ਅੰਤਰਰਾਜੀ ਚੋਰੀਆਂ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ

Interstate Theft Gang

ਰਾਤ ਸਮੇਂ ਸੈਨਟਰੀ ਤੇ ਇਲੈਕਟ੍ਰੀਸਨ ਦੀਆਂ ਦੁਕਾਨਾਂ ਦੇ ਤਾਲੇ ਤੋੜਕੇ ਕਰਦੇ ਸਨ ਚੋਰੀਆਂ

  •  ਗਿਰੋਹ ਮੈਂਬਰ ਕਈ ਕੇਸਾਂ ਵਿੱਚ ਸੀ ਭਗੌੜੇ

(ਖੁਸ਼ਵੀਰ ਸਿੰਘ ਤੂਰ)ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਚੋਰੀਆਂ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਛੇ ਮੈਂਬਰਾਂ ਨੂੰ ਕਾਬੂ  ਕੀਤਾ ਗਿਆ ਹੈ, ਜਿਹਨਾਂ ਕੋਲੋਂ ਚੋਰੀ ਕੀਤਾ ਸਮਾਨ ਸਮੇਤ ਮਾਰੂ ਹਥਿਆਰ ਵੀ ਬ੍ਰਾਮਦ ਹੋਏ ਹਨ। ਇਸ ਸਬੰਧੀ ਡੀਐੱਸਪੀ ਡੀ ਸੁਖਅੰਮਿ੍ਰਤ ਸਿੰਘ ਰੰਧਾਵਾ ਨੇ ਦੱਸਿਆ ਕਿ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਦੀ ਅਗਵਾਈ ਹੇਠ ਐਸ.ਆਈ. ਜਸਟਿਨ ਸਾਦਿਕ ਸੀਆਈਏ ਸਟਾਫ ਸਮੇਤ ਪੁਲਿਸ ਪਾਰਟੀ ਨੇ ਬਾਈਪਾਸ ਪੁੱਲ ਨੇੜੇ ਅੱਧ-ਵਾਲਾ ਪੀਰ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿੰਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਸਾਗਰ ਪੁੱਤਰ ਰਾਜੀ ਵਾਸੀ ਮਿਰਚ ਮੰਡੀ ਢੇਹਾ ਬਸਤੀ ਥਾਣਾ ਸਿਟੀ ਰਾਜਪੁਰਾ, ਸਾਲੂ ਅਤੇ ਅਕਬਰ ਪੁੱਤਰਾਨ ਸੁੱਚਾ ਸਿੰਘ ਵਾਸੀ ਪਿੰਡ ਭੋਲ ਕਲੋਤਾ ਥਾਣਾ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ, ਬਲਵਿੰਦਰ ਸਿੰਘ ਪੁੱਤਰ ਲਾਲ ਚੰਦ ਵਾਸੀ ਪਿੰਡ ਭੋਲ ਕਲੋਤਾ ਥਾਣਾ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ, ਸਿਕੰਦਰ ਰਾਮ ਪੁੱਤਰ ਤੇਜਾ ਰਾਮ ਵਾਸੀ ਰਾਜਪੁਰਾ, ਰਾਹੀ ਪੁੱਤਰ ਬਿੱਟੂ ਵਾਸੀ ਰਾਜਪੁਰਾ ਨੂੰ ਗਿ੍ਰਫ਼ਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਹ ਰਾਤ ਸਮੇਂ ਸੈਨਟਰੀ/ਇਲੈਕਟ੍ਰੀਸਨ ਦੀਆਂ ਦੁਕਾਨਾਂ ਦੇ ਤਾਲੇ ਤੋੜਕੇ ਸਮਾਨ ਚੋਰੀ ਕਰਦੇ ਹਨ ਜਿੰਨ੍ਹਾਂ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕਈ ਸ਼ਹਿਰਾਂ/ਕਸਬਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ। ਇਨ੍ਹਾਂ ਕੋਲੋਂ 2 ਕਿ੍ਰਪਾਨਾਂ, 1 ਤਾਲੇ ਕੱਟਣ ਵਾਲੀ ਲੋਹਾ ਕੈਂਚੀ, 01 ਰਾਡ ਲੋਹਾ, 01 ਇਲੈਕਟਰੋਨਿਕ ਕਟਰ ਅਤੇ ਅਲਟੋ ਕਾਰ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਚੋਰੀ ਕੀਤਾ ਸੈਨਟਰੀ ਦਾ ਸਮਾਨ ਬਰਾਮਦ ਹੋਇਆ ਹੈ ਜਿਸ ਦੀ ਕੀਮਤ ਕਰੀਬ 2 ਲੱਖ 50 ਹਜਾਰ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਸਰਗਨਾ ਸਾਗਰ ਹੈ ਇਸ ਗਿਰੋਹ ਦੇ ਸਾਰੇ ਮੈਂਬਰਾਂ ਖਿਲਾਫ ਪਹਿਲਾਂ ਵੀ ਅਜਿਹੀਆਂ ਚੋਰੀਆਂ, ਲੁੱਟ-ਖੋਹ ਆਦਿ ਦੇ ਮੁਕੱਦਮੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਖੇ ਦਰਜ ਹਨ ਜਿੰਨ੍ਹਾਂ ਵਿੱਚ ਇਹ ਗਿ੍ਰਫਤਾਰ ਹੋਕੇ ਜ਼ੇਲ੍ਹ ਵੀ ਜਾ ਚੁੱਕੇ ਹਨ ਅਤੇ ਕਈ ਕੇਸਾਂ ਵਿੱਚ ਇਹ ਭਗੌੜੇ ਵੀ ਚੱਲੇ ਆ ਰਹੇ ਹਨ।

