New Medical Colleges Punjab: ਪਿਛਲੇ ਸਾਲ ਦੇ ਬਜਟ ਵਿੱਚ ਕੀਤਾ ਗਿਆ ਸੀ ਵਾਅਦਾ, ਇਸ ਸਾਲ ਸ਼ੁਰੂ ਕਰਨੇ ਸਨ ਚਾਰੇ ਮੈਡੀਕਲ ਕਾਲਜ
New Medical Colleges Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਜ਼ਿਆਦਾ ਬੱਚਿਆਂ ਨੂੰ ਡਾਕਟਰ ਬਣਾਉਣ ਦਾ ਸੁਫਨਾ ਦੇਖ ਰਹੀ ਪੰਜਾਬ ਸਰਕਾਰ ਇਸ ਵਿੱਤੀ ਸਾਲ ਵੀ ਆਪਣੇ ਵੱਲੋਂ ਕੀਤੇ ਗਏ 4 ਨਵੇਂ ਮੈਡੀਕਲ ਕਾਲਜ ਤਿਆਰ ਕਰਨ ਦੇ ਵਾਅਦੇ ’ਤੇ ਖਰੀ ਨਹੀਂ ਉਤਰ ਸਕੀ, ਜਿਸ ਕਾਰਨ ਇਸ ਵਿੱਤੀ ਸਾਲ ’ਚ ਸ਼ੁਰੂ ਹੋਣ ਵਾਲੇ 4 ਨਵੇਂ ਮੈਡੀਕਲ ਕਾਲਜਾਂ ਦਾ ਹੁਣ ਤੱਕ ਕੰਮ ਹੀ ਸ਼ੁਰੂ ਨਹੀਂ ਹੋ ਸਕਿਆ ਹੈ।
ਜਿਸ ਕਾਰਨ ਸਾਲ 2025-26 ਦੇ ਸੈਸ਼ਨ ਦੌਰਾਨ ਇੱਕ ਵੀ ਜਿਆਦਾ ਵਿਦਿਆਰਥੀ ਨੂੰ ਪੰਜਾਬ ’ਚ ਸੀਟ ਨਹੀਂ ਮਿਲ ਸਕੇਗੀ ਤੇ ਪਹਿਲਾਂ ਤੋਂ ਪੰਜਾਬ ਦੇ ਕੋਟੇ ’ਚ ਚਲਦੇ ਆ ਰਹੇ ਮੈਡੀਕਲ ਕਾਲਜ ਦੇ ਸਹਾਰੇ ਹੀ ਵਿਦਿਆਰਥੀਆਂ ਨੂੰ ਅਗਲਾ ਸੈਸ਼ਨ ਅਪਲਾਈ ਕਰਨਾ ਪਵੇਗਾ। ਇੱਥੇ ਇਹ ਵੀ ਖ਼ਾਸ ਗੱਲ ਹੈ ਕਿ ਵਿੱਤੀ ਸਾਲ 2024-25 ਵਿੱਚ 4 ਮੈਡੀਕਲ ਕਾਲਜ ਤਿਆਰ ਕਰਨ ਲਈ ਬਜਟ ’ਚ ਰੱਖੇ ਗਏ ਪੈਸੇ ਦੀ ਵੀ ਵਰਤੋਂ ਨਹੀਂ ਹੋ ਸਕੀ ਤੇ ਇਹ ਪੈਸਾ ਵੀ ਲੈਪਸ ਹੋ ਜਾਵੇਗਾ।
ਸੰਗਰੂਰ, ਕਪੂਰਥਲਾ, ਮਲੇਰਕੋਟਲਾ ਤੇ ਹੁਸ਼ਿਆਰਪੁਰ ’ਚ ਤਿਆਰ ਹੋਣਾ ਸੀ ਮੈਡੀਕਲ ਕਾਲਜ
ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਪੰਜਾਬ ਦੇ ਬੱਚਿਆਂ ਨੂੰ ਡਾਕਟਰ ਬਨਣ ਲਈ ਯੂਕਰੇਨ ਤੇ ਹੋਰ ਦੇਸ਼ਾਂ ’ਚ ਜਾਣਾ ਪੈ ਰਿਹਾ ਹੈ, ਕਿਉਂਕਿ ਜਿੱਥੇ ਪੰਜਾਬ ’ਚ ਮੈਡੀਕਲ ਕਾਲਜ ਦੀ ਭਾਰੀ ਘਾਟ ਹੈ, ਉੱਥੇ ਹੀ ਡਾਕਟਰ ਬਨਣ ਲਈ ਪ੍ਰਾਈਵੇਟ ਕਾਲਜ ’ਚ ਮੋਟਾ ਪੈਸਾ ਦੇਣਾ ਪੈਂਦਾ ਹੈ। New Medical Colleges Punjab
Read Also : Breaking News: ਛੱਡੀਸਗੜ੍ਹ ਦੇ ਬੀਜ਼ਾਪੁਰ ’ਚ ਵੱਡਾ ਨਕਸਲੀ ਹਮਲਾ, 7 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ
ਇਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ’ਚ ਆਉਣ ਤੋਂ ਬਾਅਦ 5 ਸਾਲ ’ਚ ਘੱਟ ਤੋਂ ਘੱਟ 16 ਨਵੇਂ ਮੈਡੀਕਲ ਕਾਲਜ ਖੋਲੇ੍ਹ ਜਾਣਗੇ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ’ਚ ਆਏ 3 ਸਾਲ ਦਾ ਸਮਾਂ ਬੀਤ ਗਿਆ ਹੈ ਪਰ ਹੁਣ ਤੱਕ ਇੱਕ ਵੀ ਨਵਾਂ ਮੈਡੀਕਲ ਕਾਲਜ ਪੰਜਾਬ ਵਿੱਚ ਖੁੱਲ੍ਹ ਨਹੀਂ ਸਕਿਆ ਹੈ। ਮੌਜ਼ੂਦਾ ਸਮੇਂ ’ਚ ਚੱਲ ਰਹੀ ਰਫ਼ਤਾਰ ਨੂੰ ਦੇਖਦੇ ਹੋਏ ਇੰਝ ਲੱਗ ਰਿਹਾ ਹੈ ਕਿ ਇਸ ਸਰਕਾਰ ਦੌਰਾਨ ਸ਼ਾਇਦ ਇਹ 4 ਮੈਡੀਕਲ ਕਾਲਜ ਵੀ ਮੁਸ਼ਕਿਲ ਨਾਲ ਸ਼ੁਰੂ ਹੋ ਸਕਣਗੇ, ਜਦੋਂ ਕਿ 16 ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਸਿਰਫ਼ ਸੁਫਨਾ ਹੀ ਬਣ ਕੇ ਰਹਿ ਜਾਵੇਗਾ।
New Medical Colleges Punjab
ਮੌਜ਼ੂਦਾ ਵਿੱਤੀ ਸਾਲ 2024-25 ਦੇ ਬਜਟ ’ਚ ਪੰਜਾਬ ਸਰਕਾਰ ਵੱਲੋਂ ਸੰਗਰੂਰ, ਕਪੂਰਥਲਾ, ਮਲੇਰਕੋਟਲਾ ਤੇ ਹੁਸ਼ਿਆਰਪੁਰ ’ਚ 4 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਤੱਕ ਇਨ੍ਹਾਂ ਮੈਡੀਕਲ ਕਾਲਜਾਂ ਨੂੰ ਤਿਆਰ ਹੀ ਨਹੀਂ ਕੀਤਾ ਗਿਆ, ਜਿਸ ਕਾਰਨ ਇਸ ਸਾਲ ’ਚ ਇਹਨਾਂ ਚਾਰੇ ਮੈਡੀਕਲ ਕਾਲਜਾਂ ਦਾ ਕੰਮ ਨਾ ਹੀ ਮੁਕੰਮਲ ਹੋ ਸਕਦਾ ਹੈ ਤੇ ਨਾ ਹੀ 2025-26 ਵਿਦਿਅਕ ਸੈਸ਼ਨ ਲਈ ਵਿਦਿਆਰਥੀਆਂ ਨੂੰ ਦਾਖ਼ਲਾ ਮਿਲ ਸਕਦਾ ਹੈ।
ਜੇਕਰ ਪੰਜਾਬ ਸਰਕਾਰ ਇਹਨਾਂ ਚਾਰੇ ਮੈਡੀਕਲ ਕਾਲਜਾਂ ਦੀ ਬਿਲਡਿੰਗ ਦਾ ਕੰਮ ਅਕਤੂਬਰ 2025 ਤੱਕ ਖ਼ਤਮ ਕਰਦੇ ਹੋਏ ਸਾਰੇ ਮਾਪਦੰਡ ਨੂੰ ਮੁਕੰਮਲ ਕਰ ਲੈਂਦੀ ਹੈ ਤਾਂ ਅਗਲੇ ਸਾਲ 2026-27 ਵਿੱਦਿਅਕ ਸੈਸ਼ਨ ਲਈ ਵਿਦਿਆਰਥੀਆਂ ਨੂੰ ਦਾਖ਼ਲ ਮਿਲ ਸਕਦਾ ਹੈ ਜੇਕਰ ਅਕਤੂਬਰ 2025 ਤੱਕ ਵੀ ਪੰਜਾਬ ਸਰਕਾਰ ਇਹਨਾਂ ਚਾਰੇ ਮੈਡੀਕਲ ਕਾਲਜਾਂ ਨੂੰ ਤਿਆਰ ਨਹੀਂ ਕਰ ਸਕੀ ਤਾਂ ਇਸ ਸਰਕਾਰ ਦੇ ਕਾਰਜਕਾਲ ’ਚ ਇੱਕ ਵੀ ਨਵੇਂ ਮੈਡੀਕਲ ਕਾਲਜ ਵਿੱਚ ਵਿਦਿਆਰਥੀ ਦਾਖ਼ਲਾ ਨਹੀਂ ਲੈ ਸਕਣਗੇ, ਕਿਉਂਕਿ ਅਕਤੂਬਰ 2025 ਤੋਂ ਬਾਅਦ ਤਿਆਰ ਹੋਣ ਵਾਲੇ ਮੈਡੀਕਲ ਕਾਲਜ ਲਈ ਦਾਖ਼ਲਾ 2027-28 ਵਿੱਦਿਅਕ ਸੈਸ਼ਨ ’ਚ ਹੀ ਮਿਲ ਸਕੇਗਾ।
