ਵਿਰੋਧੀਆਂ ਨੇ ਚੁੱਕੇ ਸੁਆਲ, ਜੇ ਪੱਕੇ ਹੀ ਨਹੀਂ ਕੀਤੇ, ਫਿਰ ਫਲੈਕਸ ਬੋਰਡਾਂ ’ਤੇ ਕਰੋੜਾਂ ਰੁਪਏ ਕਿਉਂ ਖਰਚੇ
ਕੱਚੇ ਕਾਮਿਆਂ ਵੱਲੋਂ ਮੁੱਖ ਮੰਤਰੀ ਚੰਨੀ ਤੇ ਲਾਏ ਗੁੰਮਰਾਹ ਕਰਨ ਦੇ ਦੋਸ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਦਾਅਵਿਆਂ ਵਾਲੇ ਫਲੈਕਸਾਂ ਅਤੇ ਬੋਰਡਾਂ ਨਾਲ ਪੰਜਾਬ ਦਾ ਹਰ ਕੋਨਾ ਭਰ ਦਿੱਤਾ ਗਿਆ, ਪਰ ਇਹ ਦਾਅਵਾ ਝੂਠਾ ਨਿਕਲਿਆ ਹੈ, ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਚੰਨੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇੱਥੋਂ ਤੱਕ ਕਿ ਖੁਦ ਕੱਚੇ ਮੁਲਾਜ਼ਮਾਂ ਵੱਲੋਂ ਚੰਨੀ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਪੰਜਾਬ ਦਾ ਨਾ ਤਾਂ ਕੋਈ ਅਜਿਹਾ ਮੁੱਖ ਮਾਰਗ ਬਚਿਆ ਹੈ ਅਤੇ ਨਾ ਹੀ ਪਿੰਡਾਂ ਅਤੇ ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ ਜਿੱਥੇ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਵਾਲੇ ਇਹ ਬੋਰਡ ਨਾ ਲੱਗੇ ਹੋਣ ਕਿ 36 ਹਜਾਰ ਮੁਲਾਜ਼ਮ ਕੀਤੇ ਪੱਕੇ। ਇੱਥੋਂ ਤੱਕ ਕਿ ਸ਼ਹਿਰਾਂ ਅੰਦਰ ਤਾਂ ਇਨ੍ਹਾਂ ਬੋਰਡਾਂ ਦੀ ਭਰਮਾਰ ਕਿਤੇ ਜਿਆਦਾ ਹੈ। ਪਰ ਪਿਛਲੇ ਦਿਨੀਂ ਖੁਦ ਮੰਤਰੀ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੇ ਪੱਕੇ ਹੋਣ ਦਾ ਭੇਤ ਖੋਲ੍ਹ ਦਿੱਤਾ ਗਿਆ ਕਿ ਉਕਤ ਫਾਇਲ ਰਾਜਪਾਲ ਨੂੰ ਭੇਜੀ ਗਈ ਹੈ, ਪਰ ਉਨ੍ਹਾਂ ਵੱਲੋਂ ਸਾਇਨ ਨਹੀਂ ਕੀਤੇ ਗਏ। ਇਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਚੰਨੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਵਿਰੋਧੀ ਧਿਰਾਂ ਵੱਲੋਂ ਸੁਆਲ ਕੀਤੇ ਜਾ ਰਹੇ ਹਨ ਕਿ ਫਿਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੇ ਬੋਰਡ ਕਿਹੜੀ ਹੈਸੀਅਤ ਨਾਲ ਲਗਾਏ ਗਏ ਹਨ। ਕੀ ਅਜਿਹੇ ਬੋਰਡਾਂ ਰਾਹੀਂ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਇਆ ਗਿਆ, ਕੀ ਅਜਿਹੇ ਝੂਠੇ ਦਾਅਵਿਆਂ ਨਾਲ ਅਤੇ ਕਰੋੜਾਂ ਦੇ ਇਸ਼ਤਿਹਾਰਾਂ ’ਤੇ ਪੰਜਾਬ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਚੰਨੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਜਦੋਂ ਮੁੱਖ ਮੰਤਰੀ ਚੰਨੀ ਖੁਦ ਕਹਿ ਰਹੇ ਹਨ ਕਿ ਫਾਇਲ ਰਾਜਪਾਲ ਕੋਲ ਭੇਜੀ ਹੈ ਪਰ ਅਜੇ ਤੱਕ ਰਾਜਪਾਲ ਵੱਲੋਂ ਸਾਇਨ ਨਹੀਂ ਕੀਤੇ ਗਏ ਤਾਂ ਫਿਰ ਕਿਹੜੇ ਤਰਕ ਨਾਲ ਅਜਿਹੇ ਬੋਰਡ ਲਗਾ ਕੇ ਪੰਜਾਬ ਦਾ ਹਰ ਕੋਨਾ ਭਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਕਿ ਬੋਰਡਾਂ ’ਤੇ ਇਹ ਲਿਖਣਾ ਸੀ ਕਿ ਕੱਚੇ ਮੁਲਾਜ਼ਮਾਂ ਵਾਲੀ ਫਾਇਲ ਰਾਜਪਾਲ ਨੂੰ ਭੇਜੀ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਸਿਰਫ਼ ਦੂਜੀ ਵਾਰ ਲਈ ਆਪਣੀ ਕੁਰਸੀ ਪੱਕੀ ਕਰਨ ਦੀ ਕੋਸ਼ਿਸ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਖੁਦ ਰਾਜਪਾਲ ਵੱਲੋਂ ਅੱਗੇ ਹੋ ਕੇ ਚੰਨੀ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਗਈ ਕਿ ਉਨ੍ਹਾਂ ਵੱਲੋਂ ਇਤਰਾਜ ਲਗਾਕੇ ਫਾਇਲ ਵਾਪਸ ਭੇਜੀ ਹੋਈ ਹੈ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਦੇ ਸਿਰਫ਼ ਤਿੰਨ ਚਾਰ ਦਿਨ ਹੀ ਬਾਕੀ ਹਨ ਅਤੇ ਇਸ ਤੋਂ ਬਾਅਦ ਲੋਕ ਇਨ੍ਹਾਂ ਦਾ ਬਿਸਤਰਾ ਗੋਲ ਕਰ ਦੇਣਗੇ। ਇੱਧਰ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਚੰਨੀ ਸਰਕਾਰ ਵੱਲੋਂ ਜੋ ਮੁਲਾਜ਼ਮਾਂ ਨਾਲ ਧੋਖਾ ਕੀਤਾ ਗਿਆ ਹੈ, ਉਹ ਸਭ ਦੇ ਸਾਹਮਣੇ ਆ ਗਿਆ ਹੈ।
ਜਿੰਨਾਂ ਬੋਰਡਾਂ ’ਤੇ ਖਰਚ ਕੀਤਾ, ਐਨੀ ਤਾਂ ਤਨਖਾਹ ਵੀ ਨਹੀਂ ਬਣਨੀ ਸੀ : ਮੋਮੀ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਵਰਿੰਦਰ ਮੋਮੀ ਦਾ ਕਹਿਣਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਬੋਰਡ ਲਾਉਣ ’ਤੇ ਜਿੰਨਾ ਪੈਸਾ ਸਰਕਾਰ ਨੇ ਖਰਚਿਆ ਹੈ, ਓਨੀਂ ਤਾਂ 36 ਹਜ਼ਾਰ ਮੁਲਾਜ਼ਮਾਂ ਦੀ ਤਨਖਾਹ ਵੀ ਨਹੀਂ ਬਣਨੀ ਸੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ ਸੀ, ਜੋ ਕਿ ਆਪਣੇ ਆਪ ਹੀ ਬਿੱਲੀ ਥੈਲਿਓ ਬਾਹਰ ਆ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਇਹ ਝੂਠ ਬੋਲਿਆ ਗਿਆ ਹੈ ਇਸ ਦਾ ਹਿਸਾਬ ਦੇਣ ਲਈ ਲੋਕ ਤਿਆਰ ਬੈਠੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