ਚੰਡੀਗੜ੍ਹ ਵਿਖੇ ‘ਪਾਲਤੂ ਪਾਲਣ ਪੋਸ਼ਣ’ ਦੇ ਮੁੱਦੇ ‘ਤੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਜ਼ਾਹਿਰ ਕੀਤੀ ਚਿੰਤਾ
ਅਸ਼ਵਨੀ ਚਾਵਲਾ/ਚੰਡੀਗੜ੍ਹ । ਪੰਜਾਬ ਵਿੱਚ ਵਧ ਰਹੇ ਸੜਕ ਹਾਦਸਿਆਂ ਵਿੱਚ ਹੁਣ ਸਭ ਤੋਂ ਜਿਆਦਾ ਰੋਲ ਅਵਾਰਾ ਪਸ਼ੂਆਂ ਦਾ ਆਉਣਾ ਬਹੁਤ ਹੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ। ਇਸ ਮੁੱਦੇ ‘ਤੇ ਸਰਕਾਰਾਂ ਨੂੰ ਜ਼ਿਆਦਾ ਕੰਮ ਕਰਨੇ ਚਾਹੀਦੇ ਹਨ ਤਾਂ ਐਨ.ਜੀ.ਓ. ਨੂੰ ਵੀ ਅੱਗੇ ਆਉਂਦੇ ਹੋਏ ਇਸ ਦਿੱਕਤ ਨੂੰ ਖ਼ਤਮ ਕਰਨ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਹਾਲਾਂਕਿ ਇਸ ਸਮੇਂ ਪੰਜਾਬ ਦੀਆਂ ਕਈ ਐਨ.ਜੀ.ਓ. ਦੇ ਮਾਮਲੇ ਵਿੱਚ ਜਾਗਰੂਕ ਕਰਦੇ ਹੋਏ ਅਭਿਆਨ ਚਲਾਉਣ ਵਿੱਚ ਲੱਗੇ ਹੋਏ ਹਨ ਪਰ ਫਿਰ ਵੀ ਸਮੇਂ ਦੀ ਲੋੜ ਅਨੁਸਾਰ ਹੋਰ ਜਿਆਦਾ ਕੰਮ ਕਰਨ ਦੀ ਜਰੂਰਤ ਹੈ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਚੰਡੀਗੜ੍ਹ ਵਿਖੇ ਅਧਿਕਾਰੀ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ‘ਪਾਲਤੂ ਪਾਲਣ ਪੋਸ਼ਣ’ ਸੈਮੀਨਾਰ ‘ਤੇ ਬੋਲਦੇ ਹੋਏ ਕੀਤਾ।
ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਉਹ ਖ਼ੁਦ ਜਾਨਵਰਾਂ ਦੇ ਡਾਕਟਰ ਰਹਿ ਚੁੱਕੇ ਹਨ ਅਤੇ ਉਹ ਜਾਨਵਰਾਂ ਦੀ ਦਿੱਕਤ ਨੂੰ ਕਾਫ਼ੀ ਜਿਆਦਾ ਕਰੀਬੀ ਨਾਲ ਜਾਣਦੇ ਹਨ, ਇਸ ਲਈ ਉਹ ਖ਼ੁਦ ਜਾਨਵਰਾਂ ਨੂੰ ਬਹੁਤ ਹੀ ਜਿਆਦਾ ਪਿਆਰ ਕਰਦੇ ਹਨ ਅਤੇ ਇਨ੍ਹਾਂ ਦੀ ਦੇਖ ਭਾਲ ਕਰਨ ਲਈ ਐਨ.ਜੀ.ਓ. ਨੂੰ ਸਮੇਂ-ਸਮੇਂ ‘ਤੇ ਕਹਿੰਦੇ ਵੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਵੈੱਲਫੇਅਰ ਸੁਸਾਇਟੀ ਇਸ ਤਰ੍ਹਾਂ ਦੇ ਸੈਮੀਨਾਰ ਕਰਵਾਉਂਦੇ ਹੋਏ ਆਮ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਤਾਂ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਵੀ ਲੱਗੀ ਹੋਈ ਹੈ ਪਰ ਸਮੇਂ ਦੀ ਲੋੜ ਅਨੁਸਾਰ ਇਸ ਨੂੰ ਹੋਰ ਜਿਆਦਾ ਵੱਡੇ ਪੱਧਰ ‘ਤੇ ਕਰਨ ਦੀ ਜਰੂਰਤ ਹੈ।
