
Sirsa News: ਕੈਂਪ ’ਚ 15,465 ਦੀ ਜਾਂਚ, 480 ਦੇ ਸਫਲ ਆਪ੍ਰੇਸ਼ਨ, 3569 ਨੂੰ ਐਨਕਾਂ ਅਤੇ 9889 ਨੂੰ ਮੁਫ਼ਤ ’ਚ ਮਿਲੀਆਂ ਦਵਾਈਆਂ
- ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਮੇਤ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੇ ਸੰਸਥਾਨਾਂ ਤੋਂ ਆਏ 129 ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ
Sirsa News: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਜਦੋਂ ਹਨ੍ਹੇਰੇ ’ਚ ਡੁੱਬੀਆਂ ਅੱਖਾਂ ਨੂੰ ਫਿਰ ਦੇਖਣ ਦੀ ਉਮੀਦ ਮਿਲਦੀ ਹੈ ਤਾਂ ਉਹ ਸਿਰਫ਼ ਇਲਾਜ ਨਹੀਂ , ਸਗੋਂ ਇੱਕ ਨਵਾਂ ਜੀਵਨ ਹੁੰਦਾ ਹੈ। ਜੀ ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ, ਸਰਸਾ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਯਾਦ ’ਚ ਲਾਇਆ ਗਿਆ 34ਵਾਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਸੈਂਕੜੇ ਅੱਖਾਂ ਦੇ ਰੋਗਾਂ ਦੇ ਮਰੀਜ਼ਾਂ ਲਈ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਇਆ।
Read Also : ਉਮਰ ਭਰ ਸੇਵਾ ਕਰ ਸਰੀਰਦਾਨ ਦੀ ਮਹਾਨ ਸੇਵਾ ਵੀ ਖੱਟ ਗਏ ਮਦਨ ਲਾਲ ਇੰਸਾਂ
ਇਸ ਕੈਂਪ ਨੇ ਉਨ੍ਹਾਂ ਚਿਹਰਿਆਂ ’ਤੇ ਮੁਸਕਰਾਹਟ ਵਾਪਸ ਲਿਆਂਦੀ, ਜੋ ਵਰਿ੍ਹਆਂ ਤੋਂ ਅੱਖਾਂ ਦੀ ਰੌਸ਼ਨੀ ਗੁਆਉਣ ਦਾ ਦਰਦ ਝੱਲ ਰਹੇ ਸਨ। ਇਸ ਮੈਗਾ ਆਈ ਕੈਂਪ ਦੇ ਤਹਿਤ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ, ਸਰਸਾ ’ਚ 12 ਦਸੰਬਰ ਤੋਂ 15 ਦਸੰਬਰ ਤੱਕ ਚੱਲੀ ਜਾਂਚ ਪ੍ਰਕਿਰਿਆ ਦੌਰਾਨ 15,465 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਦੋਂਕਿ 19 ਦਸੰਬਰ ਤੱਕ ਕੁੱਲ 480 ਮਰੀਜ਼ਾਂ ਦੇ ਚਿੱਟੇ ਅਤੇ ਕਾਲੇ ਮੋਤੀਆ ਦੇ ਸਫਲ ਆਪ੍ਰੇਸ਼ਨ ਕੀਤੇ ਗਏ। ਕੈਂਪ ਦੌਰਾਨ 1,453 ਪੁਰਸ਼ ਤੇ 2,116 ਮਹਿਲਾ ਮਰੀਜ਼ਾਂ ਨੂੰ ਮੁਫ਼ਤ ਐਨਕਾਂ, ਜਦੋਂਕਿ 4,871 ਪੁਰਸ਼ ਤੇ 5,018 ਮਹਿਲਾ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।
