ਦੀਪੂ ਦੀ ਵਾਪਸੀ
ਦਪਿੰਦਰ ਸਕੂਲੋਂ ਆ ਕੇ ਸਾਰਾ ਦਿਨ ਚਿੜੀਆਂ ਫੜ੍ਹਦਾ ਰਹਿੰਦਾ ਸੀ ਉਸ ਦਾ ਚਿੜੀਆਂ ਫੜ੍ਹਨ ਦਾ ਢੰਗ ਬੜਾ ਅਨੋਖਾ ਸੀ ਉਹ ਇੱਕ ਫੁੱਟ ਕੁ ਲੰਮਾ ਕਾਨਾ ਟੋਕਰੀ ਦੇ ਇੱਕ ਸਿਰੇ ਹੇਠ ਲਾ ਕੇ ਟੋਕਰੀ ਟੇਢੀ ਜਿਹੀ ਕਰਕੇ ਖੜ੍ਹੀ ਕਰ ਲੈਂਦਾ ਫਿਰ ਕਾਨੇ ਨਾਲ ਇੱਕ ਲੰਬੀ ਰੱਸੀ ਬੰਨ੍ਹ ਕੇ ਦੂਰ ਮੰਜੇ ਉਹਲੇ ਲੁਕ ਕੇ ਬੈਠ ਜਾਂਦਾ ਟੋਕਰੇ ਹੇਠਾਂ ਕਣਕ ਦੇ ਦਾਣੇ ਖਿਲਾਰ ਲੈਂਦਾ ਜਦੋਂ ਕੋਈ ਚਿੜੀ ਜਾਂ ਚਿੜਾ ਟੋਕਰੀ ਥੱਲੇ ਦਾਣੇ ਚੁਗਣ ਲਈ ਆ ਕੇ ਬੈਠਦਾ ਤਾਂ ਦੀਪੂ ਤੜੱਕ ਰੱਸੀ ਖਿੱਚ ਦਿੰਦਾ ਇਸ ਤਰ੍ਹਾਂ ਕਾਨੇ ਦੇ ਆਸਰੇ ’ਤੇ ਖੜ੍ਹੀ ਟੋਕਰੀ ਥੱਲੇ ਡਿੱਗ ਪੈਂਦੀ ਤੇ ‘ਪੰਛੀ’ ਟੋਕਰੀ ਥੱਲੇ ਆ ਜਾਂਦਾ
ਫਿਰ ਉਹ ਟੋਕਰੀ ਉੱਤੇ ਇੱਕ ਚਾਦਰ ਵਿਛਾ ਕੇ ਟੋਕਰੀ ਚਾਰੇ ਪਾਸਿਓਂ ਚੰਗੀ ਤਰ੍ਹਾਂ ਨੱਪ ਲੈਂਦਾ ਤੇ ਫਿਰ ਟੋਕਰੀ ਇੱਕ ਪਾਸਿਓਂ ਥੋੜ੍ਹੀ ਜਿਹੀ ਉਤਾਂਹ ਚੁੱਕ ਕੇ ਟੋਕਰੀ ਵਿੱਚ ਬਾਂਹ ਪਾ ਕੇ ਚਿੜੀ ਜਾਂ ਚਿੜਾ ਫੜ੍ਹ ਲੈਂਦਾ ਤੇ ਇਸ ਤਰ੍ਹਾਂ ਚਿੜੀਆ ਫੜ੍ਹ-ਫੜ੍ਹ ਕੇ ਪਿੰਜਰੇ ਵਿੱਚ ਬੰਦ ਕਰੀ ਜਾਂਦਾ ਉਹ ਕਦੇ ਕਿਸੇ ਚਿੜੀ ਨੂੰ ਕਾਲਾ ਜਾਂ ਨੀਲਾ ਰੰਗ ਚਾੜ੍ਹ ਦਿੰਦਾ
ਕਦੇ ਕਿਸੇ ਚਿੜੀ ਜਾਂ ਚਿੜੇ ਦਾ ਪੂੰਝਾ ਪੁੱਟ ਸੁਟਦਾ ਕਦੇ ਕਿਸੇ ਪੰਛੀ ਦੇ ਪਰ ਕੱਟ ਦਿੰਦਾ ਕਦੇ ਕਿਸੇ ਚਿੜੀ ਜਾਂ ਚਿੜੇ ਦੀ ਲੱਤ ਨੂੰ ਰੱਸੀ ਬੰਨ੍ਹ ਕੇ ਉਡਾਉਣ ਲੱਗ ਜਾਂਦਾ ਇਸ ਤਰ੍ਹਾਂ ਬੇਵੱਸ ਤੇ ਲਾਚਾਰ ਪੰਛੀ ਹਰ ਰੋਜ਼ ਦੀਪੂ ਦੇ ਜ਼ੁਲਮ ਸਹਿੰਦੇ ਅਨਭੋਲ ਪੰਛੀ ਦੂਜੇ ਦਿਨ ਫਿਰ ਉਸਦੇ ਟੋਕਰੀ-ਜਾਲ ਵਿੱਚ ਫਸ ਜਾਂਦੇ ਉਹ ਫਿਰ ਚਿੜੀਆਂ ਨਾਲ ਉਹੀ ਭੈੜਾ ਸਲੂਕ ਕਰਦਾ ਕਈ ਵਾਰ ਤਾਂ ਉਸ ਦੇ ਜ਼ੁਲਮਾਂ ਦਾ ਸ਼ਿਕਾਰ ਵਿਚਾਰੀਆਂ ਭੋਲੀਆਂ ਚਿੜੀਆਂ ਦਮ ਹੀ ਤੋੜ ਦਿੰਦੀਆਂ ਸਨ
ਇਹ ਕਹਾਣੀ 1972-73 ਦੇ ਵਰਿ੍ਹਆਂ ਦੀ ਹੈ ਉਦੋਂ ਨਾ ਮੋਬਾਈਲ ਸਨ, ਨਾ ਟੈਲੀਵਿਜ਼ਨ ਦਾ ਜਮਾਨਾ ਸੀ ਬੱਚੇ ਦਾਦੀਆਂ-ਨਾਨੀਆਂ ਤੋਂ ਰਾਤੀਂ ਸੌਣ ਤੋਂ ਪਹਿਲਾਂ ਬਾਤਾਂ-ਕਹਾਣੀਆਂ ਸੁਣ ਕੇ ਆਪਣਾ ਮਨੋਰੰਜਨ ਕਰਿਆ ਕਰਦੇ ਸਨ ਉਦੋਂ ਦਪਿੰਦਰ ਉਰਫ਼ ਦੀਪੂ ਦੀ ਉਮਰ ਮਸੀਂ ਚੌਦਾਂ-ਪੰਦਰਾਂ ਵਰਿ੍ਹਆਂ ਦੀ ਹੋਵੇਗੀ ਉਹ ਬਾਤਾਂ-ਕਹਾਣੀਆਂ ਦਾ ਘੱਟ ਹੀ ਸ਼ੌਂਕ ਰੱਖਦਾ ਸੀ ਬੇਹੁਦਾ ਤੇ ਫਾਲਤੂ ਦੀਆਂ ਸ਼ਰਾਰਤਾਂ ਦਾ ਜਿਆਦਾ ਸ਼ੌਕੀਨ ਸੀ ਉਹ ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਸਕੂਲੋਂ ਘਰ ਆ ਕੇ ਉਹ ਪੜ੍ਹਾਈ ਉੱਕਾ ਹੀ ਨਾ ਕਰਦਾ ਹੋਮ-ਵਰਕ ਨਾ ਕਰਨ ਕਰਕੇ ਉਸਦੇ ਸਕੂਲੋਂ ਹਰ ਰੋਜ਼ ਮਾਰ ਪੈਂਦੀ ਸੀ ਮਾਸਟਰ ਜੀ ਡੰਡਿਆਂ ਨਾਲ ਉਸ ਦੀ ਖੂਬ ਮੁਰੰਮਤ ਕਰਦੇ ਪਰ ਢੀਠ ਤੇ ਜਿੱਦੀ ਮੁੰਡਾ ‘ਦੋ ਪਈਆਂ ਵਿੱਸਰ ਗਈਆਂ-ਸਦਕੇ ਮੇਰੀ ਢੂਈ’ ਦੇ ਕਹਾਵਤ ਮੁਤਾਬਕ ਝੱਟ ਹੀ ਕੁੱਟ ਭੁੱਲ ਜਾਂਦਾ ਤੇ ਫਿਰ ਮਨ ਆਈਆਂ ’ਤੇ ਉੱਤਰ ਆਉਂਦਾ
