ਚੰਡੀਗੜ੍ਹ-ਮਨਾਲੀ ਰੋੜ 22 ਘੰਟਿਆਂ ਬਾਅਦ ਹੋਇਆ ਬਹਾਲ
ਸ਼ਿਮਲਾ (ਸੱਚ ਕਹੂੰ ਨਿਊਜ਼)। ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਨੇ ਆਪਣੀ ਐਂਟਰੀ ਨਾਲ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜ਼ਮੀਨ ਖਿਸਕਣ ਕਾਰਨ 2 ਨੈਸ਼ਨਲ ਹਾਈਵੇਅ ਸਮੇਤ 301 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਚੰਡੀਗੜ੍ਹ-ਮਨਾਲੀ N8-21 ਨੂੰ ਸੱਤ ਮੀਲ ਅਤੇ ਚਾਰ ਮੀਲ ਨੇੜੇ ਕਰੀਬ 22 ਘੰਟਿਆਂ ਬਾਅਦ ਬਹਾਲ ਕਰ ਦਿੱਤਾ ਗਿਆ ਹੈ। ਹਾਈਵੇਅ ਬੰਦ ਹੋਣ ਕਾਰਨ ਮੰਡੀ, ਪੰਡੋਹ ਅਤੇ ਨਾਗਚਲਾ ਵਿੱਚ ਲੰਮਾ ਜਾਮ ਲੱਗ ਗਿਆ। ਇਸ ਵਿੱਚ ਦਰਜਨਾਂ ਬੱਸਾਂ ਸਮੇਤ ਸੈਂਕੜੇ ਵਾਹਨ ਜਾਮ ਵਿੱਚ ਫਸ ਗਏ। ਇਸ ਕਾਰਨ ਐਤਵਾਰ ਰਾਤ ਤੋਂ ਹੀ ਹਜ਼ਾਰਾਂ ਲੋਕ ਵਾਹਨਾਂ ਵਿੱਚ ਭੁੱਖੇ-ਪਿਆਸੇ ਬੈਠੇ ਰਹੇ। ਲੋਕਾਂ ਨੂੰ ਦਿਨ ਵੇਲੇ ਵੀ ਖਾਣਾ ਨਹੀਂ ਮਿਲਿਆ। ਲਗਾਤਾਰ ਪੈ ਰਹੇ ਮੀਂਹ ਕਾਰਨ ਸੜਕਾਂ ਦੀ ਮੁਰੰਮਤ ਵਿੱਚ ਰੁਕਾਵਟ ਆਈ।
ਇਹ ਵੀ ਪੜ੍ਹੋ : ਪਰਲਜ ਗਰੁੱਪ ’ਤੇ ਵਿਜੀਲੈਂਸ ਦੀ ਇੱਕ ਹੋਰ ਕਾਰਵਾਈ
ਇਸੇ ਤਰ੍ਹਾਂ ਥੀਓਗ ਵਿੱਚ N8-5 ਨੂੰ ਵੀ 9 ਦਿਨਾਂ ਬਾਅਦ ਬਹਾਲ ਕਰ ਦਿੱਤਾ ਗਿਆ ਹੈ। N8-5 ਬੰਦ ਹੋਣ ਕਾਰਨ ਨਰਕੰਡਾ, ਚੰਸ਼ਾਲ, ਹਟੂ ਪੀਕ ਅਤੇ ਕਿਨੌਰ ਜਾਣ ਵਾਲੇ ਸੈਲਾਨੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਸੈਲਾਨੀਆਂ ਦੇ ਨਾਲ-ਨਾਲ ਅੱਪਰ ਸ਼ਿਮਲਾ, ਕਿਨੌਰ ਅਤੇ ਕੁੱਲੂ ਜ਼ਿਲ੍ਹਿਆਂ ਦੇ ਲੋਕ ਵੀ ਰੋਜ਼ਾਨਾ ਪਰੇਸ਼ਾਨ ਹੋ ਰਹੇ ਸਨ। ਇਸ ਐਨਐਚ ਦੀ ਬਹਾਲੀ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।
ਭਾਰੀ ਮੀਂਹ ਕਾਰਨ 13 ਵਾਹਨ ਰੁੜ੍ਹੇ, ਸਕੂਲ ਤੇ ਘਰਾਂ ਨੂੰ ਨੁਕਸਾਨ | Weather Update
ਪਿਛਲੇ 24 ਘੰਟਿਆਂ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਭਾਰੀ ਮੀਂਹ ਨੇ ਇੱਕ ਪੱਕਾ ਮਕਾਨ, 13 ਵਾਹਨ ਅਤੇ ਇੱਕ ਸਕੂਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਹੜ੍ਹ ਵਿੱਚ ਰੁੜ੍ਹ ਜਾਣ ਕਾਰਨ ਪੰਜ ਬੱਕਰੀਆਂ ਦੀ ਮੌਤ ਹੋ ਗਈ ਹੈ ਅਤੇ 16 ਲਾਪਤਾ ਹਨ। ਮੀਂਹ ਕਾਰਨ 2.56 ਕਰੋੜ ਰੁਪਏ ਦੀ ਸਰਕਾਰੀ ਤੇ ਗੈਰ-ਸਰਕਾਰੀ ਜਾਇਦਾਦ ਤਬਾਹ ਹੋ ਗਈ ਹੈ। ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਸੂਬੇ ਦੀਆਂ 301 ਬੰਦ ਪਈਆਂ ਸੜਕਾਂ ਨੂੰ ਬਹਾਲ ਕਰਨ ਲਈ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਇਸ ਦੇ ਲਈ 390 ਮਸ਼ੀਨਾਂ ਲਗਾਈਆਂ ਗਈਆਂ ਹਨ। ਮੀਂਹ ਕਾਰਨ ਦੋ ਦਿਨਾਂ ਦੌਰਾਨ 27.50 ਕਰੋੜ ਦਾ ਨੁਕਸਾਨ ਹੋਇਆ ਹੈ।
ਅਗਲੇ 5 ਦਿਨਾਂ ਤੱਕ ਅਲਰਟ | Weather Update
ਮੌਸਮ ਵਿਭਾਗ ਮੁਤਾਬਕ ਅਗਲੇ ਪੰਜ ਦਿਨਾਂ ਤੱਕ ਸੂਬੇ ਦੇ ਲੋਕਾਂ ਨੂੰ ਮੀਂਹ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਸੂਬੇ ਵਿੱਚ ਭਲਕੇ ਅਤੇ ਪਰਸੋਂ ਲਈ ਔਰੇਂਜ ਅਲਰਟ ਅਤੇ 28 ਤੋਂ 30 ਜੂਨ ਤੱਕ ਯੈਲੋ ਅਲਰਟ ਦਿੱਤਾ ਗਿਆ ਹੈ। ਇਸ ਦੌਰਾਨ ਕੁਝ ਥਾਵਾਂ ’ਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਵੀ ਦੇਖਣ ਨੂੰ ਮਿਲ ਸਕਦੀਆਂ ਹਨ।