ਪੰਜਾਬ ’ਚ 75 ਫੀਸਦੀ ਮਿਲੇਗਾ ਪੰਜਾਬੀਆਂ ਨੂੰ ਰਾਖਵਾਂਕਰਨ, ਕੈਬਨਿਟ ਨੇ ਬਣਾਈ ਸਬ ਕਮੇਟੀ

Punjab Budget, Announcement, Manpreet Badal, Budget

ਮਨਪ੍ਰੀਤ ਬਾਦਲ ਦੀ ਅਗਵਾਈ ’ਚ ਰੋਜ਼ਾਨਾ ਮੀਟਿੰਗ ਕਰੇਗੀ ਸਬ ਕਮੇਟੀ

  • ਸ੍ਰੀ ਕਰਤਾਰਪੁਰ ਸਾਹਿਬ ਜਾਣਗੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ, 18 ਅਤੇ 19 ਨੂੰ ਜਾਣਗੇ 50-50 ਦਾ ਵਫ਼ਦ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਵਿੱਚ ਰਾਖਵਾਂਕਰਨ ਮਿਲ ਸਕੇ, ਇਸ ਲਈ ਪੰਜਾਬ ਸਰਕਾਰ ਜਲਦ ਹੀ ਫੈਸਲਾ ਕਰੇਗੀ ਪਰ ਇਹ ਫੈਸਲਾ ਕਿਸ ਤਰੀਕੇ ਨਾਲ ਕੀਤਾ ਜਾਵੇ ਅਤੇ ਕਿਹੜੇ ਕਿਹੜੇ ਪ੍ਰਾਈਵੇਟ ਵਿਭਾਗਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ ਸਾਰੀਆਂ ਮੁੱਖ ਗੱਲਾਂ ’ਤੇ ਚਰਚਾ ਕਰਦੇ ਹੋਏ ਰਿਪੋਰਟ ਤਿਆਰ ਕਰਨ ਲਈ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੂੰ ਅਹਿਮ ਭੂਮਿਕਾ ਸੌਂਪੀ ਗਈ ਹੈ। ਪੰਜਾਬ ਕੈਬਨਿਟ ਮੀਟਿੰਗ ਦੌਰਾਨ ਇੱਕ 5 ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਕਰਨਗੇ। ਇਹ ਸਬ ਕਮੇਟੀ ਰੋਜ਼ਾਨਾ ਮੀਟਿੰਗ ਕਰਦੇ ਹੋਏ 7 ਤੋਂ 10 ਦਿਨਾਂ ਵਿੱਚ ਹੀ ਆਪਣੀ ਰਿਪੋਰਟ ਪੇਸ਼ ਕਰੇਗੀ ਤਾਂ ਕਿ ਇਸ ਮੁੱਦੇ ’ਤੇ ਜਲਦ ਹੀ ਫੈਸਲਾ ਕਰ ਲਿਆ ਜਾਵੇ।

ਮਨਪ੍ਰੀਤ ਬਾਦਲ ਦੀ ਅਗਵਾਈ ਵਿੱਚ ਬਣਾਈ ਗਈ ਸਬ ਕਮੇਟੀ ਵਿੱਚ ਵੱਖ-ਵੱਖ ਵਿਭਾਗਾਂ ਦੇ 4 ਹੋਰ ਕੈਬਨਿਟ ਮੰਤਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਲੇਬਰ ਵਿਭਾਗ ਦੇ ਮੰਤਰੀ ਵੀ ਸ਼ਾਮਲ ਹਨ। ਇੱਥੇ ਹੀ ਕੈਬਨਿਟ ਮੀਟਿੰਗ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਕੋਲ ਖੋਲਣ ਦੇ ਫੈਸਲੇ ਦਾ ਸੁਆਗਤ ਕਰਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ ਕਿ 18 ਅਤੇ 19 ਨਵੰਬਰ ਨੂੰ 50-50 ਦਾ ਵਫ਼ਦ ਜਾਏਗਾ। 18 ਨਵੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ 10 ਕੈਬਨਿਟ ਮੰਤਰੀ ਅਤੇ ਅਧਿਕਾਰੀਆਂ ਸਣੇ ਵਿਧਾਇਕ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ ਤਾਂ 19 ਨਵੰਬਰ ਨੂੰ 7 ਮੰਤਰੀਆਂ ਦੇ ਨਾਲ ਵਿਧਾਇਕ ਅਤੇ ਸੰਸਦ ਮੈਂਬਰ ਸਣੇ ਕੁਲ 50 ਲੋਕ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