ਉਹਦਾ ਪਿਓ ਸੱਜਣ ਸਿੰਘ ਸੱਚਮੁੱਚ ਹੀ ਇੱਕ ਸੱਜਣ ਪੁਰਸ਼ ਸੀ ਸੁਭਾਅ ਦਾ ਬੀਬਾ ਆਦਮੀ ਸੀ ਉਹ ਸਾਰਾ ਦਿਨ ਖੇਤਾਂ ਵਿੱਚ ਮਿਹਨਤ ਮਜ਼ਦੂਰੀ ਕਰਦਾ ਖੇਤੀ ਦੇ ਧੰਦੇ ਵਿੱਚੋਂ ਆਪਣੇ ਪਰਿਵਾਰ ਦਾ ਪਾਲਣ-ਪੋਸਣ ਕਰ ਰਿਹਾ ਸੀ ਉਸ ਨੂੰ ਦੀਪੂ ’ਤੇ ਕੁਝ ਉਮੀਦ ਸੀ ਕਿ ਸ਼ਾਇਦ ਭਵਿੱਖ ਵਿੱਚ ਪੜ੍ਹ-ਲਿਖ ਕੇ ਕੁਝ ਬਣ ਜਾਵੇ! ਘਰ ਦੀ ਗਰੀਬੀ ਦੂਰ ਹੋ ਜਾਵੇ! ਪਰ ਦੀਪੂ ਬਾਪ ਨੂੰ ਆਪਣੀਆਂ ਉਮੀਦਾਂ ’ਤੇ ਪਾਣੀ ਹੀ ਫੇਰਦਾ ਨਜ਼ਰ ਆ ਰਿਹਾ ਸੀ! ….ਉਹਦੀ ਅਨਪੜ੍ਹ ਮਾਂ ਘਰ ਦੇ ਪਸ਼ੂ-ਡੰਗਰ ਸੰਭਾਲਦੀ ਜਾਂ ਆਪਣੇ ਪਤੀ ਸੱਜਣ ਸਿੰਘ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦੀ ਸੀ ਉਸ ਦੀ ਇੱਕ ਛੋਟੀ ਭੈਣ ਸੀ ਨਿੰਦਰ ਕੌਰ ਉਰਫ਼ ਨਿੰਦੀ, ਜੋ ਦੀਪੂ ਦੇ ਸਕੂਲ ਵਿੱਚ ਹੀ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ ਨਿੰਦੀ ਪੜ੍ਹਨ ਵਿੱਚ ਹੁਸ਼ਿਆਰ ਤੇ ਘਰ ਦੇ ਹਾਲਾਤਾਂ ਤੋਂ ਜਾਣੂ ਇੱਕ ਚੰਗੀ ਤੇ ਸਮਝਦਾਰ ਕੁੜੀ ਸੀ
ਦੀਪੂ ਸਭ ਕਾਸੇ ਤੋਂ ਬੇਪ੍ਰਵਾਹ ਆਪਣੀ ਅਵਾਰਾ ਦੁਨੀਆ ਵਿੱਚ ਮਸਤ ਰਹਿੰਦਾ ਸੀ ਉਹ ਸਕੂਲ ਨੂੰ ਆਉਣ-ਜਾਣ ਦੀ ਜ਼ਿੰਮੇਵਾਰੀ ਵਾਂਗ ਭੁਗਤਾ ਰਿਹਾ ਸੀ ਪੜ੍ਹਾਈ ਨਾਲ ਉਸਨੂੰ ਕੋਈ ਮਤਲਬ ਨਹੀਂ ਸੀ ਚਿੜੀਆਂ ਫੜਨੀਆਂ, ਬੰਟੇ ਖੇਡਣੇ, ਅਵਾਰਾ ਦੋਸਤਾਂ ਨਾਲ ਅਵਾਰਾਗਰਦੀ ਕਰਨੀ ਉਸ ਦੀ ਜ਼ਿੰਦਗੀ ਦਾ ਮਕਸਦ ਸੀ ਘਰੋਂ ਬਣਿਆ-ਬਣਾਇਆ ਲੰਗਰ ਛਕ ਲੈਣਾ ਤੇ ਭੁੱਖ ਲੱਗੀ ਤੋਂ ਫਿਰ ਛਾਬੇ ’ਚੋਂ ਰੋਟੀਆਂ ਭਾਲਣੀਆਂ ਉਸ ਦੀ ਜ਼ਿੰਦਗੀ ਦਾ ਮਕਸਦ ਰਹਿ ਗਿਆ ਸੀ ਛਾਬੇ ਵਿੱਚ ਰੋਟੀਆਂ ਤੇ ਚਾਟੀ ਵਿੱਚ ਲੱਸੀ ਕਿਵੇਂ ਆਉਂਦੀ ਹੈ?
