ਬਜਟ ’ਚ ਰੱਖੇ 2 ਹਜ਼ਾਰ ਕਰੋੜ ਖ਼ਰਚ ਨਹੀਂ ਸਕੀ ਕਾਂਗਰਸ ਸਰਕਾਰ
ਚੰਡੀਗੜ੍ਹ, 21 ਫਰਵਰੀ (ਅਸ਼ਵਨੀ ਚਾਵਲਾ) । ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਲਗਾਤਾਰ ਪੰਜਾਬ ਵਿੱਚ ਖ਼ੁਦਕੁਸ਼ੀ ਕਰਨ ਲੱਗੇ ਹੋਏ ਹਨ ਪਰ ਪੰਜਾਬ ਸਰਕਾਰ ਇਨ੍ਹਾਂ ਕਿਸਾਨਾਂ ਨੂੰ ਵਾਅਦਾ ਕਰਨ ਦੇ ਬਾਵਜੂਦ ਉਨ੍ਹਾਂ ਦਾ ਕਰਜ਼ ਮੁਆਫ਼ ਨਹੀਂ ਕਰ ਰਹੀ। ਪਿਛਲੇ ਇੱਕ ਸਾਲ ਤੋਂ ਪੰਜਾਬ ਵਿੱਚ 97 ਹਜ਼ਾਰ ਕਿਸਾਨ ਕਰਜ਼ ਮੁਆਫ਼ ਹੋਣ ਦੀ ਉਡੀਕ ਕਰ ਰਹੇ ਹਨ ਅਤੇ ਇਨ੍ਹਾਂ 97 ਹਜ਼ਾਰ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਲਈ ਬਜਟ ਵਿੱਚ ਮਨਪ੍ਰੀਤ ਬਾਦਲ ਨੇ 2 ਹਜ਼ਾਰ ਕਰੋੜ ਰੁਪਏ ਵੀ ਰੱਖੇ ਸਨ।
ਬਜਟ ਐਲਾਨ ਨੂੰ ਲਗਭਗ ਇੱਕ ਸਾਲ ਬੀਤ ਚੁੱਕਾ ਹੈ ਅਤੇ ਹੁਣ ਅਗਲੇ ਸਾਲ ਦਾ ਬਜਟ ਵੀ ਇਸੇ 8 ਮਾਰਚ ਨੂੰ ਆ ਰਿਹਾ ਹੈ ਪਰ ਇਨ੍ਹਾਂ 97 ਹਜ਼ਾਰ ਕਿਸਾਨਾਂ ਵਿੱਚੋਂ ਇੱਕ ਵੀ ਕਿਸਾਨ ਦਾ ਕਰਜ਼ ਮੁਆਫ਼ ਪੰਜਾਬ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਅਤੇ ਨਾ ਹੀ 2 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।
ਪੰਜਾਬ ਸਰਕਾਰ ਵੀ ਇਸ ਨੂੰ ਮੰਨਦੀ ਹੈ ਕਿ ਬਜਟ ਵਿੱਚ 2 ਹਜ਼ਾਰ ਕਰੋੜ ਰੁਪਏ ਰੱਖੇ ਜਾਣ ਦੇ ਬਾਵਜੂਦ ਇਨ੍ਹਾਂ ਪੈਸਿਆਂ ਨੂੰ ਖ਼ਰਚ ਨਹੀਂ ਕੀਤਾ ਗਿਆ, ਇਸ ਪਿੱਛੇ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਦਾ ਤਰਕ ਦੇ ਰਹੀ ਹੈ, ਜਦੋਂਕਿ ਦੂਜੇ ਪਾਸੇ ਲਗਾਤਾਰ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਵਿੱਚ ਲੱਗਾ
ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਵਾਅਦਾ ਕੀਤਾ ਸੀ ਕਿ ਉਨ੍ਹਾਂ ਵੱਲੋਂ ਹਰ ਕਿਸਾਨ ਦਾ ਕਰਜ਼ ਮੁਆਫ਼ ਕਰਦੇ ਹੋਏ ਇਸ ਬੋਝ ਤੋਂ ਮੁਕਤੀ ਦਿੱਤੀ ਜਾਵੇਗੀ। ਕਾਂਗਰਸ ਪਾਰਟੀ ਦੇ ਇਸ ਭਰੋਸੇ ਪੰਜਾਬ ਦੇ ਕਿਸਾਨਾਂ ਵੱਲੋਂ ਕਰਜ਼ ਮੁਆਫ਼ ਹੋਣ ਦਾ ਇੰਤਜ਼ਾਰ ਵੀ ਕਰਨਾ ਸ਼ੁਰੂ ਕਰ ਦਿੱਤਾ ਪਰ ਹੁਣ 4 ਸਾਲ ਬੀਤਣ ਤੋਂ ਬਾਅਦ ਵੀ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਸੂਬੇ ਦੇ ਸਾਰੇ ਕਿਸਾਨਾਂ ਦਾ ਕਰਜ਼ ਮੁਆਫ਼ ਨਹੀਂ ਕਰ ਸਕੀ ਹੈ।
ਪੰਜਾਬ ਸਰਕਾਰ ਵੱਲੋਂ ਇਕੱਠੇ ਸਾਰੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਦੀ ਥਾਂ ’ਤੇ ਹਰ ਸਾਲ ਥੋੜ੍ਹੇ-ਥੋੜੇ੍ਹ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਕਿਸਾਨਾਂ ਦਾ ਕਰਜ਼ ਅਜੇ ਤੱਕ ਮੁਆਫ਼ ਨਹੀਂ ਹੋਇਆ ਅਤੇ ਇਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਕਰਜ਼ ਮੁਆਫ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂ ਕਾਫ਼ੀ ਕਿਸਾਨ ਇਸ ਕਰਜ਼ ਦੇ ਬੋਝ ਨੂੰ ਸਹਿਣ ਨਾ ਕਰਦੇ ਹੋਏ ਖ਼ੁਦਕੁਸ਼ੀ ਵੀ ਕਰਨ ’ਚ ਲੱਗੇ ਹੋਏ ਹਨ।
