ਰਾਏਕੋਟ (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼) ਪੰਜਾਬ ਦੇ ਨੌਜਵਾਨ ਚੰਗੇ ਭਵਿੱਖ ਦੀ ਲਾਲਸਾ ‘ਚ ਵਿਦੇਸ਼ਾਂ ‘ਚ ਜਾਣ ਲਈ ਆਪਣਾ ਸਭ ਕੁਝ ਦਾਅ ‘ਤੇ ਲਗਾਉਣ ਲਈ ਤੱਤਪਰ ਹਨ। ਇਸੇ ਲਾਲਸਾ ਕਾਰਨ ਕਈ ਨੌਜਵਾਨ ਆਪਣੇ ਮਾਪਿਆਂ ਦੀ ਖੂਨ ਪਸੀਨੇ ਦੀ ਕੀਤੀ ਕਮਾਈ ਅਖੌਤੀ ਏਜੰਟਾਂ ਨੂੰ ਲੁਟਵਾਕੇ ਬਰਬਾਦ ਵੀ ਹੋ ਰਹੇ ਹਨ। ਇਸ ਦੀ ਇੱਕ ਤਾਜ਼ਾ ਮਿਸਾਲ ਅੱਜ ਕਰੀਬੀ ਪਿੰਡ ਅੱਚਰਵਾਲ ਵਿਖੇ ਦੇਖਣ ਨੂੰ ਮਿਲੀ, ਜਿੱਥੇ ਇੱਕ ਅਖੌਤੀ ਟਰੈਵਲ ਏਜੰਟ ਦੀ ਲੁੱਟ ਦਾ ਸ਼ਿਕਾਰ ਹੋਏ ਦਰਜਨ ਦੇ ਕਰੀਬ ਨੌਜਵਾਨ ਇਸ ਪਿੰਡ ਦੇ ਹੀ ਆਪਣੇ ਇੱਕ ਸਾਥੀ ਦੇ ਘਰ ‘ਚ ਪਨਾਹ ਲਈ ਬੈਠੇ ਉਕਤ ਅਖੌਤੀ ਏਜੰਟ ਖਿਲਾਫ ਕਾਨੂੰਨੀ ਕਾਰਵਾਈ ਦੀ ਉਡੀਕ ਕਰ ਰਹੇ ਹਨ ਕਿਉਂਕਿ ਹੁਣ ਉਹ ਆਪਣੇ ਪਿੰਡ ਜਾਣ ‘ਚ ਨਮੋਸ਼ੀ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਦੀ ਸਾਰ ਲੈਣ ਲਈ ਪੁੱਜੇ ਹਲਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਤੇ ਪੱਤਰਕਾਰਾਂ ਨੂੰ ਆਪਣੀ ਹੱਡ ਬੀਤੀ ਸਣਾਉਂਦੇ ਹੋਏ ਪਿੰਡ ਅੱਚਰਵਾਲ ਦੇ ਵਸਨੀਕ ਤੇ ਅਖੌਤੀ ਏਜੰਟ ਦਾ ਸ਼ਿਕਾਰ ਬਣੇ ਸੁਖਚੈਨ ਸਿੰਘ ਤੇ ਉਸ ਦੇ ਘਰ ਪਨਾਹ ਲਈ ਬੈਠੇ ਉਸ ਦੇ ਹੋਰ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਰਤਗਾਲ ਭੇਜਣ ਲਈ ਪਿੰਡ ਤਰਖਾਣ ਮਾਜ਼ਰਾ ਜ਼ਿਲ੍ਹਾ ਪਟਿਆਲਾ ਦੇ ਇੱਕ ਏਜੰਟ ਲਖਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਨਾਲ 8-8 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ, ਜਿਸ ਵਿੱਚੋਂ ਉਸ ਨੇ 4 ਲੱਖ ਰੁਪਏ ਪਹਿਲਾਂ ਲੈ ਲਏ ਤੇ ਬਾਕੀ ਪੈਸੇ ਪੁਰਤਗਾਲ ਪਹੁੰਚਣ ‘ਤੇ ਲੈਣ ਦੀ ਗੱਲ ਕੀਤੀ। ਪੁਰਤਗਾਲ ਲੈ ਕੇ ਜਾਣ ਲਈ ਉਸ ਨੇ ਇਨ੍ਹਾਂ ਨੌਜਵਾਨਾਂ ਦਾ ਅਰਮਾਨੀਆਂ ਦਾ ਐਂਟਰੀ ਵੀਜ਼ਾ ਲਗਵਾ ਕੇ ਸਾਰਿਆਂ ਨੂੰ ਅਰਮੀਨੀਆਂ ‘ਚ ਇਕੱਠੇ ਕਰ ਲਿਆ।