ਇਸ ਨਾਲ ਉਸ ਨੂੰ ਕੋਈ ਮਤਲਬ ਨਹੀਂ ਸੀ ਉਸ ਦੇ ਦੋ ਪੱਕੇ ਮਿੱਤਰ ਸਨ ਹਰਪਾਲ ਤੇ ਨਿਰਮਲ ਹਰਪਾਲ ਚੰਗਾ ਪਰ ਨਿਰਮਲ ਬੇਹੱਦ ਨਲਾਇਕ ਤੇ ਨਿਕੰਮਾ ਹਰਪਾਲ ਨੂੰ ਸਾਰੇ ਪਾਲਾ ਕਹਿ ਕੇ ਬੁਲਾਉਂਦੇ ਸਨ ਉਹ ਜਦੋਂ ਕਦੇ ਦੀਪੂ ਦੇ ਘਰ ਆਉਂਦਾ ਤਾਂ ਦੀਪੂ ਨੂੰ ਪੁੱਠੇ ਕੰਮਾਂ ਵਿੱਚ ਲੱਗਿਆ ਵੇਖ ਕੇ ਸਮਝਾਉਂਦਾ, ‘‘ਦੀਪੂ ਮੇਰੇ ਯਾਰ, ਕਦੇ ਪੜ੍ਹਾਈ ਵੀ ਕਰ ਲਿਆ ਕਰ! ਸਾਰਾ ਦਿਨ ਚਿੜੀਆਂ ਹੀ ਫੜ੍ਹਦਾ ਰਹਿੰਦਾ ਏਂ ਜੇ ਥੋੜ੍ਹਾ ਵੀ ਮਨ ਲਗਾ ਕੇ ਪੜ੍ਹ ਲਿਆ ਕਰੇਂ ਤਾਂ ਸਕੂਲੋਂ ਹਰ ਰੋਜ਼ ਪਸ਼ੂਆਂ ਵਾਂਗ ਕੁੱਟ ਤਾਂ ਨਾ ਖਾਵੇਂ ?’’ ਪਰ ਦੀਪੂ ਪਾਲੇ ਦੀ ਗੱਲ ਨੂੰ ਭੋਰਾ ਨਾ ਗੌਲ਼ਦਾ ਸਗੋਂ ਉਸਦੀ ਕਹੀ ਹੋਈ ਕੀਮਤੀ ਗੱਲ ਨੂੰ ਹੱਸ ਕੇ ਮਜ਼ਾਕ ਵਿੱਚ ਟਾਲ ਦਿੰਦਾ ਮਾੜੀਆਂ ਦਲੀਲਾਂ ਦੇ ਕੇ ਪਾਲੇ ਨੂੰ ਵੀ ਆਪਣੇ ਨਾਲ ਹੀ ਗਲਤ ਕੰਮਾਂ ਵਿੱਚ ਲਾਉਣ ਦੀ ਕੋਸ਼ਿਸ਼ ਕਰਦਾ ਪਰ ਪਾਲਾ ਸਿਆਣਾ ਤੇ ਮਿਹਨਤੀ ਮੁੰਡਾ ਸੀ
ਉਹ ਚੰਗੀ-ਮਾੜੀ ਸੋਚ ਦੀ ਪਰਖ ਰੱਖਦਾ ਸੀ ਜਿੱਥੋਂ ਕਿਤੇ ਚੰਗੀ ਗੱਲ ਸਿੱਖਣ ਲਈ ਮਿਲਦੀ ਹਮੇਸ਼ਾ ਪੱਲੇ ਬੰਨ੍ਹ ਲੈਂਦਾ ਮਾੜੀ ਸੋਚ ਤੇ ਬੁਰੀ ਸੰਗਤ ਤੋਂ ਹਮੇਸ਼ਾ ਪਾਸਾ ਵੱਟ ਲੈਂਦਾ ਸੀ ਉਹ ਸਕੂਲੋਂ ਆ ਕੇ ਹਲਕਾ ਭੋਜਨ ਕਰਦਾ ਫਿਰ ਥੋੜ੍ਹਾ ਚਿਰ ਅਰਾਮ ਕਰਦਾ ਫਿਰ ਸਕੂਲੋਂ ਮਿਲਿਆ ਕੰਮ ਨਬੇੜ ਲੈਂਦਾ ਸਬਕ ਯਾਦ ਕਰ ਲੈਂਦਾ ਤੇ ਬਾਕੀ ਬਚਿਆ ਵਕਤ ਮਾਂ-ਪਿਓ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦਾ ਉਹ ਡਾਕ ਰਾਹੀਂ ਘਰ ਆਏ ਬਾਲ-ਸਾਹਿਤਕ ਰਸਾਲੇ ਪੜ੍ਹਦਾ ਉਸ ਦੇ ਪੜ੍ਹੇ-ਲਿਖੇ ਮਾਮਾ ਜੀ ਨੇ ਕੁਝ ਬਾਲ-ਸਾਹਿਤ ਦੇ ਰਸਾਲੇ ਉਸ ਦੇ ਜਨਮ ਦਿਨ ਮੌਕੇ ਉਸਦੇ ਨਾਂਅ ਜਾਰੀ ਕਰਵਾਏ ਸਨ ਉਂਜ ਵੀ ਉਸਦੇ ਮਾਮਾ ਜੀ ਜਦੋਂ ਆਉਂਦੇ ਸਨ ਤਾਂ ਕੁਝ ਚੰਗੀਆਂ ਕਿਤਾਬਾਂ ਪਾਲੇ ਵਾਸਤੇ ਲੈ ਆਉਂਦੇ ਸਨ
ਉਸ ਨੇ ਆਪਣੇ ਘਰ ਇੱਕ ਅਲਮਾਰੀ ਵਿੱਚ ਸਭ ਕਿਤਾਬਾਂ-ਰਸਾਲੇ ਸਾਂਭ ਰੱਖੇ ਸਨ ਆਪਣੀਆਂ ਸਕੂਲੀ ਕਿਤਾਬਾਂ ਤੋਂ ਇਲਾਵਾ ਉਸਦਾ ਜਦੋਂ ਮਨ ਕਰਦਾ ਆਪਣੀ ਇਸ ਛੋਟੀ ਜਿਹੀ ਲਾਇਬਰੇਰੀ ਵਿੱਚੋਂ ਕਿਤਾਬ ਲੈ ਕੇ ਪੜ੍ਹ ਲੈਂਦਾ ਸੀ ਇਉਂ ਉਹ ਸਕੂਲ ਦੀ ਪੜ੍ਹਾਈ ਤੋਂ ਇਲਾਵਾ ਵੀ ਆਪਣੀ ਮਾਨਸਿਕ ਤਿ੍ਰਪਤੀ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰਦਾ ਸੀ ਇੱਕ ਦਿਨ ਦੀਪੂ ਰੋਜ਼ ਵਾਂਗ ਚਿੜੀਆਂ ਫੜ੍ਹ ਰਿਹਾ ਸੀ ਪਾਲਾ ਆਇਆ, ਬੋਲਿਆ, ‘‘ਦੀਪੂ ਕੱਲ੍ਹ ਨੂੰ ਅੰਗਰੇਜੀ ਦਾ ਟੈਸਟ ਐ! ਚਿੜੀਆਂ ਦਾ ਛੱਡ ਖਹਿੜਾ ਤੇ ਅੰਗਰੇਜੀ ਦਾ ਲੇਖ ਯਾਦ ਕਰ ਲੈ! ਕੁੱਟੋਂ ਬਚ ਜਾਵੇਂਗਾ!’’