ਵਿੱਤੀ ਸਾਲ 2023-24 ਦੇ ਬਜਟ ਦਾ ਹਿੱਸਾ ਵੀ ਸਨ 2 ਮੈਡੀਕਲ ਕਾਲਜ
ਪੰਜਾਬ ਸਰਕਾਰ ਵੱਲੋਂ ਮੌਜ਼ੂਦਾ ਵਿੱਤੀ ਸਾਲ 2024-25 ’ਚ ਹੀ ਮੈਡੀਕਲ ਕਾਲਜ ਤਿਆਰ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ ਸੀ, ਸਗੋਂ ਇਹ ਐਲਾਨ ਪਿਛਲੇ ਵਿੱਤੀ ਸਾਲ 2023-24 ’ਚ ਵੀ ਕੀਤਾ ਗਿਆ ਸੀ। ਵਿੱਤੀ ਸਾਲ 2023-24 ’ਚ 2 ਮੈਡੀਕਲ ਕਾਲਜ ਹੁਸ਼ਿਆਰਪੁਰ ਤੇ ਕਪੂਰਥਲਾ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਤੇ ਇਨ੍ਹਾਂ ਦੋਵੇਂ ਮੈਡੀਕਲ ਕਾਲਜਾਂ ਲਈ 834 ਕਰੋੜ ਰੁਪਏ ਰਾਖਵੇਂ ਵੀ ਰੱਖੇ ਗਏ ਸਨ ਪਰ ਹੁਸ਼ਿਆਰਪੁਰ ਤੇ ਕਪੂਰਥਲਾ ਦਾ ਮੈਡੀਕਲ ਕਾਲਜ ਵਿੱਤੀ ਸਾਲ 2023-24 ’ਚ ਤਿਆਰ ਨਹੀਂ ਹੋ ਸਕਿਆ ਤਾਂ ਇਸ ਨੂੰ ਵਿੱਤੀ ਸਾਲ 2024-25 ਦੇ ਬਜਟ ’ਚ ਮੁੜ ਤੋਂ ਰੱਖਿਆ ਗਿਆ ਪਰ ਇਸ ਵਿੱਤੀ ਸਾਲ ਵੀ ਇਹ ਮੈਡੀਕਲ ਕਾਲਜ ਤਿਆਰ ਨਹੀਂ ਹੋ ਸਕੇ।
31 ਮਾਰਚ ਤੋਂ ਪਹਿਲਾਂ ਸ਼ੁਰੂ ਕਰਾਂਗੇ ਬਿਲਡਿੰਗ ਦਾ ਕੰਮ : ਡਾ. ਬਲਬੀਰ ਸਿੰਘ
ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਸਾਲ ਵਿੱਚ ਲਗਾਤਾਰ ਚੋਣ ਜਾਬਤਾ ਲੱਗੇ ਹੋਣ ਕਾਰਨ ਟੈਂਡਰ ਪ੍ਰਕਿਰਿਆ ਸਿਰੇ ਨਹੀਂ ਚੜ੍ਹ ਸਕੀ ਜਿਸ ਕਾਰਨ ਹੀ ਹੁਣ ਤੱਕ ਮੈਡੀਕਲ ਕਾਲਜ ਦੀ ਬਿਲਡਿੰਗ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ। ਵਿਭਾਗ ਵੱਲੋਂ ਟੈਂਡਰ ਵਿੱਚ ਕੁਝ ਤਬਦੀਲੀ ਕਰਦੇ ਹੋਏ ਜਲਦ ਹੀ ਨਵੇਂ ਸਿਰੇ ਤੋਂ ਟੈਂਡਰ ਜਾਰੀ ਕੀਤੇ ਜਾਣਗੇ ਅਤੇ ਉਮੀਦ ਹੈ ਕਿ 31 ਮਾਰਚ ਤੋਂ ਪਹਿਲਾਂ ਪੰਜਾਬ ਵਿੱਚ 4 ਮੈਡੀਕਲ ਕਾਲਜ ਦੀ ਬਿਲਡਿੰਗ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।