ਪਿਛਲੇ ਸਾਲ 28 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਫ਼ਸਲੀ ਕਰਜ਼ਾ ਮੁਆਫ਼ ਸਕੀਮ ਹੇਠ ਵਿੱਤੀ ਸਾਲ 2020-21 ਵਿੱਚ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਲਈ 2 ਹਜ਼ਾਰ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। ਇਸ 2 ਹਜ਼ਾਰ ਕਰੋੜ ਰੁਪਏ ਨਾਲ 1 ਲੱਖ ਤੋਂ ਜ਼ਿਆਦਾ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋ ਸਕਦਾ ਸੀ, ਕਿਉਂਕਿ ਸਰਕਾਰ ਵੱਲੋਂ ਹਰ ਕਿਸਾਨ ਨੂੰ 2 ਲੱਖ ਰੁਪਏ ਤੱਕ ਦਾ ਹੀ ਕਰਜ਼ਾ ਮੁਆਫ਼ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਦਾ ਕਰਜ਼ 2 ਲੱਖ ਤੋਂ ਹੇਠਾਂ ਵੀ ਹੈ।
ਸਰਕਾਰ ਨੇ ਬਣਾਈ ਹੋਈ ਐ 97 ਹਜ਼ਾਰ ਕਿਸਾਨਾਂ ਦੀ ਲਿਸਟ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਕਰਜ਼ ਮੁਆਫ਼ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ ਅਤੇ ਉਸ ਲਿਸਟ ਦੀ ਬਕਾਇਦਾ ਅਧਿਕਾਰੀਆਂ ਵੱਲੋਂ ਚੈਕਿੰਗ ਵੀ ਕੀਤੀ ਜਾਂਦੀ ਹੈ ਤਾਂ ਕਿ ਜਿਹੜੇ ਕਿਸਾਨ ਨੂੰ ਕਰਜ਼ ਮੁਆਫ਼ੀ ਦਾ ਫਾਇਦਾ ਹੋ ਰਿਹਾ ਹੈ, ਉਹ ਕਿਸਾਨ ਨਿਯਮਾਂ ਅਨੁਸਾਰ ਕਰਜ਼ ਮੁਆਫ਼ੀ ਦੇ ਯੋਗ ਵੀ ਹੋਣਾ ਚਾਹੀਦਾ ਹੈ। ਪਿਛਲੇ ਸਾਲ ਬਜਟ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਨੇ 97 ਹਜ਼ਾਰ ਯੋਗ ਕਿਸਾਨਾਂ ਦੀ ਲਿਸਟ ਤਿਆਰ ਕਰ ਲਈ ਸੀ, ਜਿਨ੍ਹਾਂ ਨੂੰ ਵਿੱਤੀ ਸਾਲ 2020-21 ਵਿੱਚ ਕਰਜ਼ ਮੁਆਫ਼ੀ ਸਕੀਮ ਦਾ ਲਾਭ ਦੇਣਾ ਸੀ। ਇਨ੍ਹਾਂ 97 ਹਜ਼ਾਰ ਯੋਗ ਕਿਸਾਨਾਂ ਦੀ ਲਿਸਟ ਤਿਆਰ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦਾ ਲਾਭ ਨਹੀਂ ਦਿੱਤਾ ਗਿਆ ਹੈ।
ਕੋਰੋਨਾ ਦੇ ਚੱਲਦੇ ਨਹੀਂ ਹੋਇਆ ਕਰਜ਼ ਮੁਆਫ਼, ਇਸ ਸਾਲ ਮਿਲੇਗਾ ਫਾਇਦਾ: ਸੁਰੇਸ਼ ਕੁਮਾਰ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੀਫ਼ ਪਿ੍ਰੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਕਿਹਾ ਕਿ ਲਗਭਗ 97 ਹਜ਼ਾਰ ਕਿਸਾਨ ਕਰਜ਼ ਮੁਆਫ਼ੀ ਲਈ ਰਹਿ ਗਏ ਹਨ, ਇਨ੍ਹਾਂ ਨੂੰ ਇਸ ਸਾਲ ਕਰਜ਼ ਮੁਆਫ਼ੀ ਮਿਲਣੀ ਸੀ ਪਰ ਕੋਰੋਨਾ ਦੇ ਚੱਲਦੇ ਕਰਜ਼ ਮੁਆਫ਼ੀ ਇਸ ਸਾਲ ਨਹੀਂ ਹੋ ਸਕੀ ਹੈ। ਵਿੱਤੀ ਸਾਲ 2021-22 ਦੌਰਾਨ ਇਨ੍ਹਾਂ 97 ਹਜ਼ਾਰ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਦਿੱਤਾ ਜਾਵੇਗਾ।