‘‘ਮੈਂ ਤਾਂ ਲੇਖ ਯਾਦ ਕਰ ਵੀ ਲਿਆ! ਕੱਲ੍ਹ ਨੂੰ ਟੈਸਟ ਵਿੱਚੋਂ ਤੈਥੋਂ ਵੱਧ ਨੰਬਰ ਲੈਣੇ ਆਂ!’’ ਦੀਪੂ ਛਾਤੀ ਫੁਲਾ ਕੇ ਬੋਲਿਆ ਸੀ ਪਾਲਾ ਖੁਸ਼ ਹੁੰਦਿਆਂ, ‘ਅੱਛਾ ਜੀ’ ਕਹਿ ਕੇ ਆਪਣੇ ਘਰ ਵਾਪਸ ਪਰਤ ਗਿਆ ਸੀ ਉਸ ਨੇ ਅਜੇ ਟੈਸਟ ਦੀ ਤਿਆਰੀ ਕਰਨੀ ਸੀ ਪਾਲੇ ਨੇ ਵੀ ਘਰ ਜਾ ਕੇ ਟੈਸਟ ਦੀ ਤਿਆਰੀ ਕਰ ਲਈ ਤੇ ਬੇਫਿਕਰ ਹੋ ਗਿਆ
ਦੂਜੇ ਦਿਨ ਸਕੂਲ ਵਿੱਚ ਅੰਗਰੇਜੀ ਵਾਲੇ ਮਾਸਟਰ ਜੀ ਨੇ ਸਭ ਬੱਚੇ ਖੁੱਲ੍ਹੇ-ਖੁੱਲ੍ਹੇ ਕਰਕੇ ਬਿਠਾ ਦਿੱਤੇ ਤੇ ਅੰਗਰੇਜ਼ੀ ਦਾ ਲੇਖ ‘ਮਾਈ ਬੈਸਟ ਫਰੈਂਡ’ ਲਿਖਣ ਲਈ ਦੇ ਦਿੱਤਾ ਸਾਰੇ ਬੱਚੇ ਲੇਖ ਲਿਖਣ ਲੱਗ ਪਏ ਦੀਪੂ ਵੀ ਆਪਣੀ ਕਾਪੀ ਦੇ ਉੱਪਰ ਰੱਖੇ ਪੇਜ ਉੱਤੇ ਕੁਝ ਊਲ-ਜ਼ਲੂਲ ਲਿਖ ਕੇ ਟਾਈਮ ਪਾਸ ਕਰਦਾ ਰਿਹਾ ਘੰਟੀ ਵੱਜੀ ਤਾਂ ਸਾਰੇ ਬੱਚਿਆਂ ਨੇ ਲੇਖ ਲਿਖੇ ਵਾਲਾ ਪੇਪਰ ਮਾਸਟਰ ਜੀ ਨੂੰ ਪਕੜਾ ਦਿੱਤਾ ਦੀਪੂ ਵੀ ਆਪਣਾ ਲਿਖਿਆ ਪੇਪਰ ਮਾਸਟਰ ਜੀ ਨੂੰ ਫੜਾ ਆਇਆ ਛੁੱਟੀ ਹੋਈ ਤੋਂ ਘਰ ਆਉਂਦਿਆਂ ਰਸਤੇ ਵਿੱਚ ਦੀਪੂ, ਪਾਲੇ ਨੂੰ ਹੰਕਾਰ ਜਿਹੇ ਨਾਲ ਹੁੱਬ ਕੇ ਬੋਲਿਆ, ‘‘ਅੱਜ ਦੇ ਟੈਸਟ ਵਿੱਚੋਂ ਤੇਰੇ ਨਾਲੋਂ ਵੱਧ ਨੰਬਰ ਮੇਰੇ ਆਉਣਗੇ!’’
