ਲੱਧਾਹੇੜੀ ਪੰਚਾਇਤ ਦੇ 3 ਮੈਂਬਰਾਂ ਵੱਲੋਂ ਪ੍ਰਬੰਧਕ ਲਾਉਣ ਦੀ ਮੰਗ

ਸਰਪੰਚ ’ਤੇ ਲਾਇਆ ਪਿੰਡ ਦੇ ਵਿਕਾਸ ਨਾ ਕਰਨ ਦਾ ਦੋਸ਼

ਨਾਭਾ, (ਤਰੁਣ ਕੁਮਾਰ ਸ਼ਰਮਾ)। ਹਲਕੇ ਦੇ ਪਿੰਡ ਲੱਧਾਹੇੜੀ ਦੀ ਪੰਚਾਇਤ ਦੋ ਫਾੜ ਹੋ ਗਈ ਹੈ। ਇੱਕ ਪਾਸੇ ਕਾਂਗਰਸੀ ਸਰਪੰਚ ਅਤੇ 02 ਅਕਾਲੀਆਂ ਸਣੇ 03 ਮੈਂਬਰ ਹਨ ਜਦਕਿ ਦੂਜੇ ਪਾਸੇ ਦਿਲਪ੍ਰੀਤ ਸਿੰਘ ਪੁੱਤਰ ਹਰਦਿਆਲ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਕਰਨੈਲ ਕੌਰ ਪਤਨੀ ਨਾਹਰ ਸਿੰਘ ਨਾਮੀ ਮਹਿਲਾ ਪੰਚਾਇਤ ਮੈਂਬਰ ਸਮੇਤ ਬਾਕੀ 03 ਪੰਚਾਇਤ ਮੈਂਬਰ ਖਿਲਾਫ ਹੋ ਗਏ ਹਨ। ਦੱਸਣਯੋਗ ਹੈ ਕਿ ਲੱਧਾਹੇੜੀ ਪਿੰਡ ਦੀ ਪੰਚਾਇਤ ’ਤੇ ਸੱਤਾਧਾਰੀ ਕਾਂਗਰਸ ਕਾਬਜ ਹੈ। ਕੁੱਲ 05 ਮੈਂਬਰਾਂ ’ਚੋਂ 02 ਅਕਾਲੀ ਅਤੇ 03 ਕਾਂਗਰਸੀ ਪੰਚਾਇਤ ਮੈਂਬਰ ਹਨ। ਖਿਲਾਫ ਹੋਏ ਬਾਕੀ 03 ਕਾਂਗਰਸੀ ਪੰਚਾਇਤ ਮੈਂਬਰਾਂ ਨੇ ਸਰਪੰਚ ’ਤੇ ਪਿੰਡ ਦੇ ਵਿਕਾਸ ਕਾਰਜ ਨਾ ਕਰਨ ਦਾ ਦੋਸ਼ ਲਾਉਂਦਿਆਂ ਪ੍ਰਬੰਧਕ ਲਾਉਣ ਦੀ ਮੰਗ ਕਰ ਦਿੱਤੀ ਹੈ।

ਦਿਲਪ੍ਰੀਤ ਸਿੰਘ ਪੁੱਤਰ ਹਰਦਿਆਲ ਸਿੰਘ, ਹਰਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਕਰਨੈਲ ਕੌਰ ਪਤਨੀ ਨਾਹਰ ਸਿੰਘ ਨਾਮੀ ਮਹਿਲਾ ਪੰਚਾਇਤ ਮੈਂਬਰ ਸਮੇਤ 03 ਪੰਚਾਇਤਾਂ ਮੈਂਬਰਾਂ ਦੇ ਦਿੱਤੇ ਸਾਂਝੇ ਹਲਫੀਆ ਬਿਆਨ ਅਨੁਸਾਰ ਪਿੰਡ ਲੱਧਾਹੇੜੀ ਦਾ ਸਰਪੰਚ ਵਿਰੋਧੀ ਧਿਰ ਦੇ ਦਬਾਅ ਵਿੱਚ ਆ ਕੇ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ। ਪਿੰਡ ਦਾ ਵਿਕਾਸ ਹਾਸ਼ੀਏ ’ਤੇ ਪੁੱਜ ਗਿਆ ਹੈ ਅਤੇ ਪਿੰਡ ਵਾਸੀ ਖੁਦ ਨੂੰ ਠੱਗੇ ਜਿਹੇ ਮਹਿਸੂਸ ਕਰ ਰਹੇ ਹਨ। ਪਿੰਡ ਦੇ ਕਈ ਵਿਕਾਸ ਕਾਰਜ ਲੰਬਿਤ ਪਏ ਹਨ।

ਪੰਚਾਇਤ ਦਾ ਕੋਰਮ ਪੂਰਾ ਨਹੀਂ ਹੈ। ਲਿਖਤੀ ਕਾਰਵਾਈ ਲਈ ਪਾਏ ਮਤਿਆਂ ਵਿੱਚ ਸਾਡੀ ਕੋਈ ਸਹਿਮਤੀ ਨਹੀਂ ਹੈ। ਉਨ੍ਹਾਂ ਪਿੰਡ ਦੇ ਵਿਕਾਸ ’ਚ ਆਈ ਖੜੋਤ ਦੇ ਚੱਲਦਿਆਂ ਬਲਾਕ ਦੇ ਬੀਡੀਪੀਓ ਅਤੇ ਜਿਲ੍ਹਾ ਅਧਿਕਾਰੀਆਂ ਨੂੰ ਭੇਜੇ ਪੱਤਰ ’ਚ ਪੰਚਾਇਤ ਕੋਲ ਪੂਰਾ ਕੋਰਮ ਨਾ ਹੋਣ ਸਦਕਾ ਪ੍ਰਬੰਧਕ ਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਲੱਧਾਹੇੜੀ ਪੰਚਾਇਤ ਦਾ ਬੈਂਕ ਖਾਤਾ ਵੀ ਸੀਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਪੰਚਾਇਤ ਮੈਂਬਰਾਂ ਦੀ ਸਹਿਮਤੀ ਤੋਂ ਬਿਨ੍ਹਾਂ ਕੋਈ ਲੈਣ ਦੇਣ ਨਾ ਕੀਤਾ ਜਾ ਸਕੇ।

ਇਸ ਸਬੰਧੀ ਸਰਪੰਚ ਮਨਜਿੰਦਰ ਸਿੰਘ ਜਿੰਦਰੀ ਨੇ ਕਿਹਾ ਕਿ ‘ਮੇਰਾ ਕੋਰਮ ਪੂਰਾ ਹੈ। ਮੈਂ ਪਿੰਡ ਦਾ ਵਿਕਾਸ ਕਰ ਰਿਹਾ ਹਾਂ। ਖਿਲਾਫ ਹੋਏ 01 ਪੰਚਾਇਤ ਮੈਂਬਰ ਅਤੇ ਉਸ ਦੇ ਪਰਿਵਾਰ ਖਿਲਾਫ ਝੂਠੀ ਅੰਗਹੀਣ ਪੈਨਸ਼ਨ ਸੰਬੰਧੀ ਮੈਂ ਉਚ ਅਧਿਕਾਰੀਆਂ ਨੂੰ ਲਿਖਿਆ ਹੈ ਜਿਸ ਕਾਰਨ ਇਹ ਮੇਰੇ ਖਿਲਾਫ ਸਰਗਰਮ ਹੋਏ ਪਏ ਹਨ।’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.