ਇਸ ਦੌਰਾਨ ਉਸ ਨੇ ਉਨ੍ਹਾਂ ਕੋਲੋਂ ਬਾਕੀ ਰਹਿੰਦੇ ਵੀ 4 ਲੱਖ ਦੀ ਰਕਮ ਵੀ ਡਾਲਰਾਂ ਦੇ ਰੂਪ ‘ਚ ਲੈ ਲਈ ਤੇ ਉਨ੍ਹਾਂ ਸਾਰਿਆਂ ਨੂੰ ਜਲਦੀ ਹੀ ਪੁਰਤਗਾਲ ਭੇਜਣ ਦੇ ਲਾਰੇ ਲਗਾਉਣ ਲੱਗ ਪਿਆ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਏਜੰਟ ਉਨ੍ਹਾਂ ਸਮੇਤ ਲਗਭਗ 35 ਦੇ ਕਰੀਬ ਨੌਜਵਾਨਾਂ, ਜਿਨ੍ਹਾਂ ਵਿੱਚ 32 ਲੜਕੇ ਤੇ 3 ਲੜਕੀਆਂ ਸ਼ਾਮਲ ਸਨ ਨੂੰ ਅਰਮੀਨੀਆਂ ਵਿੱਚ ਤਿੰਨ ਜਾਂ ਚਾਰ ਦੇ ਗਰੁੱਪਾਂ ‘ਚ ਵੰਡ ਕੇ ਵੱਖ-ਵੱਖ ਮਕਾਨਾਂ ਵਿੱਚ ਰੱਖਿਆ ਹੋਇਆ ਸੀ। ਏਜੰਟ ਉਨ੍ਹਾਂ ਨੂੰ ਜਲਦੀ ਹੀ ਬਾਰਡਰ ਟੱਪ ਕੇ ਪੁਰਤਗਾਲ ਭੇਜਣ ਦਾ ਭਰੋਸਾ ਦੇ ਰਿਹਾ ਸੀ। ਜਦ ਕਾਫੀ ਦੇਰ ਤੱਕ ਉਹ ਉਨ੍ਹਾਂ ਨੂੰ ਪੁਰਤਗਾਲ ਭੇਜਣ ‘ਚ ਨਾਕਾਮ ਰਿਹਾ ਤਾਂ ਉਸ ਨੇ ਕਿਹਾ ਕਿ ਉਹ ਭਾਰਤ ਵਾਪਸ ਜਾ ਕੇ ਉਨ੍ਹਾਂ ਨੂੰ ਦਿੱਤੇ ਹੋਏ ਪੈਸੇ ਵਾਪਸ ਕਰ ਦੇਵੇਗਾ। ਆਪਣੇ ਘਰਦਿਆਂ ਤੋਂ ਇੱਕ ਵਾਰ ਫੇਰ ਖਰਚਾ ਮੰਗਵਾਕੇ ਉਕਤ ਏਜੰਟ ਨਾਲ ਇਹ ਸਾਰੇ ਨੌਜਵਾਨ ਭਾਰਤ ਵਾਪਸ ਆਏ ਤੇ ਏਜੰਟ ਲਖਵਿੰਦਰ ਸਿੰਘ ਨੇ ਆਪਣੇ ਪਿੰਡ ਦੀ ਪੰਚਾਇਤ ਦੀ ਹਾਜ਼ਰੀ ‘ਚ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ।
ਪੰ੍ਰਤੂ 27 ਨਵੰਬਰ ਵਾਲੇ ਦਿਨ ਉਕਤ ਏਜੰਟ ਨੇੜਲੇ ਪਿੰਡ ਅੱਚਰਵਾਲ ਆਇਆ ਤੇ ਰਾਤ ਨੂੰ ਪੀੜਤ ਨੌਜਵਾਨਾਂ ਦੇ ਦੋ ਮੋਬਾਇਲ ਲੈ ਕੇ ਫਰਾਰ ਹੋ ਗਿਆ, ਜਿਸ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਾ। ਪੀੜਤ ਨੌਜਵਾਨਾਂ ਕੋਲੋਂ ਘਟਨਾ ਦੀ ਸਾਰੀ ਜਾਣਕਾਰੀ ਹਾਸਲ ਕਰਨ ਉਪਰੰਤ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੇ ਪੀੜਤਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਇਨਸਾਫ ਜਰੂਰ ਦਿਵਾਉਣਗੇ, ਇਸ ਲਈ ਉਹ ਕੱਲ੍ਹ ਹੀ ਉਕਤ ਨੌਜਵਾਨਾਂ ਦੀ ਮੁਲਾਕਾਤ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਕਰਵਾ ਰਹੇ ਹਨ, ਜਿਸ ਤੋਂ ਬਾਅਦ ਉਕਤ ਟਰੈਵਲ ਏਜੰਟ ਨੂੰ ਸਜ਼ਾ ਦਿਵਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧੀ ਜਦ ਡੀਐੱਸਪੀ ਰਾਏਕੋਟ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਅੱਚਰਵਾਲ ਦੇ ਪੀੜਤ ਨੌਜਵਾਨ ਸੁਖਚੈਨ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਹਠੂਰ ਵਿਖੇ ਉਕਤ ਟ੍ਰੈਵਲ ਏਜੰਟ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।