‘‘ਬਹੁਤ ਚੰਗੀ ਗੱਲ ਹੈ ਸ਼ੁਕਰ ਹੈ ਤੂੰ ਵੀ ਪੜ੍ਹਾਈ ਵੱਲ ਧਿਆਨ ਦਿੱਤੈ!’’ ਪਾਲਾ ਖੁਸ਼ ਹੁੰਦਿਆਂ ਬੋਲਿਆ ਸੀ ਪਰ ਦੀਪੂ ਆਪਣੀ ਕਹੀ ਗੱਲ ਬਾਰੇ ਸੋਚਦਿਆਂ ਗੰਭੀਰ ਹੋ ਗਿਆ ਸੀ ਇਸੇ ਗੰਭੀਰਤਾ ਵਿੱਚ ਤੁਰਦਿਆਂ ਪਤਾ ਨਹੀਂ ਕਦੋਂ ਉਸਦੀ ਘਰ ਦੀ ਗਲੀ ਦਾ ਮੋੜ ਆ ਗਿਆ ਉਹ ਆਪਣੇ ਘਰ ਵੱਲ ਮੁੜ ਗਿਆ ਉਸਦਾ ਦੋਸਤ ਪਾਲਾ ਕਦੋਂ ਉਸ ਨੂੰ ‘ਬਾਏ’ ਕਹਿ ਕੇ ਉਹਦੇ ਨਾਲੋਂ ਨਿੱਖੜ ਕੇ ਆਪਣੇ ਘਰ ਚਲਾ ਗਿਆ, ਉਸ ਨੂੰ ਕੁਝ ਨਹੀਂ ਪਤਾ ਸੀ
ਅਗਲੇ ਦਿਨ ਮਾਸਟਰ ਜੀ ਨੇ ਸਭ ਬੱਚਿਆਂ ਨੂੰ ਪੇਪਰ ਵੰਡ ਦਿੱਤੇ ਪਰ ਦੀਪੂ ਨੂੰ ਪੇਪਰ ਦੀ ਥਾਂ ਕਾਪੀ ਤੇ ਪੈੱਨ ਸਮੇਤ ਆਪਣੇ ਕੋਲ ਬੁਲਾ ਲਿਆ ਉਨ੍ਹਾਂ ਨੇ ਦੀਪੂ ਨੂੰ ਪਿਆਰ ਨਾਲ ਪੁੱਛਿਆ ਕਿ ਪੇਪਰ ਤੂੰ ਖੁਦ ਯਾਦ ਕਰਕੇ ਲਿਖਿਆ ਹੈ ਕਿ ਨਕਲ ਮਾਰੀ ਹੈ? ਤਾਂ ਦੀਪੂ ਨੇ ਕੰਬਦੀ ਜਬਾਨ ਨਾਲ ਆਖਿਆ ਕਿ ਮੈਂ ਲੇਖ ਯਾਦ ਕਰਕੇ ਲਿਖਿਆ ਹੈ ਮਾਸਟਰ ਜੀ ਦੀ ਪੁੱਛ ਤੋਂ ਉਹ ਅੰਦਰੋ-ਅੰਦਰੀ ਡਰਿਆ ਪਿਆ ਸੀ ਉਹ ਆਪਣੇ-ਆਪ ਨੂੰ ਬੁਰੀ ਤਰ੍ਹਾਂ ਫਸਿਆ ਮਹਿਸੂਸ ਕਰ ਰਿਹਾ ਸੀ ਮਾਸਟਰ ਜੀ ਨੇ ਫਿਰ ਸੱਚੋ-ਸੱਚ ਦੱਸ ਦੇਣ ਲਈ ਆਖਿਆ ਪਰ ਦੀਪੂ ਪੈਰਾਂ ’ਤੇ ਪਾਣੀ ਨਹੀਂ ਪੈਣ ਦੇ ਰਿਹਾ ਸੀ ਅਖੀਰ ਮਾਸਟਰ ਜੀ ਨੇ ਉਸਨੂੰ ਆਪਣੀ ਕੁਰਸੀ ਦੇ ਕੋਲ ਬਿਠਾ ਲਿਆ ਤੇ ਉਹ ਲੇਖ ਦੁਬਾਰਾ ਲਿਖਣ ਲਈ ਕਿਹਾ ਦੀਪੂ ਲੇਖ ਕਿਵੇਂ ਲਿਖਦਾ?