ਆਪ੍ਰੇਸ਼ਨ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰਕੇ ਉਨ੍ਹਾਂ ਦੇ ਘਰ ਭੇਜ ਦਿੱਤਾ ਗਿਆ। ਨਾਲ ਹੀ ਹਰ ਮਰੀਜ਼ ਨੂੰ ਅੱਖਾਂ ਦੀ ਸਹੀਂ ਦੇਖ-ਭਾਲ ਸਬੰਧੀ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਗਈਆਂ। ਇਸ ਕੈਂਪ ’ਚ ਦੇਸ਼ ਦੇ ਵੱਖ-ਵੱਖ ਮੈਡੀਕਲ ਕਾਲਜਾਂ ਤੇ ਸੰਸਥਾਵਾਂ ਤੋਂ ਆਏ 129 ਮਾਹਿਰ ਡਾਕਟਰਾਂ (80 ਪੁਰਸ਼ ਤੇ 49 ਮਹਿਲਾ) ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਡਾਕਟਰਾਂ ਨੇ ਕੈਂਪ ’ਚ ਮੁਹੱਈਆ ਅਤਿ-ਆਧੁਨਿਕ ਸਹੂਲਤਾਂ ਅਤੇ ਸ਼ਾਨਦਾਰ ਪ੍ਰਬੰਧਨ ਦੀ ਸ਼ਲਾਘਾ ਕੀਤੀ। ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਐੱਮਓ ਡਾ. ਗੌਰਵ ਅਗਰਵਾਲ ਇੰਸਾਂ ਨੇ ਦੱਸਿਆ ਕਿ 34ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦੇ ਤਹਿਤ ਆਪ੍ਰੇਸ਼ਨ ਕਾਰਜ ਸਫਲਤਾਪੂਰਵਕ ਖਤਮ ਹੋ ਚੁੱਕਿਆ ਹੈ ਅਤੇ ਸੈਂਕੜੇ ਮਰੀਜ਼ਾਂ ਨੂੰ ਨਵੀਂ ਰੌਸ਼ਨੀ ਮਿਲੀ ਹੈ।
Sirsa News
ਕੈਂਪ ਨੂੰ ਸਫ਼ਲ ਬਣਾਉਣ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਹਜ਼ਾਰਾਂ ਮਹਿਲਾ ਤੇ ਪੁਰਸ਼ ਸੇਵਾਦਾਰਾਂ ਨੇ ਦਿਨ-ਰਾਤ ਨਿਸਵਾਰਥ ਸੇਵਾ ਕੀਤੀ। ਉੱਥੇ ਹੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਤੇ ਹੋਰ ਸਹਿਯੋਗੀ ਮੁਲਾਜ਼ਮਾਂ ਨੇ ਹਰ ਰੋਜ਼ 12 ਤੋਂ 15 ਘੰਟੇ ਸੇਵਾ ਦੇ ਕੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਕੈਂਪ ’ਚ ਪਹੁੰਚੇ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਬੰਧਾਂ ਅਤੇ ਸੇਵਾਦਾਰਾਂ ਦੀ ਸੇਵਾ ਭਾਵਨਾ ਦੀ ਖੂਬ ਸ਼ਲਾਘਾ ਕੀਤੀ। ਸਾਰਿਆਂ ਨੇ ਇੱਕ ਹੀ ਗੱਲ ਆਖੀ ਕਿ ਡੇਰਾ ਸੱਚਾ ਸੌਦਾ ਦੀ ਸੇਵਾ ਭਾਵਨਾ ਵਿਲੱਖਣ ਤੇ ਪ੍ਰੇਰਨਾਦਾਇਕ ਹੈ।
