ਬੜੇ ਪਜਾਮੇ ਪੜਾਏ ਸਨ ਇਉਂ ਸਾਈਕਲ ਚਲਾਉਂਦਿਆਂ
ਬਚਪਨ ਵਾਕਿਆ ਹੀ ਬਾਦਸਾਹ ਹੁੰਦੈ ਨਾ ਚੜ੍ਹੀ ਦੀ ਨਾ ਲੱਥੀ ਦੀ ਹੁੰਦੀ ਸੀ। ਜੇਕਰ ਕੁੱਝ ਯਾਦ ਹੈ ਤਾਂ ਉਹ ਹੈ ਸਿਰਫ ਆਪਣੀ ਅੜੀ ਪੁਗਾਉਣੀ। ਜੋ ਵੀ ਮੂੰਹੋਂ ਕੱਢਣਾ ਮਾਪਿਆਂ ਤੋਂ ਮਨਵਾ ਕੇ ਹੀ ਛੱਡਣਾ।
ਬੱਚਿਆਂ ਨੂੰ ਰੱਬ ਦਾ ਰੂਪ ਹੀ ਸਮਝਿਆ ਜਾਂਦਾ ਹੈ। ਮਿੱਟੀ ਵਿਚ ਖੇਡਣਾ, ਉੱਚੀ-ਉੱਚੀ ਰੋਣਾ ਵੀ ਹੱਸਣਾ, ਲਿਟਣਾ ਵੀ, ਕੋਈ ਕੁੱਝ ਵੀ ਨਹੀਂ ਸੀ ਕਹਿੰਦਾ ਛੋਟੇ ਹੁੰਦਿਆਂ ਨੂੰ। ਲੱਕੜ ਦੇ ਗਡੀਰਿਆਂ ਨਾਲ ਸਾਰੀ-ਸਾਰੀ ਦਿਹਾੜੀ ਖੇਡੀ ਜਾਣਾ, ਜੋ ਪਿੰਡ, ਕਦੇ-ਕਦੇ ਭਾਪੇ ਜਾਂ ਦਾਦੇ ਨੇ ਪਿੰਡ ਦੇ ਤਰਖਾਣ ਤੋਂ ਗੁੱਲੀ ਡੰਡਾ ਘੜਵਾ ਕੇ ਲਿਆ ਦੇਣਾ ਸਾਰੀ ਦਿਹਾੜੀ ਖੇਡਦਿਆਂ ਨੇ ਕਦੇ ਨਾ ਥੱਕਣਾ ਤੇ ਕਦੇ ਨਾ ਅੱਕਣਾ। ਸਾਈਕਲ ਦੇ ਪੁਰਾਣੇ ਟਾਇਰਾਂ ਨੂੰ ਸਾਰੀ-ਸਾਰੀ ਦਿਹਾੜੀ ਦਬੱਲੀ ਫਿਰਨਾ। ਕੱਚ ਦੇ ਬੰਟਿਆਂ ਦੀਆਂ ਕਈ ਖੇਡਾਂ ਹੁੰਦੀਆਂ ਸਨ ਜੋ ਖੇਡਦੇ ਰਹਿਣਾ। ਚਾਦਰ ਖੇਸੀਆਂ, ਜੋ ਸਿਆਲਾਂ ’ਚ ਉੱਤੇ ਲੈਂਦੇ ਸਾਂ, ਉਹ ਵੀ ਕਈ ਵਾਰ ਉੱਥੇ ਖੇਡਦਿਆਂ-ਖੇਡਦਿਆਂ ਭੁੱਲ ਆਉਣੇ ਤੇ ਬਾਪੂ ਨੇ ਝਿੜਕਣਾ ਤੇ ਮਾਂ ਨੇ ਬਚਾ ਲੈਣਾ।
ਇਸੇ ਤਰ੍ਹਾਂ ਜਦੋਂ ਥੋੜ੍ਹੇ ਜਿਹੇ ਉਡਾਰ ਹੋਏ ਤਾਂ ਫਿਰ ਸਾਈਕਲ ਨਾਲ ਪੰਗੇ ਲੈਣੇ ਕਦੇ-ਕਦੇ ਸਾਈਕਲ ਦੀ ਚੈਨ ਵਿਚ ਉਂਗਲਾਂ ਵੀ ਫਸਾ ਲੈਣੀਆਂ ਫਿਰ ਚੀਕਾਂ ਵੀ ਚੌਥੇ ਘਰੇ ਸੁਣਨੀਆਂ ਆਂਢੀਆਂ-ਗੁਆਂਢੀਆਂ ਨੇ ਭੱਜੇ ਆਉਣਾ ਕਿ ਕੀ ਹੋ ਗਿਆ ਚਾਚੀਆਂ-ਤਾਈਆਂ ਨੂੰ ਚਿੰਬੜ ਜਾਣਾ ਤੇ ਰੋਣਾ ਵੀ ਪਹਿਲਾਂ ਨਾਲੋਂ ਜ਼ਿਆਦਾ ਉੱਚਾ ਤਾਂ ਕਿ ਹੁਣ ਮਾਂ, ਦਾਦੀ, ਭਾਪਾ ਕੁੱਟਣ ਨਾ, ਘੂਰਨ ਨਾ। ਵਾਕਿਆ ਹੀ ਬਾਦਸ਼ਾਹੀ ਵੀ ਉਹੀ ਸਿਖਰਾਂ ’ਤੇ ਹੁੰਦੀ ਸੀ। ਕੈਂਚੀ ਸਾਈਕਲ ਚਲਾਉਣ ਦੀ ਜਿੱਦ ਵੀ ਬੜੀ ਭੈੜੀ ਸੀ ਬੇਸ਼ੱਕ ਭਾਪੇ ਨੇ ਘੂਰਨਾ ਪਰ ਕੰਮ ਉਹੀ ਕਰਨਾ ਜਿਹੜੇ ਵੱਲੋਂ ਵਰਜਿਆ ਜਾਂਦਾ ਸੀ ਤੇ ਕਰਨਾ ਵੀ ਜ਼ਰੂਰ ਸੀ।
ਕਦੇ-ਕਦੇ ਫਿਰ ਅੱਕ ਕੇ ਸਾਈਕਲ ਘਰਦਿਆਂ ਨੇ ਫੜਾ ਦੇਣਾ ਤੇ ਫਿਰ ਲੋਟਣੀਆਂ ਵੀ ਬਹੁਤ ਲੱਗਦੀਆਂ ਸਨ। ਕਿਉਂਕਿ ਤਜ਼ਰਬੇ ਤੋਂ ਬਿਨਾਂ ਕੋਈ ਕੰਮ ਕਰਾਂਗੇ ਤਾਂ ਸੱਟਾਂ ਹੀ ਵੱਜਣਗੀਆਂ। ਜਦੋਂ ਜਿੱਦ ਕਰਨੀ ਤਾਂ ਫਿਰ ਭਾਪੇ ਨੇ, ਚਾਚੇ ਨੇ, ਤਾਏ ਜਾਂ ਦਾਦੇ ਨੇ ਕੈਂਚੀ ਸਾਈਕਲ ਸਿਖਾਉਣ ਦੀ ਕੋਸ਼ਿਸ਼ ਵੀ ਕਰਨੀ। ਪਰ ਜਲਦੀ ਡਿੱਗ ਪੈਣਾ ਜਾਂ ਸਾਈਕਲ ਦੀ ਚੈਨ ’ਚ ਪਜਾਮਾ ਆ ਜਾਣਾ, ਕਾਲਾ ਹੋ ਜਾਣਾ, ਕਦੇ-ਕਦੇ ਪਾਟ ਵੀ ਜਾਂਦਾ ਸੀ। ਕਈਆਂ ਨੇ ਤਾਂ ਐਨੀ ਜਲਦੀ ਸਾਈਕਲ ਸਿੱਖ ਲੈਣਾ ਪਿੱਛੋਂ ਕਿਸੇ ਸਿਆਣੇ ਨੇ ਸਾਈਕਲ ਫੜ ਲੈਣਾ ਸਿਖਾਂਦਰੂ ਨੂੰ ਉੱਤੇ ਚੜ੍ਹਾ ਕੇ ਛੱਡ ਦਿੰਦਾ ਤੇ ਦੂਰ ਤੱਕ ਪੈਡਲ ਮਾਰ-ਮਾਰ ਕੇ ਚਲਾਈ ਜਾਣਾ ਉੱਤਰਨਾ ਆਉਂਦਾ ਨਹੀਂ ਸੀ ਤੇ ਅਗਲੇ ਪਾਸੇ ਜਾ ਕੇ ਡਿੱਗ ਪੈਣਾ। ਫਿਰ ਆਪਣੇ-ਆਪ ਤਾਂ ਚੜਿ੍ਹਆ ਨਹੀਂ ਸੀ ਜਾਂਦਾ ਵਾਪਸ ਉੱਥੋਂ ਤੱਕ ਜਿੱਥੋਂ ਤੁਰੇ ਸਾਂ ਤੁਰਕੇ ਹੀ ਆਉਣਾ।