ਕੱਲ੍ਹ ਤਾਂ ਉਹ ਘਰੋਂ ਗਾਈਡ ’ਚੋਂ ਵੇਖ ਕੇ ਇੱਕ ਕਾਪੀ ਦੇ ਵਰਕੇ ਉੱਤੇ ਲਿਖ ਕੇ ਲੈ ਆਇਆ ਸੀ ਤੇ ਮਾਸਟਰ ਜੀ ਨੂੰ ਰੋਲ ਨੰਬਰ ਲਿਖ ਕੇ ਉਹੀ ਵਰਕਾ ਫੜਾ ਦਿੱਤਾ ਸੀ ਤੇ ਆਪਣਾ ਲਿਖਿਆ ਊਲ-ਜਲੂਲ ਪਾੜ ਕੇ ਉਸਨੇ ਪਰ੍ਹਾਂ ਸੁੱਟ ਦਿੱਤਾ ਸੀ ਉਸ ਨੂੰ ਪੂਰੀ ਉਮੀਦ ਸੀ ਕਿ ਲੇਖ ਗਾਈਡ ਵਿੱਚੋਂ ਵੇਖ ਕੇ ਲਿਖਿਆ ਹੈ, ਫੁੱਲ ਬਟਾ ਫੁੱਲ ਨੰਬਰ ਆ ਜਾਣਗੇ! ਪਰ ਅੱਜ ਉਹ ਕੀ ਕਰਦਾ? ਉਸਦੀ ਚੋਰੀ ਫੜੀ ਗਈ ਸੀ ਉਹ ਚਿੜੀਆਂ ਵਾਂਗ ਆਪਣੇ ਹੀ ਬਣਾਏ ਜ਼ਾਲ ਵਿੱਚ ਫਸ ਗਿਆ ਸੀ! ਹੁਣ ਉਹ ਡੁੰਨ-ਵੱਟਾ ਬਣਿਆ ਮਾਸਟਰ ਜੀ ਦੀ ਕੁਰਸੀ ਦੇ ਕੋਲ ਬੈਠਾ ਸੀ ਉਸਨੂੰ ਤਾਂ ਲੇਖ ਦਾ ਨਾਂਅ ਵੀ ਚੰਗੀ ਤਰ੍ਹਾਂ ਯਾਦ ਨਹੀਂ ਸੀ ਉਹ ਕਿੰਨਾ ਹੀ ਚਿਰ ਚੁੱਪ-ਚਾਪ ਬੈਠਾ ਰਿਹਾ
ਅਚਾਨਕ ਇੱਕ ਕਰਾਰੀ ਜਿਹੀ ਪਟਾਕੇਦਾਰ ਧੌਲ ਉਸਦੀ ਗਿੱਚੀ ਵਿੱਚ ਆਣ ਵੱਜੀ ਮਾਸਟਰ ਜੀ ਦੇ ਅਚਾਨਕ ਪਏ ਥਪੇੜੇ ਨਾਲ ਉਹ ਪਰ੍ਹਾਂ ਗੇਂਦਿਆਂ ਵਾਲੀ ਕਿਆਰੀ ਵਿੱਚ ਜਾ ਡਿੱਗਾ ਉਸਦੀ ਸੁਰਤੀ ਬੌਂਦਲ ਜਿਹੀ ਗਈ ਉਹ ਆਪਣੇ-ਆਪ ਨੂੰ ਸੰਭਾਲਦਾ ਅਜੇ ਉੱਠ ਹੀ ਰਿਹਾ ਸੀ ਕਿ ਇੱਕ ਹੋਰ ਥਪੇੜਾ ਉਸਦੀ ਗੱਲ੍ਹ ’ਤੇ ਆਣ ਠੁਕਿਆ ਫਿਰ ਮਾਸਟਰ ਜੀ ਨੇ ਉਸਨੂੰ ਕੰਨੋਂ ਫੜ ਕੇ ਖੜ੍ਹਾ ਕਰਦਿਆਂ ਉਸਦਾ ਕੱਲ੍ਹ ਵਾਲਾ ਪੇਪਰ ਸਾਰੀ ਕਲਾਸ ਨੂੰ ਦਿਖਾਇਆ ਜੋ ਹੂ-ਬ-ਹੂ ਗਾਈਡ ਵਿੱਚੋਂ ਕਾਪੀ ਕੀਤਾ ਹੋਇਆ ਸੀ ਇੱਥੋਂ ਤੱਕ ਕਿ ਲੇਖ ਦੇ ਪਿੱਛੇ ਲਿਖੇ ਔਖੇ ਸ਼ਬਦਾਂ ਦੇ ਅਰਥ ਵੀ ਦੀਪੂ ਨੇ ਉਸੇ ਤਰ੍ਹਾਂ ਲਿਖ ਦਿੱਤੇ ਸਨ ਜਿਸ ਤਰ੍ਹਾਂ ਗਾਈਡ ਵਾਲੇ ਲੇਖ ਦੇ ਪਿੱਛੇ ਲਿਖੇ ਸਨ
