ਨਵ ਜੰਮਿਆ ਬੱਚਾ ਪੁਲਿਸ ਨੇ ਕੀਤਾ ਬਰਾਮਦ, ਮਨੁੱਖੀ ਤਸਕਰੀ ’ਚ ਸ਼ਾਮਿਲ ਇੱਕ ਆਸ਼ਾ ਵਰਕਰ ਅਤੇ ਕੋਲਕਾਤਾ ਵਾਸੀ ਨੂੰ ਵੀ ਕੀਤਾ ਗਿਆ ਕਾਬੂ
Newborn Baby Trafficking: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਮੰਡੀ ਗੋਬਿੰਦਗੜ੍ਹ ਦੇ ਦੀਪ ਹਸਪਤਾਲ ਵਿਖੇ ਇੱਕ ਨਵਜੰਮੇ ਲੜਕੇ ਦੀ ਖਰੀਦੋ ਫਰੋਖਤ ਦਾ ਮਾਮਲਾ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਪੁਲਿਸ ਨੇ ਸੁਲਝਾ ਕੇ ਮਨੁੱਖੀ ਤਸਕਰੀ ਦੇ ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਇੱਕ ਆਸ਼ਾ ਵਰਕਰ ਸਮੇਤ 4 ਔਰਤਾਂ ਵੀ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ 27 ਜੂਨ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 23 ਜੂਨ ਨੂੰ ਇੱਕ ਔਰਤ ਨੇ ਦੀਪ ਹਸਪਤਾਲ, ਮੰਡੀ ਗੋਬਿੰਦਗੜ੍ਹ ਵਿਖੇ ਇੱਕ ਬੱਚੇ (ਲੜਕੇ) ਨੂੰ ਜਨਮ ਦਿੱਤਾ ਸੀ। ਸੂਚਨਾ ਅਨੁਸਾਰ ਨਵਜੰਮੇ ਬੱਚੇ ਦੇ ਪਿਤਾ ਨੇ ਆਸ਼ਾ ਵਰਕਰ ਕਮਲੇਸ਼ ਕੌਰ, ਉਸ ਦੇ ਪਤੀ ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਉਰਫ ਅੰਮ੍ਰਿਤਾ ਵਾਸੀ ਜਲੰਧਰ ਨਾਲ ਮਿਲ ਕੇ ਨਵਜੰਮੇ ਬੱਚੇ ਨੂੰ ਅੱਗੇ ਵੇਚਣ ਲਈ ਸੌਦੇਬਾਜੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 23 ਜੂਨ ਨੂੰ ਦਾਈ ਚਰਨ ਕੌਰ, ਕਮਲੇਸ਼ ਕੌਰ ਅਤੇ ਅਮਨਦੀਪ ਕੌਰ ਨੇ 4 ਲੱਖ ਰੁਪਏ ਵਿੱਚ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਬੱਚਾ ਵੇਚ ਦਿੱਤਾ। ਉਨ੍ਹਾਂ ਦੱਸਿਆ ਕਿ ਰੁਪਿੰਦਰ ਕੌਰ ਤੇ ਬੇਅੰਤ ਸਿੰਘ, ਬੱਚੇ ਨੂੰ ਕਾਰ ਵਿੱਚ ਲੁਧਿਆਣਾ-ਅੰਮ੍ਰਿਤਸਰ ਵੱਲ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਮੁਲਜ਼ਮ ਹਮਮਸ਼ਵਰਾ ਹੋ ਕੇ ਗਲਤ ਇਰਾਦੇ ਨਾਲ, ਬੱਚੇ ਖਰੀਦਣ ਅਤੇ ਵੇਚਣ ਦਾ ਮਨੁੱਖੀ ਤਸਕਰੀ ਦਾ ਧੰਦਾ ਕਰਦੇ ਹਨ।
ਇਹ ਵੀ ਪੜ੍ਹੋ: National Herald Case: ਸੋਨੀਆ-ਰਾਹੁਲ ਗਾਂਧੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਕੇਸ ਨੂੰ ਹੱਲ ਕਰਨ ਲਈ ਬਣਾਈ ਪੁਲਿਸ ਟੀਮ ਵੱਲੋਂ 27 ਜੂਨ ਨੂੰ ਤਲਜਿੰਦਰ ਸਿੰਘ, ਕਮਲੇਸ਼ ਕੌਰ, ਭੀਮ ਸਿੰਘ, ਦਾਈ ਚਰਨ ਕੌਰ ਅਤੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ 4 ਲੱਖ ਰੁਪਏ ਦੇ ਨੋਟ ਵੀ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਤਫਤੀਸ਼ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਰੁਪਿੰਦਰ ਕੌਰ ਤੇ ਬੇਅੰਤ ਸਿੰਘ ਨਵਜੰਮੇ ਬੱਚੇ ਨੂੰ ਕੋਲਕਾਤਾ (ਪੱਛਮੀ ਬੰਗਾਲ) ਲੈ ਕੇ ਚਲੇ ਗਏ।
ਉਨ੍ਹਾਂ ਦੱਸਿਆ ਕਿ ਪੁਲਿਸ ਤਫਤੀਸ਼ ਦੇ ਆਧਾਰ ’ਤੇ ਪੁਲਿਸ ਟੀਮ ਵੱਲੋਂ ਕੋਲਕਾਤਾ ਪਹੁੰਚ ਕੇ 29 ਜੂਨ ਨੂੰ ਰੁਪਿੰਦਰ ਕੌਰ ਅਤੇ ਬੇਅੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਅਤੇ ਪ੍ਰਸ਼ਾਂਤ ਪਰਾਸ਼ਰ ਵਾਸੀ ਕੋਲਕਾਤਾ ਨੂੰ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਨਵਜੰਮੇ ਬੱਚੇ ਨੂੰ ਬਾਲ ਸੁਰੱਖਿਆ ਕਮੇਟੀ ਕੋਲਕਾਤਾ ਕੋਲ ਪੇਸ਼ ਕੀਤਾ ਗਿਆ ਅਤੇ ਮੁਲਜ਼ਮ ਰੁਪਿੰਦਰ ਕੌਰ, ਬੇਅੰਤ ਸਿੰਘ ਅਤੇ ਪ੍ਰਸ਼ਾਂਤ ਪਰਾਸ਼ਰ ਨੂੰ ਕੋਲਕਾਤਾ ਵਿਖੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪ੍ਰੋਡਕਸ਼ਨ ਵਰੰਟ ’ਤੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਲਿਆਂਦਾ ਗਿਆ ਹੈ, ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। Newborn Baby Trafficking