ਉਨ੍ਹਾਂ ਕਿਹਾ ਕਿ ਹਰ ਦੂਜੇ ਦਿਨ ਅਸੀਂ ਸੁਣਦੇ ਹਾਂ ਕਿ ਕਿਤੇ ਨਾ ਕਿਤੇ ਅਵਾਰਾ ਪਸ਼ੂਆਂ ਕਰਕੇ ਸੜਕ ਹਾਦਸਾ ਹੋ ਜਾਂਦਾ ਹੈ ਅਤੇ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਨਾਲ ਕੀਮਤੀ ਜਾਨ ਦਾ ਨੁਕਸਾਨ ਹੋ ਰਿਹਾ ਹੈ, ਜਿਹੜਾ ਕਿ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਆਪਣੇ ਸੈਮੀਨਾਰ ਦੌਰਾਨ ਸਲਾਹ ਦਿੱਤੀ ਕਿ ਐਨਜੀਓ ਦੇ ਮੈਂਬਰ ਭਵਿੱਖ ਵਿੱਚ ਪੰਜਾਬ ਦੇ ਵਿੱਚ ਆਵਾਰਾ ਪਸ਼ੂਆਂ ‘ਤੇ ਰਿਫਲੈਕਟਰ ਲਾਉਣ ਤਾਂ ਜੋ ਰਾਤ ਵੇਲੇ ਅਤੇ ਖਾਸ ਕਰਕੇ ਧੁੰਦਾਂ ਵੇਲੇ ਦੂਰ ਤੋਂ ਹੀ ਇਹਨਾਂ ਬਾਰੇ ਪਤਾ ਲੱਗ ਜਾਵੇ ਉਨ੍ਹਾਂ ਕਿਹਾ ਕਿ ਇਸ ਲਈ ਜਲਦ ਹੀ ਪੰਜਾਬ ਸਰਕਾਰ ਦੇ ਵੱਡੇ ਅਫਸਰਾਂ ਅਤੇ ਗਊ ਸੇਵਾ ਕਮਿਸ਼ਨ ਦੇ ਨਾਲ ਵੀ ਮੁਲਾਕਾਤ ਕਰਕੇ ਹੱਲ ਕੱਢੇ ਜਾਣਗੇ।
ਇਸ ਮੌਕੇ ਅਧਿਕਾਰ ਵੈੱਲਫੇਅਰ ਸੋਸਾਇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਠਾਕੁਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਸਿੱਖਿਆ ਅਤੇ ਸਿਹਤ ਸੇਵਾਵਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਦੀਵਾਲੀ ਤੋਂ ਪਹਿਲਾਂ ਵੀ ਸੁਖਨਾ ਝੀਲ ‘ਤੇ ਲੋਕਾਂ ਨੂੰ ਬਿਨਾਂ ਪਟਾਕੇ ਤੋਂ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਜਾਵੇਗਾ।
ਐਨਜੀਓ ਵੱਲੋਂ ਕਰਵਾਏ ਗਏ ਸੈਮੀਨਾਰ ਵਿੱਚ ਐਨਜੀਓ ਦੇ ਪ੍ਰਧਾਨ ਨਵੀਨ ਸੇਠੀ , ਮੈਂਬਰ ਵਿਵੇਕ ਬਜਾਜ, ਕੁਲਦੀਪ ਸੇਠੀ ,ਦੀਪਾ ਬਜਾਜ ,ਜੋਤੀ, ਅਸ਼ੋਕ ਸੇਠੀ, ਮਨਜੀਤ ਸੇਠੀ , ਦੀਪ ਸ਼ਿਖਾ ਚੌਧਰੀ, ਗੁਰਤਾਜ, ਸੁਮਿਤ, ਅਮਿਤ, ਤਰਸੇਮ ,ਜਗਜੀਤ ,ਅੰਸ਼ੁਲ ਅਰੋੜਾ, ਧਨੰਜੇ ਸ਼ਰਮਾ, ਸਤਨਾਮ, ਵਿਨੋਦ ਮਹਾਜਨ, ਵਿਨੋਦ ਵਡੇਰਾ, ਹਰਸਿਮਰਤ, ਸਿਮਰਨ, ਸੰਤੋਖ ਸਿੰਘ, ਰਿਤੂ ਪ੍ਰਿੰਸੀਪਲ ਭੁਪਿੰਦਰ ਸਿੰਘ ਸੁਨੀਤਾ ਅਤੇ ਵਰਸ਼ਾ ਰਾਣੀ ਮੌਜੂਦ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।