀ, ਭਾਵ ਐਸੀ ਅਜਾਦੀ ਜਿਸ ਵਿਚ ਅਮੀਰ ਤੇ ਗਰੀਬ ਵਿਚ ਕੋਈ ਪਾੜਾ ਨਾ ਹੋਵੇ, ਤੇ ਨਾ ਹੀ ਕਿਸੇ ਦੇ ਹੱਕ ਖੋਹੇ ਜਾਣ ਵਾਲੀ ਅਜਾਦੀ ਦਾ ਉਹ ਮੁਰੀਦ ਸੀ। ਉਸਦੇ ਵਿਚਾਰਾਂ ਦਾ ਰੰਗ ਬਲਦੇ ਸੂਰਜ ਵਰਗਾ, ਤੇਜ ਧੁੱਪ, ਸ਼ੁੱਧ ਲਾਲ ਤੇ ਮੀਂਹ ਦੀ ਕਣੀ ਵਰਗਾ ਸਾਫ ਸੀ। ਉਹ ਸਾਰੇ ਹੀਲੇ ਫੇਲ੍ਹ ਹੋਣ ’ਤੇ ਹਥਿਆਰ ਉਠਾਉਣ ਨੂੰ ਜਾਇਜ ਸਮਝਦਾ ਸੀ। ਪਰ ਅਫਸੋਸ ਇਸ ਗੱਲ ਦਾ ਹੈ ਕਿ ਉਸ ਮਹਾਨ ਸੂਰਬੀਰ ਯੋਧ ਦੇ ਸੁਫ਼ਨਿਆਂ ਨੂੰ ਸਾਡੇ ਅੱਜ ਦੇ ਸਿਆਸੀ ਨੇਤਾਵਾਂ ਨੇ ਕਦੇ ਦੇਖਣ ਦੀ ਜਰਾ ਜਿੰਨੀ ਵੀ ਕੋਸ਼ਿਸ਼ ਨਹੀਂ ਕੀਤੀ।

ਜਿਸ ਅਜਾਦੀ ਲਈ ਉਸ ਮਹਾਨ ਕ੍ਰਾਂਤੀਕਾਰੀ ਨੇ ਘਾਲਣਾ ਘਾਲੀ, ਆਪਣੇ ਪਰਿਵਾਰਕ ਤੇ ਸਰੀਰਕ ਸੁਖ ਦਾ ਤਿਆਗ ਕਰਕੇ ਦੇਸ਼ ਤੇ ਸਮਾਜ ਦੇ ਭਲੇ ਵਾਸਤੇ ਉਸ ਨੇ ਹੱਸਦੇ-ਹੱਸਦੇ ਫਾਂਸੀ ਨੂੰ ਕਬੂਲ ਕੀਤਾ, ਉਹ ਅਜਾਦੀ ਤਾਂ ਸਿਆਸਤ ਅਤੇ ਸੱਤਾ ਪ੍ਰਾਪਤੀ ਦੀ ਲਾਲਸਾ ਵਿਚ ਸੰਨ 15 ਅਗਸਤ 1947 ਵੇਲੇ ਦੇਸ਼ ਦੇ ਅਜਾਦ ਹੋਣ ਸਮੇਂ ਹੀ ਦਫਨ ਹੋ ਗਈ। ਘੱਟ ਗਿਣਤੀ ਕੌਮਾਂ ਅਤੇ ਮਿਹਨਤਕਸ਼ ਮਜ਼ਦੂਰ ਤਾਂ ਪਹਿਲਾਂ ਦੀ ਤਰ੍ਹਾਂ ਗੁਲਾਮ ਹੀ ਰਹਿ ਗਏ। ਅਮੀਰ ਤੇ ਗਰੀਬ ਦਾ ਫਾਸਲਾ ਤਾਂ ਪਹਿਲਾਂ ਨਾਲੋਂ ਵੀ ਤੇਜ ਵੇਗ ਨਾਲ ਵਧਣ ਲੱਗ ਪਿਆ।

ਜੋ ਅੱਜ ਤੱਕ ਨਿਰੰਤਰ ਜਾਰੀ ਹੈ। ਸ਼ਹੀਦ ਸ੍ਰ: ਭਗਤ ਸਿੰਘ ਦੇ ਸੁਫ਼ਨਿਆਂ ਦੀ ਅਸਲ ਭਾਰਤ ਦੀ ਤਸਵੀਰ ਤਾਂ ਬਿਲਕੁਲ ਹੀ ਬਦਲ ਗਈ। ਉਸ ਮਹਾਨ ਸ਼ਹੀਦ ਦੇ ਸੁਫ਼ਨਿਆਂ ਦਾ ਭਾਰਤ ਹੁਣ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਅਨਿਆਂ, ਲੁੱਟਾਂ-ਖੋਹਾਂ, ਦੁਰਾਚਾਰ, ਕੰਨਿਆ ਭਰੂਣ ਹੱਤਿਆ, ਬੇਰੁਜ਼ਗਾਰੀ, ਨਸ਼ੇ ਦੀ ਮਾਰ ਆਦਿਕ ਸਾਰੀਆਂ ਕੁਰੀਤੀਆਂ ਦਾ ਸ਼ਿਕਾਰ ਹੋ ਗਿਆ ਹੈ। ਅੱਜ ਲੋੜ ਹੈ ਕਿ ਮਹਾਨ ਸੂਰਬੀਰ ਸ਼ਹੀਦ ਭਗਤ ਸਿੰਘ ਨੂੰ ਨੌਜਵਾਨਾਂ ਲਈ ਆਦਰਸ਼ ਬਣਾਉਣ ਲਈ ਯਤਨ ਹੋਣ, ਤਾਂ ਜੋ ਨਸ਼ੇ ਵਰਗੀਆਂ ਹੋਰ ਵੀ ਭੈੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਚੁੱਕੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲ ਸਕੇ ਤੇ ਉਨ੍ਹਾਂ ਦੇ ਦਿਲਾਂ ਅੰਦਰ ਨਰੋਏ ਸਮਾਜ ਦੀ ਸਿਰਜਣਾ ਲਈ ਬਸੰਤੀ ਚੋਲੇ ਰੰਗਾਉਣ ਦੀ ਤਾਂਘ ਪੈਦਾ ਹੋਵੇ।
ਪ੍ਰਤੀਨਿਧ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
ਮੋ. 98726-00923
ਮੇਵਾ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.