ਪਿੰਡਾਂ ’ਚ ਕੁਰਸੀਆਂ ਤੇ ਚਾਦਰਾਂ ਵੇਚਣ ਲਈ ਲਾਉਂਦੇ ਸਨ ਫੇਰੀਆਂ

ਇਸ ਗਿਰੋਹ ਦੇ ਮੈਂਬਰ ਅਲੱਗ-ਅਲੱਗ ਟੁਕੜੀਆਂ ਵਿੱਚ ਸ਼ਾਮਲ ਹੋਕੇ ਮੋਟਰਸਾਇਕਲ ’ਤੇ ਸਵਾਰ ਹੋਕੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਲ ਲੱਗਦੇ ਕਸਬਿਆਂ ਵਿੱਚ ਕੁਰਸੀਆਂ ਤੇ ਚਾਦਰਾਂ ਵੇਚਣ ਲਈ ਜਾਂਦੇ ਸਨ, ਜਿੱਥੇ ਇਹ ਆਉਂਦੇ ਜਾਂਦੇ ਸਮੇਂ ਸੈਨਟਰੀ ਤੇ ਇਲੈਕਟ੍ਰੀਸਨ ਦੀਆਂ ਦੁਕਾਨਾਂ ਦੀ ਸ਼ਨਾਖਤ ਕਰਦੇ ਅਤੇ ਫਿਰ ਰਾਤ ਸਮੇਂ ਰੈਕੀ ਕੀਤੀਆਂ ਦੁਕਾਨਾਂ ਦੇ ਤਾਲੇ ਤੋੜਕੇ ਸਮਾਨ ਚੋਰੀ ਕਰਦੇ ਸਨ। ਚੋਰੀ ਕੀਤੇ ਸਮਾਨ ਵਿੱਚੋਂ ਲੋਹਾ, ਤਾਂਬਾ ਅਤੇ ਪਿੱਤਲ ਨੂੰ ਅਲੱਗ-ਅਲੱਗ ਕਰਕੇ ਕਬਾੜੀਆਂ ਨੂੰ ਵੇਚਦੇ ਸਨ। ਇਹ ਗਿਰੋਹ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉੂਨਾ ਅਤੇ ਡੇਰਾ ਸਾਹਿਬ ਦੇ ਏਰੀਆ ਵਿੱਚ ਬਣੀਆਂ ਚੁੰਗੀਆਂ ਵਿੱਚ ਚਲਾ ਜਾਂਦਾ ਸੀ। ਇਸ ਗਿਰੋਹ ਦੇ ਫੜੇ ਜਾਣ ਨਾਲ ਜ਼ਿਲ੍ਹਾ ਪਟਿਆਲਾ, ਸੰਗਰੂਰ ਆਦਿ ਦੀਆਂ ਕਈ ਵਾਰਦਾਤਾਂ ਟਰੇਸ ਹੋਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