ਵਿਸ਼ੇਸ਼ ਰੇਲ ਗੱਡੀਆਂ ਦੇ ਚੱਲਣ ਨਾਲ ਮਜ਼ਦੂਰਾਂ ਅਤੇ ਟਰੱਕ ਓਪਰੇਟਰਾਂ ਦੇ ਚਿਹਰੇ ਖਿੜੇ
ਪਟਿਆਲਾ, (ਨਰਿੰਦਰ ਸਿੰਘ ਚੌਹਾਨ)। ਰੇਲ ਗੱਡੀਆਂ ਮੁੜ ਚਾਲੂ ਹੋਣ ਤੋਂ ਬਾਅਦ ਰਾਜ ਦੇ ਗੋਦਾਮਾਂ ਤੋਂ ਕੇਂਦਰੀ ਪੂਲ ਵਿੱਚ 4.5 ਲੱਖ ਮੀਟਰਕ ਟਨ ਤੋਂ ਵੱਧ ਅਨਾਜ ਭੇਜਣ ਨਾਲ ਨਾ ਸਿਰਫ ਮਜ਼ਦੂਰਾਂ ਦੇ ਮਾਯੂਸ ਚਿਹਰਿਆਂ ‘ਤੇ ਮੁਸਕਰਾਹਟ ਆਈ ਹੈ, ਸਗੋਂ ਟਰੱਕ ਅਪਰੇਟਰਾਂ ਦੇ ਠੱਪ ਪਏ ਕਾਰੋਬਾਰ ਨੂੰ ਵੀ ਲੀਹ ‘ਤੇ ਪਾਇਆ ਹੈ।
ਇਸ ਸਬੰਧੀ ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖਪਤਕਾਰ ਸੁਰੱਖਿਆ ਮਾਮਲੇ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੇ ਮੌਜੂਦਾ ਖਰੀਦ ਸੀਜ਼ਨ ਦੀ ਸ਼ੈਲਰਾਂ ਵੱਲੋਂ ਛੜਾਈ ਬਾਅਦ ਚੌਲਾਂ ਲਈ ਜਗ੍ਹਾ ਬਣਾਉਣ ਲਈ ਸਟੋਰ ਕੀਤੇ ਅਨਾਜ ਨੂੰ ਦੂਜੇ ਰਾਜਾਂ ਵਿੱਚ ਲਿਜਾਣਾ ਸਮੇਂ ਦੀ ਲੋੜ ਹੈ। ਮਾਲ ਗੱਡੀਆਂ ਨੂੰ ਮੁੜ ਚਾਲੂ ਕਰਨ ਤੋਂ ਬਾਅਦ ਐਫਸੀਆਈ ਦੁਆਰਾ ਉਪਲਬਧ ਕਰਵਾਏ ਗਏ ਸਪੈਸ਼ਲਾਂ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ 127 ਰੈਕ ਲੋਡ ਕੀਤੇ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਅੱਜ ਸ਼ਾਮ ਤੱਕ 50 ਹੋਰ ਲੋਡ ਕਰ ਦਿੱਤੇ ਜਾਣਗੇ।
ਅਨਾਜ ਭੇਜਣ ਲਈ ਉਪਲਬਧ ਕਰਵਾਈਆਂ ਗਈਆਂ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ਵਿੱਚੋਂ 153 ਚਾਵਲ ਦੀਆਂ ਸਨ ਜਦੋਂਕਿ 39 ਕਣਕ ਦੀਆਂ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਭਗ ਸਾਢੇ ਚਾਰ ਲੱਖ ਟਨ ਅਨਾਜ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਭੇਜਿਆ ਜਾ ਚੁੱਕਾ ਹੈ, ਜੋ ਕਿ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਹੋਈ ਖਰੀਦ ਲਈ ਸਟੋਰੇਜ ਦੀ ਜਗ੍ਹਾ ਬਣਾਉਣ ਵਿੱਚ ਸਹਾਇਤਾ ਕਰੇਗਾ। ਇਸੇ ਤਰ੍ਹਾਂ ਪਟਿਆਲਾ ਦੇ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈਜ਼ ਕੰਟਰੋਲਰ ਹਰਸ਼ਰਨਜੀਤ ਸਿੰਘ ਬਰਾੜ ਨੇ ਖੁਲਾਸਾ ਕੀਤਾ ਕਿ ਹੁਣ ਤੱਕ ਜਿਲ੍ਹੇ ਵਿੱਚੋਂ 16.27 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ, ਜਿਸ ਲਈ ਮਿਲਿੰਗ ਤੋਂ ਬਾਅਦ ਸਟੋਰੇਜ ਦੀ ਜਗ੍ਹਾ ਜ਼ਰੂਰੀ ਸੀ।
ਉਨ੍ਹਾਂ ਦੱਸਿਆ ਕਿ ਮਾਲ ਗੱਡੀਆਂ ਦੀ ਸ਼ੁਰੂਆਤ ਨਾਲ 24 ਨਵੰਬਰ ਨੂੰ ਪਟਿਆਲਾ, ਰਾਜਪੁਰਾ ਅਤੇ ਨਾਭਾ ਤੋਂ 7860 ਮੀਟਰਕ ਟਨ ਚੌਲ ਤਿੰਨ ਰੈਕਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਪਟਿਆਲਾ ਜ਼ਿਲ੍ਹੇ ਤੋਂ ਤਕਰੀਬਨ 13,100 ਮੀਟਰਕ ਟਨ ਅਨਾਜ ਰੇਲਵੇ ਰਾਹੀਂ ਭੇਜਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਸਮਾਣਾ ਤੋਂ ਲੋਡਿੰਗ ਪਟਿਆਲੇ ਪਹੁੰਚ ਰਹੀ ਹੈ ਅਤੇ ਇੱਕ ਲੋਡ ਨਾਭਾ ਤੋਂ ਚੱਲ ਰਿਹਾ ਹੈ। ਜਦੋਂਕਿ ਰਾਜਪੁਰਾ ਤੋਂ ਵੀ ਕਣਕ ਦਾ ਇੱਕ ਲੋਡ ਰਵਾਨਾ ਕੀਤਾ ਜਾਵੇਗਾ।ਐਫਸੀਆਈ ਦੇ ਡੀਐਮ ਅਕਾਸ਼ ਕੁਮਾਰ ਅਨੁਸਾਰ, ਜ਼ਿਲ੍ਹੇ ਵਿੱਚ 20 ਤੋਂ 25 ਲੱਖ ਮੀਟਰਕ ਟਨ ਅਨਾਜ ਦੀ ਭੰਡਾਰਨ ਸਮਰੱਥਾ ਹੈ ਅਤੇ ਹੁਣ ਮਾਲ ਟਰੇਨਾਂ ਦੇ ਮੁੜ ਚਾਲੂ ਹੋਣ ਨਾਲ ਇਸ ਨੂੰ ਵੀ ਚੁੱਕ ਲਿਆ ਜਾਵੇਗਾ।
ਸਪੈਸ਼ਲ ‘ਚ ਚੌਲ ਦੀ ਲਦਾਈ ਕਰ ਰਹੇ ਪੱਲੇਦਾਰ, ਰਾਮ ਪ੍ਰਸਾਦ ਯਾਦਵ, ਜੋ ਬਿਹਾਰ ਨਾਲ ਸਬੰਧਤ ਹੈ ਅਤੇ ਚੰਗੇ ਭਵਿੱਖ ਲਈ ਇੱਥੇ ਪਰਵਾਸ ਕਰ ਗਿਆ ਹੈ, ਨੇ ਮਾਲ ਰੇਲ ਗੱਡੀਆਂ ਦੀ ਬਹਾਲੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਰੇਲ ਗੱਡੀਆਂ ਵਿੱਚ ਅਨਾਜ ਲੋਡ ਕਰਨ ਨਾਲ ਉਨ੍ਹਾਂ ਨੂੰ ਵੀ ਰੁਜ਼ਗਾਰ ਮਿਲਿਆ ਹੈ ਅਤੇ ਉਹ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰ ਰਹੇ ਸਨ।
ਟਰੱਕ ਅਪਰੇਟਰ ਅਵਤਾਰ ਸਿੰਘ ਜਿਸ ਨੂੰ ਸਪੈਸ਼ਲ ਦੁਆਰਾ ਬਾਕੀ ਟਰੱਕਾਂ ਦੇ ਨਾਲ ਗੋਦਾਮਾਂ ਤੋਂ ਅਨਾਜ ਦੀ ਰੇਲਵੇ ਸਟੇਸ਼ਨ ‘ਤੇ ਢੁਆਈ ਦਾ ਮੌਕਾ ਮਿਲਿਆ ਹੈ, ਨੇ ਕਿਹਾ ਕਿ ਰੇਲ ਗੱਡੀਆਂ ਦੁਬਾਰਾ ਸ਼ੁਰੂ ਕਰਨ ਕਾਰਨ, ਉਨ੍ਹਾਂ ਲਈ ਰੋਜ਼ਗਾਰ ਦੇ ਵਸੀਲੇ ਖੁੱਲ੍ਹ ਗਏ ਹਨ, ਕਿਉਂਕਿ ਮਾਲ ਗੱਡੀਆਂ ਦੇ ਠੱਪ ਰਹਿਣ ਕਾਰਨ ਟਰੱਕ ਅਪਰੇਟਰਾਂ ਨੂੰ ਖਾਸਾ ਨੁਕਸਾਨ ਝੱਲਣਾ ਪਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.