ਸੱਚ ਹੀ ਕਹਿੰਦੇ ਹਨ ਕਿ ਨਕਲ ਲਈ ਵੀ ਅਕਲ ਦੀ ਜ਼ਰੂਰਤ ਹੁੰਦੀ ਹੈ! ਮਾਸਟਰ ਜੀ ਨੇ ਦੀਪੂ ਨੂੰ ਖੜ੍ਹਾ ਕਰ ਲਿਆ ਤੇ ਬੋਲੇ, ‘‘ਦੀਪੂ ਚੱਲ ਲੱਤਾਂ ਵਿੱਚ ਦੀ ਕੰਨ ਪਕੜ ਕੇ ਮੁਰਗਾ ਬਣ ਜਾ, ਤੇ ਮੁਰਗਾ ਬਣਿਆ-ਬਣਾਇਆ ਹੀ ਸਾਰੀਆਂ ਜਮਾਤਾਂ ਵਿੱਚ ਚੱਕਰ ਲਾ ਕੇ ਆ!’’ ਦੀਪੂ ਠਠੰਬਰ ਗਿਆ ਉਸਦੀ ਅਕਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਇਹ ਅੱਜ ਕਿਸ ਤਰ੍ਹਾਂ ਦੀ ਅਨੋਖੀ ਸਜਾ ਮਿਲ ਰਹੀ ਹੈ! ਇਹ ਤਾਂ ਡੰਡਿਆਂ ਤੋਂ ਵੀ ਭੈੜੀ ਸਜਾ ਮਾਸਟਰ ਜੀ ਦੇ ਰਹੇ ਹਨ ਸਭ ਕਲਾਸਾਂ ਵਿੱਚ ਤਾਂ ਹੋਰਨਾਂ ਬੱਚਿਆਂ ਦੇ ਨਾਲ-ਨਾਲ ਛੋਟੀ ਭੈਣ ਨਿੰਦੀ ਵੀ ਉਸਨੂੰ ਮੁਰਗਾ ਬਣਕੇ ਚੱਕਰ ਕੱਟਦਿਆਂ ਦੇਖੇਗੀ! ਉਹ ਦੁਖੀ ਹੋਵੇਗੀ, ਨਾਲੇ ਸਾਰੀ ਕਰਤੂਤ ਘਰ ਵੀ ਦੱਸੂਗੀ! ਰੱਬਾ ਇਹ ਕੀ ਲੋਹੜਾ ਪੈ ਰਿਹਾ ਹੈ ਅੱਜ? ਬਹੁੜੀ ਰੱਬ ਜੀ, ਅੱਜ ਬਚਾ ਲਵੋ! ਅੱਜ ਬਚਾ ਲਵੋ!!
ਸੋਚਦਿਆਂ ਉਹ ਆਪਣੇ ਕੰਨਾਂ ’ਚੋਂ ਨਿੱਕਲਦਾ ਚਪੇੜਾਂ ਦਾ ਸੇਕ ਤੇ ਸ਼ਾਂ-ਸ਼ਾਂ ਸਾਰੀ ਭੁੱਲ ਗਿਆ ਉਹ ਦੋਨੋਂ ਹੱਥ ਜੋੜ ਕੇ ਮਾਸਟਰ ਜੀ ਦੇ ਪੈਰੀਂ ਡਿੱਗਦਿਆਂ ਬੋਲਿਆ, ‘‘ਮਾਸਟਰ ਜੀ, ਅੱਜ ਮਾਫ ਕਰ ਦਿਓ! ਅੱਗੇ ਤੋਂ ਕਦੇ ਅਜਿਹੀ ਗਲਤੀ ਨਹੀਂ ਕਰਾਂਗਾ! ਇਸ ਤਰ੍ਹਾਂ ਤਾਂ ਮੇਰੀ ਸਾਰੇ ਸਕੂਲ ਵਿੱਚ ਭਾਰੀ ਬੇਇੱਜ਼ਤੀ ਹੋ ਜਾਵੇਗੀ ਅੱਗੇ ਤੋਂ ਅਜਿਹੀ ਹਰਕਤ ਕਰਾਂ ਤਾਂ ਜੋ ਮਰਜ਼ੀ ਸਜ਼ਾ ਦੇ ਦਿਓ ਜੀ! ਅੱਜ ਮਾਫ਼ੀ ਦੇ ਦਿਓ!’’ ਅੰਤ ਸਾਰੀ ਕਲਾਸ ਦੇ ਕਹਿਣ ’ਤੇ ਮਾਸਟਰ ਜੀ ਨੇ ਦੀਪੂ ਨੂੰ ਮੁਆਫ਼ ਕਰ ਦਿੱਤਾ ਕਿਉਂਕਿ ਉਸਨੇ ਅੱਗੇ ਤੋਂ ਨਕਲ ਨਾ ਕਰਨ ਤੇ ਮਿਹਨਤ ਨਾਲ ਪੜ੍ਹਨ ਦੀ ਕਸਮ ਜੁ ਖਾ ਲਈ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.