ਆਈ ਕੈਂਪ ’ਚ ਸੇਵਾ ਦਾ ਅਨੁਭਵ ਹਰ ਵਾਰ ਯਾਦਗਾਰ ਹੁੰਦਾ ਹੈ : ਡਾ. ਮੋਨਿਕਾ ਗਰਗ ਇੰਸਾਂ
34ਵੇਂ ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੀ ਸੀਨੀਅਰ ਅੱਖਾਂ ਦੇ ਰੋਗਾਂ ਦੀ ਮਾਹਿਰ ਡਾ. ਮੋਨਿਕਾ ਗਰਗ ਇੰਸਾਂ ਨੇ ਆਪਣੀਆਂ ਵਧੀਆ ਸੇਵਾਵਾਂ ਦਿੱਤੀਆਂ। ‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ’ਚ ਡਾ. ਮੋਨਿਕਾ ਗਰਗ ਇੰਸਾਂ ਨੇ ਦੱਸਿਆ ਕਿ ਉਹ ਪਿਛਲੇ 24 ਵਰਿ੍ਹਆਂ ਤੋਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਸੇਵਾਵਾਂ ਦੇ ਰਹੀ ਹੈ ਅਤੇ ਡੇਰਾ ਸੱਚਾ ਸੌਦਾ ਵੱਲੋਂ ਲਾਏ ਜਾ ਰਹੇ ਅੱਖਾਂ ਦੀ ਜਾਂਚ ਕੈਂਪਾਂ ਨਾਲ ਲੰਮੇ ਸਮੇਂ ਤੋਂ ਜੁੜੀ ਹੋਈ ਹੈ।
ਹਰ ਸਾਲ ਇਹ ਕੈਂਪ ਉਨ੍ਹਾਂ ਲਈ ਵਿਲੱਖਣ ਤਜ਼ਰਬਾ ਲੈ ਕੇ ਆਉਂਦਾ ਹੈ। ਡਾ. ਮੋਨਿਕਾ ਗਰਗ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦਾ ਇਹ ਸੰਦੇਸ਼ ਕਿ ਡਾਕਟਰੀ ਅਜਿਹਾ ਪੇਸ਼ਾ ਹੈ, ਜਿਸ ’ਚ ਮਾਨਵਤਾ ਦੀ ਸਭ ਤੋਂ ਵੱਧ ਸੇਵਾ ਕੀਤੀ ਜਾ ਸਕਦੀ ਹੈ, ਇੱਥੇ ਪੂਰੀ ਤਰ੍ਹਾਂ ਸਾਕਾਰ ਹੁੰਦਾ ਦਿਖਾਈ ਦਿੰਦਾ ਹੈ। ਪੂਜਨੀਕ ਗੁਰੂ ਜੀ ਨੇ ਹੀ ਸਾਡੇ ਅੰਦਰ ਮਾਨਵਤਾ ਦੀ ਸੇਵਾ ਦੀ ਭਾਵਨਾ ਭਰੀ ਹੈ।
ਡਾ. ਮੋਨਿਕਾ ਗਰਗ ਇੰਸਾਂ ਨੇ ਅੱਗੇ ਅੱਖਾਂ ਦੇ ਰੋਗਾਂ ਤੋਂ ਬਚਾਅ ਸਬੰਧੀ ਕਿਹਾ ਕਿ ਬੱਚਿਆਂ ’ਚ ਵਧਦੇ ਰੇਟੀਨਾ ਤੇ ਨਜ਼ਰ ਸਬੰਧੀ ਰੋਗਾਂ ਦਾ ਮੁੱਖ ਕਾਰਨ ਇੰਡੋਰ ਗਤੀਵਿਧੀਆਂ ’ਚ ਵਾਧਾ ਅਤੇ ਮੋਬਾਇਲ ਤੇ ਸਕਰੀਨ ਦੀ ਜ਼ਿਆਦਾ ਵਰਤੋਂ ਹੈ। ਉਨ੍ਹਾਂ ਦੱਸਿਆ ਕਿ ਚਿੱਟਾ ਮੋਤੀਆ ਆਮ ਉਮਰ ਦੇ ਨਾਲ ਹੁੰਦਾ ਹੈ, ਪਰ ਧੁੱਪ ’ਚ ਕੰਮ ਕਰਦੇ ਸਮੇਂ ਸਨਗਲਾਸ ਦੀ ਵਰਤੋਂ, ਸ਼ੂਗਰ ਨੂੰ ਕੰਟਰੋਲ ਰੱਖਣ ਅਤੇ ਅੱਖਾਂ ਦੀ ਐਲਰਜ਼ੀ ’ਚ ਬਿਨਾ ਡਾਕਟਰੀ ਸਲਾਹ ਦੇ ਸਟੇਰਾਇਡ ਦਵਾਈਆਂ ਨਾ ਲੈ ਕੇ ਇਸ ਤੋਂ ਬਚਾਅ ਸੰਭਵ ਹੈ।













