Income Tax Raid Udaipur: ਉਦੈਪੁਰ (ਏਜੰਸੀ)। ਰਾਜਸਥਾਨ ਦੇ ਉਦੈਪੁਰ ’ਚ ਆਮਦਨ ਕਰ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਵੱਡੇ ਟਰਾਂਸਪੋਰਟ ਕਾਰੋਬਾਰੀ ’ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰੋਬਾਰੀ ਖਿਲਾਫ 3 ਦਿਨਾਂ ਤੱਕ ਕਾਰਵਾਈ ਜਾਰੀ ਰਹੀ ਤੇ ਇਸ ਕਾਰਵਾਈ ’ਚ ਇੰਨੀ ਜ਼ਿਆਦਾ ਰਕਮ ਬਰਾਮਦ ਕੀਤੀ ਗਈ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀ ਮੁਤਾਬਕ ਗੋਲਡਨ ਟਰਾਂਸਪੋਰਟ ਤੇ ਲਾਜਿਸਟਿਕ ਦੇ ਮਾਲਕ ਟੀਕਮ ਸਿੰਘ ਰਾਓ ਤੇ ਉਸ ਦੇ ਸਾਥੀਆਂ ਦੇ ਘਰੋਂ ਛਾਪੇਮਾਰੀ ਦੌਰਾਨ 50 ਕਿਲੋ ਸੋਨਾ ਤੇ ਕਰੀਬ 5 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।
ਗੋਲਡਨ ਟਰਾਂਸਪੋਰਟ ਤੋਂ ਇਲਾਵਾ ਆਮਦਨ ਕਰ ਵਿਭਾਗ ਦੀ ਟੀਮ ਨੇ ਉਦੈਪੁਰ ਦੇ ਵੱਖ-ਵੱਖ ਹਿੱਸਿਆਂ ’ਚ ਕੁੱਲ 19 ਤੇ ਸੂਬੇ ’ਚ 23 ਥਾਵਾਂ ’ਤੇ ਛਾਪੇਮਾਰੀ ਕੀਤੀ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਟੈਕਸ ਚੋਰੀ ਤੇ ਗੈਰ-ਕਾਨੂੰਨੀ ਜਾਇਦਾਦ ਦੇ ਮਾਮਲਿਆਂ ’ਚ ਕੀਤੀ ਗਈ ਹੈ। ਟੀਕਮ ਸਿੰਘ ਰਾਓ ਤੇ ਉਨ੍ਹਾਂ ਦੇ ਸਟਾਫ਼ ਦੇ ਘਰਾਂ ’ਤੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ, ਜਿੱਥੇ ਵੱਡੀ ਮਾਤਰਾ ’ਚ ਜਾਇਦਾਦ ਤੇ ਸ਼ੱਕੀ ਧਨ ਬਰਾਮਦ ਹੋਇਆ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਜਾਂਚ ਦੇ ਪਹਿਲੇ ਪੜਾਅ ਦਾ ਹਿੱਸਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਸਕਦੀ ਹੈ। Income Tax Raid Udaipur
ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਟਰਾਂਸਪੋਰਟ ਵਪਾਰੀ ਵੱਲੋਂ ਮਾਲ ਦੀ ਗੈਰ-ਕਾਨੂੰਨੀ ਢੋਆ-ਢੁਆਈ ਦੀ ਸ਼ਿਕਾਇਤ ਮਿਲੀ ਸੀ, ਜਿਸ ਸਬੰਧੀ 28 ਨਵੰਬਰ ਨੂੰ ਆਮਦਨ ਕਰ ਵਿਭਾਗ ਦੀ ਟੀਮ ਨੇ ਰਾਜਸਥਾਨ, ਗੁਜਰਾਤ ਤੇ ਮਹਾਰਾਸ਼ਟਰ ’ਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਇਹ ਸਮੁੱਚੀ ਕਾਰਵਾਈ ਆਮਦਨ ਕਰ ਵਿਭਾਗ ਦੇ ਪ੍ਰਮੁੱਖ ਨਿਰਦੇਸ਼ਕ ਅਵਧੇਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 28 ਨਵੰਬਰ ਦੀ ਸਵੇਰ ਨੂੰ ਸ਼ੁਰੂ ਹੋਈ।