ਇਸੇ ਤਰ੍ਹਾਂ ਦੋ-ਚਾਰ ਵਾਰ ਕਰਨ ਦੇ ਨਾਲ ਕਈ ਤਾਂ ਪੱਕੇ ਪੈਰੀਂ ਹੋ ਜਾਂਦੇ ਭਾਵ ਸਿੱਖ ਲੈਂਦੇ ਤੇ ਕਈ ਦੋ-ਦੋ ਮਹੀਨੇ ਇਸੇ ਆਵਾਜਾਈ ਵਿਚ ਹੀ ਪਜਾਮੇ ਪੜਾਈ ਜਾਂਦੇ। ਸਮੇਂ ਬਹੁਤ ਚੰਗੇ ਸੀ, ਕੋਈ ਵੀ ਵਡੇਰੀ ਉਮਰ ਦੇ ਚਾਚੇ, ਤਾਏ, ਦਾਦੇ ਜਾਂ ਪਿਓ ਅੱਕਦੇ-ਥੱਕਦੇ ਨਹੀਂ ਸਨ, ਸਮੇਂ ਸਭ ਕੋਲ ਖੁੱਲੇ੍ਹ ਸਨ। ਪਹਿਲਾਂ ਕੈਂਚੀ, ਫਿਰ ਡੰਡੇ ਭਾਵ ਫਰੇਮ ਤੇ ਬਾਅਦ ਵਿੱਚ ਕਾਠੀ ’ਤੇ ਸਾਈਕਲ ਚਲਾਉਣਾ ਸਿੱਖਣਾ। ਬਾਈ ਇੰਚੀ ਵਾਲੇ ਸਾਈਕਲ ਦੀ ਕਾਠੀ ਫਰੇਮ ’ਤੇ ਕੱਸਕੇ ਉਸ ਨੂੰ ਵੀਹ ਇੰਚੀ ਵੀ ਬਣਾ ਲਈਦਾ ਸੀ ਨੀਵੇਂ ਸਾਈਕਲ ’ਤੇ ਸਿੱਖਣਾ ਅਸਾਨ ਕਰਕੇ ਕਾਠੀ ਨੀਵੀਂ ਕਰ ਲੈਣੀ।ਪਰ ਸੱਟਾਂ ਬਹੁਤ ਖਾਂਦੇ।
ਸੋ ਗੱਲ ਤਾਂ ਓਹੀ ਹੈ ਕਿ ਸਮੇਂ-ਸਮੇਂ ਦੀ ਹੀ ਹੈ, ਅੱਜ ਜਦੋਂ ਉਹ ਵੇਲੇ ਯਾਦ ਕਰਦੇ ਹਾਂ ਤਾਂ ਬਹੁਤ ਹਾਸਾ ਆਉਂਦਾ ਹੈ ਕਿ ਵਾਕਿਆ ਹੀ ਬਚਪਨ ਬਾਦਸ਼ਾਹ ਹੁੰਦਾ ਹੈ। ਹੁਣ ਆਪਾਂ ਪੁੱਤ-ਪੋਤਿਆਂ, ਦੋਹਤਿਆਂ ਵਾਲੇ ਹੋ ਗਏ ਹਾਂ। ਅਜੋਕੇ ਸਮਿਆਂ ਵਿੱਚ ਉਂਜ ਤਾਂ ਸਮਾਂ ਹੀ ਬਹੁਤ ਅਗਾਂਹਵਧੂ ਆ ਗਿਆ ਹੈ ਕਿ ਕੋਈ ਸਾਈਕਲ ਚਲਾਉਣ ਨੂੰ ਚੰਗਾ ਈ ਨਹੀਂ ਸਮਝਦਾ ਕਿਉਂਕਿ ਬਾਈਕ ਸਕੂਟਰੀ ਤੇ ਹੋਰ ਪਤਾ ਨਹੀਂ ਕੀ-ਕੀ ਚੱਲ ਪਿਆ ਹੈ, ਪਰ ਜੇ ਕੋਈ ਸਿੱਖਣ ਜਾਂ ਸਿਖਾਉਣ ਲਈ ਪੋਤਾ-ਪੋਤੀ ਜਾਂ ਦੋਹਤਾ-ਦੋਹਤੀ ਕਹਿੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਬਚਪਨ ਵਿੱਚ ਜਰੂਰ ਪਹੁੰਚ ਜਾਂਦੇ ਹਾਂ। ਸੋ ਸਮੇਂ ਦਾ ਚੱਕਰ ਸਦਾ ਚੱਲਦਾ ਰਹਿਣਾ ਹੈ, ਪਰ ਬਚਪਨ ਨੂੰ ਕਦੇ-ਕਦੇ ਯਾਦ ਕਰ ਲੈਣਾ ਚਾਹੀਦਾ ਹੈ
ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.